ਸਰਦਾਰ ਪਰਕਾਸ਼ ਸਿੰਘ ਬਾਦਲ 2007 ਤੋਂ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਇਸ ਤੋਂ ਪਹਿਲਾਂ ਉਹ 1970 ਤੋਂ 1971, 1977 ਤੋਂ 1980 ਅਤੇ 1997 ਤੋਂ 2002 ਤੱਕ ਮੁੱਖ ਮੰਤਰੀ ਰਹਿ ਚੁੱਕੇ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹਨ। ਉਹਨਾਂ ਲੇ 1995 ਤੋਂ 2008 ਤੱਕ ਪਾਰਟੀ ਦੀ ਅਗਵਾਈ ਕੀਤੀ। ਭਾਰਤ ਸਰਕਾਰ ਨੇ ਉਹਨਾਂ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ 2015 ਵਿਚ ਨਿਵਾਜਿਆ ਸੀ।
ਸ: ਪ੍ਰਕਾਸ਼ ਸਿੰਘ ਬਾਦਲ ਨੇ 95 ਸਾਲ ਦੀ ਉਮਰ ਵਿੱਚ 25 ਅਪ੍ਰੈਲ 2023 ਨੂੰ ਮੋਹਾਲੀ, ਪੰਜਾਬ ਦੇ ਫੋਰਟਿਸ ਹਸਪਤਾਲ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਆਖਰੀ ਸਾਹ ਲਿਆ।
8 ਦਸੰਬਰ 1927 ਨੂੰ ਪਿੰਡ ਅਬੁਲ ਖੁਰਾਣਾ ਨੇੜੇ ਮਲੌਟ ਵਿਖੇ ਜਨਮੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਫੋਰਮੈਨ ਕ੍ਰਿਸ਼ਚਨ ਕਾਲਜ ਲਾਹੌਰ ਤੋਂ ਗਰੈਜੂਏਸ਼ਨ ਕੀਤੀ। ਸਾਲ 1970 ਵਿਚ ਉਹ ਕਿਸੇ ਵੀ ਭਾਰਤੀ ਰਾਜ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ।
ਸਰਦਾਰ ਬਾਦਲ ਪਹਿਲੀ ਵਾਰ 1957 ਵਿਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਹ ਹੁਣ ਤੱਕ 10 ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ। 1969 ਵਿਚ ਉਹ ਮੁੜ ਵਿਧਾਨ ਸਭਾ ਲਈ ਚੁਣੇ ਗਏ ਤੇ ਪੰਜਾਬ ਦੇ ਮੁੱਖ ਮੰਤਰੀ ਬਣੇ।
ਉਹਨਾਂ ਨੇ ਦੇਸ਼ ਵਾਸਤੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਸ਼ਾਂਤੀ ਤੇ ਪ੍ਰਭੂਸੱਤਾ ਦੀ ਲੜਾਈ ਲੜੀ। ਸਤਰਵਿਆਂ ਵਿਚ ਐਮਰੰਜਸੀ ਦੇ ਦੌਰਾਨ ਉਹ ਬਹੁ ਚਰਚਿਤ ਮੀਸਾ ਐਕਟ (ਅੰਦਰੂਨੀ ਸੁਰੱਖਿਆ ਰੱਖ ਰੱਖਾਅ ਦੇ ਐਕਟ) ਤਹਿਤ ਹੋਰ ਰਾਜਨੀਤੀਵਾਨਾਂ ਦੇ ਨਾਲ ਜੇਲ• ਵੀ ਗਏ ਤੇ ਅਕਾਲੀ ਲਹਿਰ ਦੌਰਾਨ ਪੰਜਾਬ ਦੇ ਲੋਕਾਂ ਦੀ ਬੇਹਤਰੀ ਵਾਸਤੇ ਕਈ ਸਾਲ ਜੇਲ• ਦੀਆਂ ਸਲਾਖਾਂ ਪਿੱਛੇ ਗੁਜਾਰੇ।
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ 11 ਦਸੰਬਰ 2011 ਨੂੰ ਪੰਥ ਰਤਨ ਫਖ਼ਰ ਏ ਕੌਮ ਦੇ ਸਨਮਾਨ ਨਾਲ ਨਿਵਾਜਿਆ ਗਿਆ। ਸਰਦਾਰ ਬਾਦਲ ਨੂੰ ਇਹ ਸਨਮਾਨ ਉਹਨਾਂ ਵੱਲੋਂ ਸਿੱਖ ਧਰਮ ਨਾਲ ਸਬੰਧਤ ਕਈ ਵਿਰਾਸਤੀ ਯਾਦਗਾਰਾਂ ਜਿਹਨਾਂ ਵਿਚ ਵਿਰਾਸਤ ਏ ਖਾਲਸਾ ਆਦਿ ਸ਼ਾਮਲ ਹਨ ਦੀ ਸਿਰਜਣਾ ਕਰ ਕੇ ਸਿੱਖ ਪੰਥ ਲਈ ਕੀਤੀ ਸੇਵਾ ਤੇ ਅਕਾਲੀ ਲਹਿਰਾਂ ਦੌਰਾਨ ਲੰਬਾ ਸਮਾਂ ਜੇਲ•ਾਂ ਵਿਚ ਗੁਜਾਰਨ ਤੇ ਤਸ਼ੱਦਦ ਝੱਲਣ ਬਦਲੇ ਪ੍ਰਦਾਨ ਕੀਤਾ ਗਿਆ।