ਕਿਹਾ ਕਿ ਇਤਿਹਾਸ ਦੀ ਬੇਅਦਬੀ ਵਾਲੀਆਂ ਕਿਤਾਬਾਂ ਤਿਆਰ ਕਰਨ ਅਤੇ ਵੰਡਣ ਵਾਲਿਆਂ ਖ਼ਿਲਾਫ ਮੁੱਖ ਮੰਤਰੀ ਵੱਲੋਂ ਕਾਰਵਾਈ ਤੋਂ ਇਨਕਾਰ ਕਰਨਾ ਸੰਕੇਤ ਦਿੰਦਾ ਹੈ ਕਿ ਸਿੱਖੀ ਉੱਤੇ ਹਮਲਾ ਕਰਨ ਲਈ ਇੱਕ ਡੂੰਘੀ ਸਾਜ਼ਿਸ਼ ਰਚੀ ਗਈ ਸੀ
ਚੰਡੀਗੜ•/30 ਅਕਤੂਬਰ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੀ ਇਤਿਹਾਸ ਦੀ ਨਵੀਂ ਜਾਰੀ ਕੀਤੀ ਕਿਤਾਬ ਵਿਚ ਸਿੱਖ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਕੇ ਦੁਨੀਆਂ ਭਰ ਦੇ ਸਿੱਖਾਂ ਨੂੰ ਪਹੁੰਚਾਈ ਅਸਹਿ ਠੇਸ ਲਈ ਉਹ ਖਾਲਸਾ ਪੰਥ ਤੋਂ ਤੁਰੰਤ ਮੁਆਫੀ ਮੰਗਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਨਿੰਦਣਯੋਗ ਗੱਲ ਹੈ ਕਿ ਸੂਬੇ ਦੇ ਮੁਖੀ ਵਜੋਂ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਅਤੇ ਉਹਨਾਂ ਨੇ ਬੇਅਦਬੀ ਭਰੀ ਸਮੱਗਰੀ ਤਿਆਰ ਕਰਨ ਅਤੇ ਵੰਡਣ ਵਾਲੇ ਉਹਨਾਂ ਦੋਸ਼ੀਆਂ ਖ਼ਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਹਨਾਂ ਨੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਮਹਾਨ ਸਿੱਖ ਗੁਰੂ ਸਾਹਿਬਾਨਾਂ ਖਾਸ ਕਰਕੇ ਗੁਰੂ ਅਰਜਨ ਦੇਵ ਜੀ,ਗੁਰੂ ਹਰਗੋਬਿੰਦ ਜੀ, ਗੁਰੂ ਤੇਗ ਬਹਾਦਰ ਜੀ ਅਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਵਾਲੀ ਇਸ ਇਤਿਹਾਸ ਦੀ ਕਿਤਾਬ ਨੂੰ ਸਿਰਫ ਵਾਪਸ ਲੈਣਾ ਹੀ ਕਾਫੀ ਨਹੀਂ ਹੈ। ਮੁੱਖ ਮੰਤਰੀ ਨੂੰ ਇਸ ਬੱਜਰ ਪਾਪ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਤੁਰੰਤ ਖਾਲਸਾ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸਮੇਤ ਦੋਸ਼ੀਆਂ ਖ਼ਿਲਾਫ ਕਾਰਵਾਈ ਕਰਨ ਤੋਂ ਕੀਤਾ ਇਨਕਾਰ ਇਹੀ ਇਸ਼ਾਰਾ ਕਰਦਾ ਹੈ ਕਿ ਇਹ ਸਿੱਖ ਇਤਿਹਾਸ ਨੂੰ ਤੋੜਣ ਮਰੋੜਣ ਦੀ ਇੱਕ ਡੂੰਘੀ ਸਾਜ਼ਿਸ਼ ਸੀ ਅਤੇ ਇਸ ਰਾਹੀਂ ਸਿੱਖ ਧਰਮ ਉੱਤੇ ਹਮਲਾ ਕਰਨ ਦੀ ਵਿਉਂਤ ਬਣਾਈ ਗਈ ਸੀ। ਉਹਨਾਂ ਕਿਹਾ ਕਿ ਨੌਜਵਾਨਾਂ ਦੇ ਮਨਾਂ ਵਿਚ ਸਿੱਖ ਧਰਮ ਅਤੇ ਵਿਚਾਰਧਾਰਾ ਬਾਰੇ ਗਲਤਫਹਿਮੀਆਂ ਪੈਦਾ ਕਰਨ ਦੀ ਵੀ ਇੱਕ ਕੋਸ਼ਿਸ਼ ਸੀ ਤਾਂ ਕਿ ਉਹਨਾਂ ਨੂੰ ਸਿੱਖ ਧਰਮ ਤੋਂ ਦੂਰ ਕੀਤਾ ਜਾ ਸਕੇ।
ਇਹ ਟਿੱਪਣੀ ਕਰਦਿਆਂ ਕਿ ਸਿੱਖ ਇਤਿਹਾਸ ਉੱਤੇ ਹਮਲਾ ਅਸਲ ਵਿਚ ਸਿੱਖਾਂ ਉੱਤੇ ਹਮਲਾ ਸੀ, ਸਰਦਾਰ ਬਾਦਲ ਨੇ ਕਿਹਾ ਕਿ ਕੋਈ ਵੀ ਸਿੱਖ ਇਸ ਨਵੀਂ ਕਿਤਾਬ ਵਿਚ ਕੀਤੇ ਦਾਅਵਿਆਂ ਨੂੰ ਸਹਿਣ ਨਹੀਂ ਕਰ ਸਕੇਗਾ ਕਿ ਗੁਰੂ ਗੋਬਿੰਦ ਸਿੰਘ ਚਮਕੌਰ ਸਾਹਿਬ ਦੀ ਜੰਗ ਵਿਚੋਂ ਬਿਨਾਂ ਕਿਸੇ ਨੂੰ ਦੱਸੇ ਦੌੜ ਗਏ ਸਨ ਅਤੇ ਮੁਗਲਾਂ ਨੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਨਹੀਂ ਸੀ ਕੀਤਾ, ਸਗੋਂ ਉਹਨਾਂ ਨੂੰ ਸਿਰਫ ਜੁਰਮਾਨਾ ਕੀਤਾ ਸੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਸਿੱਖ ਇਤਿਹਾਸ ਬਾਰੇ ਅਜਿਹੀਆਂ ਬੇਅਦਬੀਆਂ ਭਰੀ ਕਿਤਾਬ ਵਾਪਸ ਲੈਣ ਲਈ ਮਜ਼ਬੂਰ ਕੀਤਾ ਗਿਆ ਸੀ, ਜਿਸ ਮਗਰੋਂ 11ਵੀ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਨਵੀਆਂ ਕਿਤਾਬਾਂ ਤਿਆਰ ਕਰਨ ਲਈ ਇੱਕ ਕਮੇਟੀ ਬਣਾਈ ਸੀ। ਇਸ ਸਭ ਕੁੱਝ ਹੋਣ ਤੋਂ ਬਾਅਦ ਵੀ ਇਤਿਹਾਸ ਦੀ ਕਿਤਾਬ ਵਿਚ ਇਹ ਸਾਰੀਆਂ ਗੜਬੜੀਆਂ ਪਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਹੁਣ ਸਿੱਖ ਇਤਿਹਾਸ ਨਾਲ ਹੋਰ ਵੀ ਗੰਭੀਰ ਕਿਸਮ ਦੀ ਛੇੜਛਾੜ ਸਾਹਮਣੇ ਆ ਰਹੀ ਹੈ। ਜਿਸ ਤੋ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਸਰਕਾਰ ਜਾਣਬੁੱਝ ਕੇ ਸਿੱਖ ਭਾਈਚਾਰੇ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸਰਦਾਰ ਬਾਦਲ ਨੇਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਕੋਲ ਇੱਕ ਹੀ ਰਾਹ ਬਚਿਆ ਹੈ ਕਿ ਉਹ ਸਿੱਖ ਭਾਈਚਾਰੇ ਕੋਲੋਂ ਇਸ ਬੱਜਰ ਗੁਨਾਹ ਲਈ ਮੁਆਫੀ ਮੰਗੇ ਅਤੇ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਕੇ ਸਾਰਿਆਂ ਨੂੰ ਖਬਰਦਾਰ ਕਰੇ ਕਿ ਸਿੱਖ ਭਾਈਚਾਰੇ ਦਾ ਅਪਮਾਨ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ।
ਸਰਦਾਰ ਬਾਦਲ ਨੇਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਕੋਲ ਇੱਕ ਹੀ ਰਾਹ ਬਚਿਆ ਹੈ ਕਿ ਉਹ ਸਿੱਖ ਭਾਈਚਾਰੇ ਕੋਲੋਂ ਇਸ ਬੱਜਰ ਗੁਨਾਹ ਲਈ ਮੁਆਫੀ ਮੰਗੇ ਅਤੇ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਕੇ ਸਾਰਿਆਂ ਨੂੰ ਖਬਰਦਾਰ ਕਰੇ ਕਿ ਸਿੱਖ ਭਾਈਚਾਰੇ ਦਾ ਅਪਮਾਨ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ।