ਕਾਂਗਰਸ ਵੋਟਰਾਂ ਨੂੰ ਲੁਭਾਉਣ ਲਈ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਵਿਚ ਬਿਨਾਂ ਮਾਅਰਕੇ ਵਾਲੀ ਸ਼ਰਾਬ ਵੰਡ ਰਹੀ ਹੈ
ਚੀਮਾ ਵੱਲੋਂ ਤੁਰੰਤ ਨੀਮ ਫੌਜੀ ਦਸਤੇ ਤਾਇਨਾਤ ਕਰਨ ਅਤੇ ਸਾਰੇ ਬੂਥਾਂ ਦੀ ਵੀਡਿਓਗ੍ਰਾਫੀ ਕੀਤੇ ਜਾਣ ਦੀ ਮੰਗ
ਚੰਡੀਗੜ•/24 ਮਈ:ਸੱਤਾਧਾਰੀ ਕਾਂਗਰਸ ਪਾਰਟੀ ਉੱਤੇ ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਗੈਰਕਾਨੂੰਨੀ ਸ਼ਰਾਬ ਵੰਡ ਕੇ ਸੂਬੇ ਅੰਦਰ ਲੋਕਤੰਤਰ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਦੋਹਰੇ ਕਤਲ ਦਾ ਇਲਜ਼ਾਮ ਲਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਇਸ ਮਾਮਲੇ ਵਿਚ ਸਿੱਧੀ ਦਖ਼ਲਅੰਦਾਜ਼ੀ ਕਰਕੇ ਭਾਰਤ ਦੇ 'ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਕਹਿਲਾਉਣ' ਦੇ ਦਾਅਵੇ ਨੂੰ ਝੂਠਾ ਪੈਣ ਅਤੇ ਦੇਸ਼ ਨੂੰ ਕੌਮਾਂਤਰੀ ਭਾਈਚਾਰੇ ਅੱਗੇ ਮਜ਼ਾਕ ਦਾ ਪਾਤਰ ਬਣਨ ਤੋਂ ਬਚਾਉਣ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਉਹਨਾਂ ਦਾ ਧਿਆਨ ਕਾਂਗਰਸ ਪਾਰਟੀ ਵੱਲੋਂ ਕੀਤੀਆਂ ਜਾ ਰਹੀ ਚੋਣ ਉਲੰਘਣਾਵਾਂ ਵੱਲ ਦਿਵਾਇਆ। ਉਹਨਾਂ ਮੰਗ ਕੀਤੀ ਕਿ ਚੋਣ ਕਮਿਸ਼ਨ ਤੁਰੰਤ ਸੂਬਾ ਪੁਲਿਸ ਨੂੰ ਹਟਾ ਕੇ ਉਸ ਦੀ ਥਾਂ ਨੀਮ ਫੌਜੀ ਦਸਤਿਆਂ ਨੂੰ ਤਾਇਨਾਤ ਕਰਨ ਅਤੇ ਇਲਾਕੇ ਵਿਚ ਚੋਣ ਜ਼ਾਬਤੇ ਨੂੰ ਲਾਗੂ ਕਰਵਾਉਣ ਲਈ ਅਤੇ ਸਥਿਤੀ ਉੱਤੇ ਨਜ਼ਰ ਰੱਖਣ ਲਈ ਵੱਡੀ ਗਿਣਤੀ ਵਿਚ ਚੋਣ ਕਮਿਸ਼ਨ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਜਾਣ। ਡਾਕਟਰ ਚੀਮਾ ਨੇ ਅਕਾਲੀ ਦੀ ਇਹ ਮੰਗ ਵੀ ਦੁਹਰਾਈ ਕਿ ਚੋਣ ਕਮਿਸ਼ਨ ਵੱਲੋਂ ਅਗਲੇ ਤਿੰਨ ਦਿਨਾਂ ਸਮੇਤ ਸਮੁੱਚੇ ਚੋਣ ਅਮਲ ਦੀ ਵੀਡਿਓਗ੍ਰਾਫੀ ਕਰਵਾਈ ਜਾਵੇ।
ਉਹਨਾਂ ਠੋਸ ਸਬੂਤ ਪੇਸ਼ ਕਰਦਿਆਂ ਦੱਸਿਆ ਕਿ ਸਰਕਾਰੀ ਮਸ਼ੀਨਰੀ ਦੀ ਸਿਰਫ ਦੁਰਵਰਤੋਂ ਹੀ ਨਹੀਂ ਕੀਤੀ ਜਾ ਰਹੀ ਹੈ, ਸਗੋਂ ਸਰਕਾਰੀ ਅਧਿਕਾਰੀਆਂ ਤੋਂ ਸ਼ਰੇਆਮ ਸਿਆਸੀ ਚੋਣ ਏਜੰਟਾਂ ਵਜੋਂ ਕੰਮ ਲਿਆ ਜਾ ਰਿਹਾ ਹੈ।
ਡਾਕਟਰ ਚੀਮਾ ਨੇ ਕਾਂਗਰਸੀ ਆਗੂਆਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਵੰਡੀ ਜਾ ਰਹੀ ਗੈਰ-ਮਾਅਰਕਾ ਅਤੇ ਗੈਰਕਾਨੂੰਨੀ ਸ਼ਰਾਬ ਬਾਰੇ ਭਰੋਸਯੋਗ ਰਿਪੋਰਟਾਂ ਦਾ ਹਵਾਲਾ ਦਿੱਤਾ। ਉਹਨਾਂ ਕਿਹਾ ਕਿ ਵੋਟਰਾਂ ਨੂੰ ਅਜਿਹੇ ਲਾਲਚ ਦੇਣਾ ਗੈਰ ਕਾਨੂੰਨੀ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਹੈ। ਪਰ ਇਸ ਮਾਮਲੇ ਵਿਚ ਇਹ ਉਲੰਘਣਾਵਾਂ ਹੋਰ ਵੀ ਗੰਭੀਰ ਅਤੇ ਖਤਰਨਾਕ ਹਨ ਕਿਉਂਕਿ ਵੰਡੀ ਜਾ ਰਹੀ ਸ਼ਰਾਬ ਅਜਿਹੀ ਬੋਤਲਾਂ ਵਿਚ ਪਾਈ ਹੋਈ ਹੈ, ਜਿਹਨਾਂ ਉੱਤੋਂ ਸਰਟੀਫਿਕੇਸ਼ਨ, ਐਕਸਾਈਜ਼ ਲਾਇਸੰਸ ਨੰਬਰ, ਜਾਰੀ ਅਤੇ ਆਖਰੀ ਮਿਆਦ ਦੀ ਤਾਰੀਖ ਆਦਿ ਲਾਜ਼ਮੀ ਵੇਰਵੇ ਗਾਇਬ ਹਨ। ਕਿੰਨੇ ਦੁੱਖ ਦੀ ਗੱਲ ਹੈ ਕਿ ਇਹਨਾਂ ਬੋਤਲਾਂ ਉੱਤੇ ਸਭ ਤੋਂ ਅਹਿਮ ਘੋਸ਼ਣਾ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਵੀ ਲਿਖੀ ਨਹੀਂ ਹੋਈ ਹੈ।
ਡਾਕਟਰ ਚੀਮਾ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਨੂੰ ਬਿਨਾਂ ਦੇਰੀ ਕੀਤੀ ਇਸ ਮਾਮਲੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ ਅੰਗਰੇਜ਼ੀ ਸ਼ਰਾਬ ਦੀਆਂ ਬਿਨਾਂ ਲੇਬਲ ਵਾਲੀਆਂ ਬੋਤਲਾਂ ਵਿਚ ਵੰਡੀ ਜਾ ਰਹੀ ਇਸ ਸ਼ਰਾਬ ਨਾਲ ਜ਼ਹਿਰੀਲੀ ਸ਼ਰਾਬ ਪੀਕੇ ਮਾਰੇ ਜਾਣ ਵਰਗਾ ਕੋਈ ਵੱਡਾ ਦੁਖਾਂਤ ਵਾਪਰ ਸਕਦਾ ਹੈ, ਜਿਸ ਨਾਲ ਹਜ਼ਾਰਾਂ ਕੀਮਤੀ ਜ਼ਿੰਦਗੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਵੰਡੀ ਜਾ ਰਹੀ ਖਤਰਨਾਕ ਅਤੇ ਗੈਰ ਕਾਨੂੰਨੀ ਸ਼ਰਾਬ ਅਤੇ ਦਰਿਆਵਾਂ ਵਿਚ ਜ਼ਹਿਰਾਂ ਘੋਲ ਕੇ ਹਜ਼ਾਰਾਂ ਜਲ ਜੀਵਾਂ ਅਤੇ ਪੰਛੀਆਂ ਦੀ ਮੌਤ ਲਈ ਜ਼ਿੰਮੇਵਾਰ ਕਾਂਗਰਸ ਪਾਰਟੀ ਦੇ ਚਹੇਤਿਆਂ ਸੂਗਰ ਮਿਲ ਕਮ ਡਿਸਟਿੱਲਰੀ ਵਿਚਲੇ ਰਿਸ਼ਤੇ ਬਾਰੇ ਇੱਕ ਸਮਾਂ-ਬੱਧ ਅਤੇ ਹੰਗਾਮੀ ਜਾਂਚ ਕੀਤੇ ਜਾਣ ਦੇ ਹੁਕਮ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਦੁਖਾਂਤ ਨੇ ਕਾਂਗਰਸ ਪਾਰਟੀ ਦੇ ਆਗੂਆਂ ਦੇ ਮਨੁੱਖੀ ਜ਼ਿੰਦਗੀਆਂ ਨੂੰ ਟਿੱਚ ਜਾਣ ਵਾਲੇ ਵਤੀਰੇ ਦਾ ਵੀ ਖੁਲਾਸਾ ਕੀਤਾ ਹੈ।
ਬਾਅਦ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ ਦੀਆਂ ਟੀਮਾਂ ਵੱਲੋਂ ਹਰ ਪੋਲਿੰਗ ਬੂਥ ਉੱਤੇ ਸਮੁੱਚੇ ਚੋਣ ਅਮਲ ਦੀ ਵੀਡਿਓਗ੍ਰਾਫੀ ਕੀਤੀ ਜਾਵੇ। ਬੂਥਾਂ ਅਤੇ ਕੰਪਲੈਕਸਾਂ ਨੂੰ ਵੀਡਿਓ ਟੀਮਾਂ ਦੁਆਰਾ ਕਵਰ ਕੀਤਾ ਜਾਵੇ। ਇਸ ਤੋਂ ਇਲਾਵਾ ਵੋਟਾਂ ਪਾਏ ਜਾਣ ਸਮੇਂ ਕੰਪਲੈਕਸਾਂ ਅੰਦਰ ਆਰਜ਼ੀ ਸੀਸੀਟੀਵੀ ਕੈਮਰਿਆਂ ਨੂੰ ਚਾਲੂ ਹਾਲਤ ਵਿਚ ਰੱਖਿਆ ਜਾਵੇ। ਇਹ ਕੈਮਰੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਅਤੇ 2 ਘੰਟੇ ਬਾਅਦ ਤਕ ਚਾਲੂ ਰਹਿਣੇ ਚਾਹੀਦੇ ਹਨ।
ਡਾਕਟਰ ਚੀਮਾ ਨੇ ਸੀਈਓ ਨੂੰ ਮਿਲਣ ਤੋਂ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿ ਮੌਜੂਦਾ ਸਮੇਂ ਇਹ ਪ੍ਰਭਾਵ ਹੈ ਕਿ ਚੋਣ ਕਮਿਸ਼ਨ ਆਪਣੀ ਜ਼ਿੰਮੇਵਾਰੀ ਅਤੇ ਹਲਕੇ ਦੇ ਲੋਕਾਂ ਨੂੰ ਭਾਰਤ ਦੇ ਲੋਕਤੰਤਰ ਨੂੰ ਬੰਦੀ ਬਣਾਉਣ ਵਾਲੇ ਸ਼ਰਾਬ ਅਤੇ ਰੇਤ ਮਾਫੀਆ ਦੇ ਰਹਿਮੋ-ਕਰਮ ਉੱਤੇ ਛੱਡ ਚੁੱਕਿਆ ਹੈ। ਚੋਣ ਕਮਿਸ਼ਨ ਨੂੰ ਇਹ ਪ੍ਰਭਾਵ ਖਤਮ ਕਰਨ ਲਈ ਤੁਰੰਤ ਠੋਸ ਕਦਮ ਚੁੱਕਣੇ ਚਾਹੀਦੇ ਹਨ ਕਿ ਚੋਣ ਕਮਿਸ਼ਨ ਸੱਤਾਧਾਰੀ ਪਾਰਟੀ ਦੇ ਗੁੰਡਿਆਂ ਨੂੰ ਖੁੱਲੀ ਖੇਡ ਖੇਡਣ ਦੇ ਰਿਹਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਕਦਮ ਤੁਰੰਤ ਚੁੱਕਣੇ ਚਾਹੀਦੇ ਹਨ ਨਹੀਂ ਤਾਂ ਬਹੁਤ ਦੇਰੀ ਹੋ ਜਾਣੀ ਹੈ।
ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋਂ ਸ਼ਾਹਕੋਟ ਵਿਚ ਜਿਸ ਢੰਗ ਨਾਲ ਗੈਰ ਮਾਅਰਕਾ ਸ਼ਰਾਬ ਵੰਡੀ ਜਾ ਰਹੀ ਹੈ , ਉਸ ਤੋਂ ਸਪੱਸ਼ਟ ਹੈ ਕਿ ਅਜਿਹੀ ਗੈਰ-ਮਾਅਰਕਾ ਸ਼ਰਾਬ ਗੈਰਕਾਨੂੰਨੀ ਢੰਗ ਨਾਲ ਵੰਡ ਕੇ ਕਾਂਗਰਸੀ ਚੋਣ ਪ੍ਰਚਾਰਕ ਲੋਕਾਂ ਦੇ ਮੌਤ ਦੇ ਮੂੰਹ ਵੱਲ ਧੱਕ ਰਹੇ ਹਨ। ਚੋਣ ਕਮਿਸ਼ਨ ਨੂੰ ਇਹਨਾਂ ਸ਼ਰਾਬ ਵੰਡਣ ਵਾਲੇ ਹੱਥਾਂ ਦੀ ਸ਼ਨਾਖਤ ਕਰਨ ਲਈ ਆਖਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਉਹਨਾਂ ਦਾ ਚੋਣ ਨਿਸ਼ਾਨ ਪੰਜਾ ਹੀ ਨਿਕਲੇਗਾ।
ਡਾਕਟਰ ਚੀਮਾ ਨੇ ਇਹ ਵੀ ਕਿਹਾ ਕਿ ਇਸ ਇਲਾਕੇ ਦੇ ਲੋਕ ਅਜੇ ਸੱਤਾਧਾਰੀ ਪਾਰਟੀ ਦੇ ਚਹੇਤਿਆਂ ਦੀ ਖੰਡ ਮਿੱਲ ਵੱਲੋਂ ਪਾਣੀ ਛੱਡੇ ਰਸਾਇਣਾਂ ਨਾਲ ਹੋਈ ਵਾਤਾਵਰਣ ਦੀ ਤਬਾਹੀ ਦੇ ਸਦਮੇ ਵਿਚੋਂ ਬਾਹਰ ਨਹੀਂ ਨਿਕਲੇ ਹਨ। ਇਹੀ ਜਾਨਲੇਵਾ ਰਸਾਇਣ ਹੁਣ ਉਹਨਾਂ ਲੋਕਾਂ ਦੇ ਢਿੱਡਾਂ ਵਿਚ ਪਾਏ ਜਾ ਰਹੇ ਹਨ, ਜਿਹੜੇ ਸੱਤਾਧਾਰੀ ਪਾਰਟੀ ਵੱਲੋਂ ਵੋਟਾਂ ਲੈਣ ਖਾਤਰ ਵੰਡੀ ਗਈ ਗੈਰਕਾਨੂੰਨੀ ਸ਼ਰਾਬ ਨੂੰ ਪੀਣਗੇ। ਉਹਨਾਂ ਕਿਹਾ ਕਿ ਲੋਕਤੰਤਰ ਅਤੇ ਲੋਕਾਂ ਦੇ ਇਸ ਦੋਹਰੇ ਕਤਲ ਨੂੰ ਬਿਨਾਂ ਇਕ ਵੀ ਪਲ ਗੁਆਏ ਰੋਕਿਆ ਜਾਣਾ ਚਾਹੀਦਾ ਹੈ। ਡਾਕਟਰ ਚੀਮਾ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਇਸ ਸੰਬੰਧੀ ਸੂਬਾ ਸਰਕਾਰ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ।
ਉਹਨਾਂ ਅੱਗੇ ਦੱਸਿਆ ਕਿ ਸਰਕਾਰੀ ਮਸ਼ੀਨਰੀ ਦੁਰਵਰਤੋਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਸੱਤਾਧਾਰੀ ਪਾਰਟੀ ਦੇ ਮੰਤਰੀ ਅਤੇ ਆਗੂ ਸਾਡੇ ਸਮਰਥਕਾਂ ਅਤੇ ਹਲਕੇ ਦੇ ਵੋਟਰਾਂ ਨੂੰ ਡਰਾਉਣ ਲਈ ਤਰ•ਾਂ ਤਰ•ਾਂ ਦੇ ਹਥਕੰੰਡੇ ਅਪਣਾ ਰਹੇ ਹਨ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਬਹੁਤ ਭਾਰੀ ਤਣਾਅ ਹੇਠ ਹਨ। ਸਾਨੂੰ ਡਰ ਹੈ ਕਿ 26 ਮਈ ਨੂੰ ਸ਼ਾਮੀਂ ਪੰਜ ਵਜੇ ਜਦੋਂ ਸਾਡੇ ਚੋਣ ਪ੍ਰਚਾਰਕ ਹਲਕੇ ਵਿਚੋਂ ਬਾਹਰ ਚਲੇ ਜਾਣਗੇ ਤਾਂ ਸਾਡੇ ਵੋਟਰਾਂ ਅਤੇ ਸਮਰਥਕਾਂ ਨੂੰ ਬੁਰੀ ਤਰ•ਾਂ ਧਮਕਾਇਆ ਜਾਵੇਗਾ। ਉਹਨਾਂ ਕਿਹਾ ਕਿ ਸੂਬਾ ਪੁਲਿਸ ਸੱਤਾਧਾਰੀ ਪਾਰਟੀ ਦੇ ਮੰਤਰੀਆਂ ਅਤੇ ਆਗੂ ਨੂੰ ਕਾਬੂ ਕਰਨ ਤੋਂ ਅਸਮਰਥ ਹੈ। ਸਾਨੂੰ ਇਹ ਵੀ ਡਰ ਹੈ ਕਿ ਕਾਂਗਰਸੀ ਆਗੂ ਇਸ ਹਲਕੇ ਵਿਚੋਂ ਬਾਹਰ ਨਹੀਂ ਜਾਣਗੇ ਅਤੇ ਸਾਡੇ ਵੋਟਰਾਂ ਅਤੇ ਸਮਰਥਕਾਂ ਨੂੰ ਧਮਕਾਉਣਾ ਜਾਰੀ ਰੱਖਣਗੇ।
ਡਾਕਟਰ ਚੀਮਾ ਨੇ ਕਿਹਾ ਕਿ ਚੋਣਾਂ ਲਈ ਆਜ਼ਾਦ ਅਤੇ ਨਿਰਪੱਖ ਮਾਹੌਲ ਯਕੀਨੀ ਬਣਾਉਣ ਦਾ ਇਕੋ ਤਰੀਕਾ ਹੈ ਕਿ ਚੋਣ ਪ੍ਰਚਾਰ ਖਤਮ ਹੁੰਦੇ ਹੀ ਨੀਮ ਫੌਜੀ ਦਸਤੇ ਤਾਇਨਾਤ ਕਰ ਦਿੱਤੇ ਜਾਣ ਅਤੇ ਸਾਰੇ ਪੋਲਿੰਗ ਬੂਥਾਂ ਦੀ 100 ਫੀਸਦੀ ਵੀਡਿਓਗ੍ਰਾਫੀ ਹੋਵੇ। ਉਹਨਾਂ ਕਿਹਾ ਕਿ ਸਾਨੂੰ ਡਰ ਹੈ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਬੂਥਾਂ ਉੱਤੇ ਕਬਜ਼ੇ ਅਤੇ ਚੋਣ ਹੇਰਾਫੇਰੀਆਂ ਹੋਣ ਦੀ 100 ਫੀਸਦੀ ਸੰਭਾਵਨਾ ਹੈ।