ਪੋਲ-ਖੋਲ ਰੈਲੀਆਂ ਦਾ ਦੂਜਾ ਪੜਾਅ ਜਲਦ ਸ਼ੁਰੂ ਕੀਤਾ ਜਾਵੇਗਾ : ਡਾ. ਚੀਮਾ
ਚੰਡੀਗੜ• 6 ਅਗਸਤ-- ਸ਼੍ਰੋਮਣੀ ਅਕਾਲੀ ਅਕਾਲੀ ਦਲ ਵੱਲੋਂ ਆਉਣ ਵਾਲੇ ਸਮੇ ਵਿੱਚ 4 ਵੱਡੀਆਂ ਇਤਿਹਾਸਕ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਤੇ ਹਲਕਾਵਾਰ ਪੋਲ-ਖੋਲ ਰੈਲੀਆਂ ਵੀ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਮੌਕਿਆਂ ਤੇ 4 ਵੱਡੀਆਂ ਇਤਿਹਾਸਕ ਕਾਨਫਰੰਸਾਂ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਪਹਿਲੀ ਕਾਨਫਰੰਸ 15 ਅਗਸਤ ਨੂੰ ਈਸੜੂ (ਖੰਨਾ) ਵਿਖੇ ਕੀਤੀ ਜਾਵੇਗੀ, ਦੂਜੀ ਕਾਨਫਰੰਸ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਮੌਕੇ ਲੋਂਗੋਵਾਲ ਵਿਖੇ ਕੀਤੀ ਜਾਵੇਗੀ। ਇਸੇ ਤਰਾਂ 26 ਅਗਸਤ ਨੂੰ ਰੱਖੜ ਪੁੰਨਿਆਂ ਦੇ ਮੇਲੇ ਮੌਕੇ ਬਾਬਾ ਬਕਾਲਾ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ ਅਤੇ 25 ਸਤੰਬਰ ਨੂੰ ਛਪਾਰ ਜਿਲਾ ਲੁਧਿਆਣਾ ਵਿਖੇ ਛਪਾਰ ਦੇ ਮੇਲੇ ਤੇ ਵੱਡੀ ਕਾਨਫਰੰਸ ਕੀਤੀ ਜਾਵੇਗੀ।
ਡਾ. ਚੀਮਾ ਨੇ ਦੱਸਿਆ ਕਿ ਪਾਰਟੀ ਦੀ ਮਜਬੂਤੀ ਵਾਸਤੇ ਜਨ ਸੰਪਰਕ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇਗਾ। ਪਿਛਲੇ ਸਮੇ ਵਿੱਚ ਜੋ ਪੋਲ-ਖੋਲ ਰੈਲੀਆਂ ਕੀਤੀਆਂ ਗਈਆਂ ਸਨ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਹ ਰੈਲੀਆਂ ਵਾਢੀ ਦਾ ਸਮਾ ਆਉਣ ਕਰਕੇ ਇਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਪਹਿਲੇ ਪੜਾਅ ਵਿੱਚ 16 ਵਿਧਾਨ ਸਭਾ ਹਲਕੇ ਕਵਰ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਜਿਹੜੇ ਵਿਧਾਨ ਸਭਾ ਹਲਕੇ ਰਹਿ ਗਏ ਹਨ ਉਥੋਂ ਦੁਬਾਰਾ ਪੋਲ ਖੋਲ ਰੈਲੀਆਂ ਸ਼ੁਰੂ ਕੀਤੀਆਂ ਜਾਣਗੀਆ ਅਤੇ ਆਉਂਦੇ ਦਿਨਾਂ ਵਿੱਚ ਇਹਨਾਂ ਪੋਲ -ਖੋਲ ਰੈਲੀਆਂ ਦੀਆਂ ਤਾਰੀਖਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਇਹਨਾਂ ਰੈਲੀਆਂ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ, ਦਲਿਤ ਵੀਰਾਂ ਅਤੇ ਨੌਜਵਾਨਾਂ ਨਾਲ ਕੀਤੀ ਗਈ ਵਾਅਦਾ ਖਿਲਾਫੀ ਦਾ ਭਾਂਡਾ ਚੌਰਾਹੇ ਵਿੱਚ ਭੰਨਿਆ ਜਾਵੇਗਾ ਅਤੇ ਸੂਬਾ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਨੂੰ ਉਜਾਗਰ ਕੀਤਾ ਜਾਵੇਗਾ।