ਪੁੱਛਿਆ ਕਿ ਲੋਕ ਚਾਰ ਸਾਲਾਂ ਵਿਚ ਸਿਰਫ 11 ਵਾਰ ਦਫਤਰ ਆਉਣ ਵਾਲੇ ਮੁੱਖ ਮੰਤਰੀ ’ਤੇ ਵਿਸ਼ਵਾਸ ਕਿਉਂ ਕਰਨਗੇ
ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਵੀ ਕੀਤਾ ਬੇਨਕਾਬ
ਅਟਾਰੀ, 2 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸੂਬੇ ਵਿਚ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਘੁਟਾਲੇ ਕਰਨ ਤੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਰਨ ਵਾਲੇ ਸਾਰੇ ਕਾਂਗਰਸੀਆਂ ਨੂੰ ਸਬਕ ਸਿਖਾਇਆ ਜਾਵੇਗਾ।
ਇਥੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸੀਆਂ ਨੇ ਨਜਾਇਜ਼ ਸ਼ਰਾਬ ਬਣਾ ਕੇ ਤੇ ਰੇਤ ਮਾਫੀਆ ਮੁਹਿੰਮਾਂ ਨਾਲ ਸੂਬੇ ਦੇ ਸਰਕਾਰੀ ਖ਼ਜ਼ਾਨੇ ਦੇ ਹਜ਼ਾਰਾਂ ਕਰੋੜਾਂ ਰੁਪਏ ਦੀ ਲੁੱਟ ਕੀਤੀ ਹੈ। ਉਹਨਾਂ ਕਿਹਾ ਕਿ ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ ਤੇ ਗੁਰਕੀਰਤ ਸਿੰਘ ਕੋਟਲੀ ਸਮੇਤ ਕਾਂਗਰਸੀ ਵਿਧਾਇਕਾਂ ਦੇ ਭਰੋਸੇਯੋਗ ਬੰਦੇ ਸੂਬੇ ਵਿਚ ਨਜਾਇਜ਼ ਸ਼ਰਾਬ ਫੈਕਟਰੀਆਂ ਚਲਾ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਰਾਜਸਥਾਨ ਤੇ ਜੰਮੂ ਤੋਂ ਬਾਹਰਲੇ ਲੋਕਾਂ ਨੇ ਕਾਂਗਰਸੀ ਵਿਧਾਇਕਾਂ ਨਾਲ ਰਾਬਤਾ ਕਾਇਮ ਕਰ ਕੇ ਸੂਬੇ ਵਿਚ ਰੇਤ ਮਾਫੀਆ ਕਾਇਮ ਕੀਤਾ ਜੋ ਨਜਾਇਜ਼ ਰੇਤ ਮਾਇਨਿੰਗ ਨਾਲ ਸੂਬੇ ਦੇ ਖ਼ਜ਼ਾਨੇ ਨੂੰ ਲੁੱਟ ਰਿਹਾ ਹੈ। ਉਹਨਾਂ ਕਿਹਾ ਕਿ ਆਬਕਾਰੀ ਘੁਟਾਲੇ ਨਾਲ 6500 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਸੂਬਾ ਕਾਂਗਰਸ ਸਰਕਾਰ ਵੱਲੋਂ ਰੇਤ ਮਾਇਨਿੰਗ ਤੋਂ ਹੋਣ ਵਾਲੀ 1400 ਕਰੋੜ ਰੁਪਏ ਆਮਦਨ ਵਿਚੋਂ 100 ਕਰੋੜ ਰੁਪਏ ਵੀ ਇਕੱਠੇ ਨਹੀਂ ਕਰ ਸਕੀ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਰਮਨਜੀਤ ਸਿੱਕੀ ਤੇ ਸੁਖਵਿੰਦਰ ਡੈਨੀ ਵਰਗੇ ਕਾਂਗਰਸੀ ਆਗੂਆਂ ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਉਹਨਾਂ ਦੇ ਹਲਕੇ ਦੇ ਪਿੰਡਾਂ ਵਿਚ ਨਕਲੀ ਸ਼ਰਾਬ ਚੈਕ ਕਰਨ ਲਈ ਪਿੰਡਾਂ ਵਿਚ ਵੜ੍ਹਨ ਤੋਂ ਰੋਕ ਦਿੱਤਾ ਹੈ। ਉਹਨਾਂ ਕਿਹਾ ਕਿ ਸਥਾਨਕ ਵਿਧਾਇਕ ਤਰਸੇਮ ਸਿੰਘ ਡੀ ਸੀ ਸਮੇਤ ਕਾਂਗਰਸੀ ਵਿਧਾਇਕਾਂ ਨੇ ਆਪਣੀਆਂ ਟਾਈਲ ਫੈਕਟਰੀਆਂ ਲਗਾ ਲਈਆਂ ਹਨ ਤਾਂ ਜੋ ਵਧੇ ਹੋਏ ਰੇਟਾਂ ’ਤੇ ਸਰਕਾਰ ਨੂੰ ਆਪਣੀਆਂ ਇੰਟਰਲਾਕਿੰਗ ਟਾਈਲਾਂ ਵੇਚੀਆਂ ਜਾ ਸਕਣ ਜੋ ਮਨਰੇਗਾ ਕੰਮਾਂ ਵਿਚ ਵਰਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਸੱਤਾ ਵਿਚ ਆਉਣ ਮਗਰੋਂਅਸੀਂ ਮਨਰੇਗਾ ਫੰਡਾਂ ਦੇ ਘੁਟਾਲੇ ਦੀ ਇਕ ਨਿਸ਼ਚਿਮ ਸਮੇਂ ਅੰਦਰ ਜਾਂਚ ਦੇ ਹੁਕਮ ਦੇਵਾਂਗੇ। ਉਹਨਾਂ ਨੇ ਉਦਾਹਰਣਾਂ ਵੀ ਦਿੱਤੀਆਂ ਕਿ ਕਿਵੇਂ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਦੇ ਇਸ਼ਾਰੇ ’ਤੇ ਜਿਹੜਾ ਬੀਜ ਘੁਟਾਲਾ ਹੋਇਆ ਜਿਸ ਕਾਰਨ ਸੂਬੇ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਪੁੱਜਾ ਤੇ ਸਾਧੂ ਸਿੰਘ ਧਰਮਸੋਤ ਜਿਸਨੇ ਐਸ ਸੀ ਸਕਾਲਰਸ਼ਿਪ ਸਕੀਮ ਦੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ, ਜਿਸ ਕਾਰਨ ਲੱਖਾਂ ਐਸ ਸੀ ਬੱਚਿਆਂ ਨੁੰ ਵਿਦਿਅਕ ਅਦਾਰਿਆਂ ਵਿਚੋਂ ਬਾਹਰ ਹੋਣਾ ਪਿਆ।
ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰੜੇ ਹੱਥੀਂ ਲਿਆ ਤੇ ਪੁੱਛਿਆ ਕਿ ਲੋਕ ਉਹਨਾਂ ’ਤੇ ਮੁੜ ਵਿਸ਼ਵਾਸ ਕਿਉਂ ਕਰਨ ? ਉਹਨਾਂ ਕਿਹਾ ਕਿ ਪੰਜਾਬ ਲਈ ਕੁਝ ਕਰਨ ਦੀ ਗੱਲ ਤਾਂ ਦੂਰ ਰਹੀ ਕੈਪਟਨ ਅਮਰਿੰਦਰ ਸਿੰਘ ਤਾਂ ਚਾਰ ਸਾਲਾਂ ਦੌਰਾਨ ਆਪਣੇ ਦਫਤਰ ਸਿਰਫ 11 ਵਾਰ ਗਏ ਹਨ। ਉਹਨਾਂ ਨੇ ਮੁੱਖ ਮੰਤਰੀ ’ਤੇ ਖੇਤੀਬਾੜੀ ਜਿਣਸਾਂ ਦੇ ਮੰਡੀਕਰਨ ਲਈ ਕਮੇਟੀਆਂ (ਏ ਪੀ ਐਮ ਸੀ) ਐਕਟ ਵਿਚ ਸੋਧ ਕਰਨ ਦੇ ਵਾਅਦਾ ਕਰਨ ਤੇ ਸੋਧ ਕਰ ਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਦਾ ਦੋਸ਼ ਵੀ ਲਗਾਇਆ ਤੇ ਕਿਹਾ ਕਿ ਉਹ ਤਿੰਨ ਖੇਤੀਬਾੜੀ ਆਰਡੀਨੈਂਸ ਤਿਆਰ ਕਰਨ ਵਾਲੀ ਕਮੇਟੀ ਦੀ ਮੀਟਿੰਗ ਦੇ ਮੈਂਬਰ ਸਨ ਜਿਸਨੇ ਇਹ ਆਰਡੀਨੈਂਸ ਤਿਆਰ ਕੀਤੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਡੀ ਬੀ ਟੀਮ ਸਮੇਤ ਸਾਰੇ ਮਾਮਲਿਆਂ ’ਤੇ ਕੇਂਦਰ ਅੱਗੇ ਇਸ ਕਰ ਕੇ ਨਹੀਂ ਡੱਟ ਸਕੇ ਕਿਉਂਕਿ ਉਹਨਾਂ ਨੂੰ ਐਨਫੋਰਸਮੈਂਟ ਡਾਇਰੈਕਟੋਰਟ ਯਾਨੀ ਈ ਡੀ ਦਾ ਡਰ ਸੀ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਇਸ਼ਾਰਿਆਂ ’ਤੇ ਨੱਚਦੇ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਡੱਟਦਾ ਹੈ। ਉਹਨਾਂ ਕਿਹਾ ਕਿ ਅਸੀਂ 30 ਸਾਲ ਪੁਰਾਣਾ ਗਠਜੋੜ ਦਿਨਾਂ ਵਿਚ ਹੀ ਤੋੜ ਦਿੱਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬੀਆਂ ਪ੍ਰਤੀ ਸਮਰਪਿਤ ਹੈ ਨਾ ਕਿ ਕਾਂਗਰਸ, ਭਾਜਪਾ ਤੇ ਆਪ ਵਾਂਗ ਜਿਹਨਾਂ ਨੂੰ ਸੂਬੇ ਦੇ ਬਾਹਰੋਂ ਕੰਟਰੋਲ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨੁੰ ਮੁਫਤ ਬਿਜਲੀ ਦਾ ਵਾਅਦਾ ਕੀਤਾ ਸੀ ਤੇ ਸੱਤਾ ਸੰਭਾਲਣ ਮਗਰੋਂ ਪਹਿਲੀ ਹੀ ਕੈਬਨਿਟ ਮੀਟਿੰਗ ਵਿਚ ਖੇਤੀਬਾੜੀ ਲਈ ਮੁਫਤ ਬਿਜਲੀ ਸਹੂਲਤ ਦੇਣ ਦਾ ਫੈਸਲਾ ਲਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਅਕਾਲੀ ਦਲ ਨੇ 1966 ਵਿਚ ਜਿਣਸਾਂ ਦੀ ਐਮ ਐਸ ਪੀ ਅਨੁਸਾਰ ਖਰੀਦ ਸ਼ੁਰੂ ਕਰਵਾਈ। ਉਹਨਾਂ ਕਿਹਾ ਕਿ ਸੂਬੇ ਦੀਆਂ ਬਹੁ ਗਿਣਤੀ ਮੰਡੀਕਰਣ ਮੰਡੀਆਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਸਥਾਪਿਤ ਹੋਈਆਂ।
ਅਕਾਲੀ ਦਲ ਦੇ ਪ੍ਰਧਾਨ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਨੁੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ 8 ਲੱਖ ਨੌਕਰੀਆਂ ਦਾ ਵਾਅਦਾਕ ੀਤਾ ਸੀ ਪਰ ਹਾਲ ਹੀ ਵਿਚ ਮਿਲੀ ਇਕ ਆਰ ਟੀ ਆਈ ਸੁਚਨਾ ਮੁਤਾਬਕ ਤਿੰਨ ਸਾਲਾਂ ਵਿਚ ਸਿਰਫ 214 ਨੌਕਰੀਆਂ ਹੀ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਭਗਵੰਤ ਮਾਨ ਨੇ ਖੁਰਾਕ ਤੇ ਖਪਤਕਾਰ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚ ਸੋਧਿਆ ਹੋਇਆ ਜ਼ਰੂਰੀ ਵਸਤਾਂ ਐਕਟ ਲਾਗੂ ਕਰਨ ਸਹਿਮਤੀ ਦਿੱਤੀ ਤੇ ਕਿਸਾਨਾਂ ਨਾਲ ਧੋਖਾ ਕੀਤਾ।
ਸ੍ਰੀ ਬਾਦਲ ਨੇ ਲੋਕਾਂ ਨੁੰ ਭਰੋਸਾ ਦੁਆਇਆ ਕਿ ਅਕਾਲੀ ਦਲ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦਾ ਰਹੇਗਾ। ਉਹਨਾਂ ਐਲਾਨ ਕੀਤਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹ ਤਿੰਨ ਖੇਤੀ ਕਾਨੁੰਨ ਸੂਬੇ ਵਿਚ ਲਾਗੂ ਨਹੀਂ ਹੋਣ ਦੇਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਣਸਾਂ ਦੀ ਐਮ ਐਸ ਪੀ ਅਨੁਸਾਰ ਖਰੀਦ ਯਕੀਨੀ ਬਣਾਉਣ ਦੇ ਨਾਲ ਨਾਲ ਅਕਾਲੀ ਸਰਕਾਰ ਸਬਜ਼ੀਆਂ, ਫਲਾਂ ਤੇ ਦੁੱਧ ਲਈ ਵੀ ਐਮ ਐਸ ਪੀ ਯਕੀਨੀ ਬਣਾਏਗੀ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਅੱਧੀਆਂ ਕੀਤੀਆਂ ਜਾਣਗੀਆਂ ਤੇ ਐਸ ਸੀ ਤੇ ਬੀ ਸੀ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦੀ ਸਹੂਲਤ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਅਟਾਰੀ ਨੂੰ ਅਕਾਲੀ ਸਰਕਾਰ ਵੇਲੇ ਇਕ ਬਲਾ ਤੇ ਤਹਿਸੀਲ ਬਣਾਇਆ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਖੇਤੀਬਾੜੀ ਮੰਡੀਆਂ ਤੇ ਹਸਪਤਾਲ ਵੀ ਅਕਾਲੀ ਸਰਕਾਰ ਵੇਲੇ ਬਣੇ।
ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕੰਡਿਆਲੀ ਤਾਰ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਲਈ ਅਕਾਲੀ ਸਰਕਾਰ ਵੇਲੇ 10 ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਸ਼ੁਰੂ ਕੀਤਾ ਗਿਆ ਸੀ ਜੋ ਹੁਣ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਇਲਾਕਾ ਸਰਹੱਦ ਪਾਰ ਤੋਂ ਵਪਾਰ ਬੰਦ ਹੋਣ ਕਾਰਨ ਮੁਸ਼ਕਿਲਾਂ ਝੱਲ ਰਿਹਾ ਹੈ ਤੇ ਉਹਨਾਂ ਵਪਾਰ ਮੁੜ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ।