ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸਨਾਕ ਗੱਲ ਹੈ ਕਿ ਮੁੱਖ ਮੰਤਰੀ ਪ੍ਰਸਾਸ਼ਨ ਵੱਲ ਧਿਆਨ ਦੇਣ ਦੀ ਬਜਾਇ ਆਪਣਾ ਸਾਰਾ ਸਮਾਂ ਅਖਬਾਰ ਕੋਲ ਕਬੂਲ ਕੀਤੇ ਆਪਣੇ ਉਸ ਸੱਚ ਉੱਤੇ ਪਰਦਾ ਪਾਉਣ ਲਈ ਖਰਚ ਕਰ ਰਿਹਾ ਹੈ, ਜਿਸ ਵਿਚ ਉਸ ਨੇ ਸਵੀਕਾਰ ਕੀਤਾ ਸੀ ਕਿ ਉਸ ਵੱਲੋਂ ਬੇਅਦਬੀ ਦੇ ਕੇਸਾਂ ਲਈ ਅਕਾਲੀ ਆਗੂਆਂ ਖਾਸ ਕਰਕੇ ਸਰਦਾਰ ਪਰਕਾਸ਼ ਸਿੰਘ ਬਾਦਲ ਉੱਤੇ ਦੋਸ਼ ਲਾਉਣਾ ਗਲਤ ਸੀ। ਉਹਨਾਂ ਕਿਹਾ ਕਿ ਅਮਰਿੰਦਰ ਵੱਲੋ ਬੋਲਿਆ ਸੱਚ ਬਹੁਤ ਸਾਰੇ ਕਾਂਗਰਸੀਆਂ ਨੂੰ ਹਜ਼ਮ ਨਹੀਂ ਆਇਆ ਅਤੇ ਉਹ ਹੁਣ ਮੁੱਖ ਮੰਤਰੀ ਉੱਤੇ ਦਬਾਅ ਪਾ ਰਹੇ ਹਨ ਕਿ ਇਸ ਤੋਂ ਮੁਕਰ ਜਾਵੇ। ਡਾਕਟਰ ਚੀਮਾ ਨੇ ਕਿਹਾ ਕਿ ਹੁਣ ਕੋਈ ਹੋਰ ਕਹਾਣੀ ਘੜਣ ਦੀ ਬਜਾਇ ਤੁਹਾਡੇ ਲਈ ਸੱਚ ਕਬੂਲ ਕਰਨਾ ਹੀ ਠੀਕ ਰਹੇਗਾ। ਇਸ ਸੱਚ ਨੂੰ ਦੁਬਾਰਾ ਬੋਲਣਾ ਹੀ ਤੁਹਾਡੀ ਭਰੋਸੇਯੋਗਤਾ ਨੂੰ ਬਹਾਲ ਕਰੇਗਾ।
ਇਹ ਕਹਿੰਦਿਆਂ ਕਿ ਮੁੱਖ ਮੰਤਰੀ ਵੱਲੋਂ ਬੇਅਦਬੀ ਦੇ ਮੁੱਦੇ ਉੱਤੇ ਵਾਰ ਵਾਰ ਬਦਲੇ ਜਾ ਰਹੇ ਬਿਆਨ ਲੋਕਾਂ ਨੂੰ ਸਾਫ ਵਿਖਾਈ ਦੇ ਰਹੇ ਹਨ, ਡਾਕਟਰ ਚੀਮਾ ਨੇ ਕਿਹਾ ਕਿ ਤੁਸੀਂ ਬੇਅਦਬੀ ਦੇ ਕੇਸਾਂ ਦੀ ਪਹਿਲਾਂ ਸੀਬੀਆਈ ਤੋਂ ਮੁੜ ਜਾਂਚ ਦੀ ਮੰਗ ਕਰਕੇ ਫਿਰ ਇਸ ਤੋਂ ਮੁਕਰ ਕਿਵੇਂ ਸਕਦੇ ਹੋ? ਇਸ ਕੇਸ ਦਾ ਸੱਚ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਡੀਜੀਪੀ ਦੀ ਸਹਿਮਤੀ ਨਾਲ 29 ਜੁਲਾਈ ਨੂੰ ਸਿਟ ਚੇਅਰਮੈਨ ਪ੍ਰਬੋਧ ਕੁਮਾਰ ਨੇ ਸੀਬੀਆਈ ਨੂੰ ਬੇਅਦਬੀ ਕੇਸਾਂ ਦੀ ਮੁੜ ਜਾਂਚ ਲਈ ਲਿਖਿਆ ਸੀ। ਉਹਨਾਂ ਦੱਸਿਆ ਕਿ 31 ਜੁਲਾਈ ਨੂੰ ਮੁੱਖ ਮੰਤਰੀ ਨੇ ਸੀਬੀਆਈ ਨੂੰ ਬੇਅਦਬੀ ਕੇਸਾਂ ਦੀ ਜਾਂਚ ਲਈ ਆਖਿਆ ਹੈ, ਜੋ ਕਿ ਰਿਕਾਰਡ ਵਿਚ ਪਿਆ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਇੱਕ ਅਗਸਤ ਨੂੰ ਐਡਵੋਕੇਟ ਜਨਰਲ ਨੇ ਇਸ ਦੇ ਖ਼ਿਲਾਫ ਬਿਆਨ ਦਿੱਤਾ ਸੀ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਵਿਧਾਨ ਸਭਾ ਅੰਦਰ ਇਹ ਕਹਿੰਦਿਆਂ ਪਲਟੀ ਮਾਰੀ ਸੀ ਕਿ ਸੀਬੀਆਈ ਦਾ ਕੇਸ ਦੀ ਮੁੜ ਜਾਂਚ ਨਾਲ ਕੋਈ ਲੈਣਾ ਦੇਣਾ ਨਹੀਂ ਹੈ।ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਦੋ ਦਿਨ ਪਹਿਲਾਂ ਮੀਡੀਆ ਨੂੰ ਇੱਕ ਇੰਟਰਵਿਊ ਦਿੰਦਿਆਂ ਅਮਰਿੰਦਰ ਸਿੰਘ ਨੇ ਇੱਕ ਹੋਰ ਪਲਟੀ ਮਾਰੀ ਸੀ, ਜਿਸ ਵਿਚ ਉਸ ਨੇ ਕਿਹਾ ਕਿ ਸਿਟ ਚੇਅਰਮੈਨ ਨੇ ਸੀਬੀਆਈ ਨੂੰ ਕੇਸ ਦੀ ਮੁੜ ਜਾਂਚ ਬਾਰੇ ਚਿੱਠੀ ਲਿਖਕੇ ਗਲਤ ਕੀਤਾ ਸੀ ਅਤੇ ਜੇਕਰ ਅਜਿਹਾ ਨਾ ਕੀਤਾ ਗਿਆ ਹੁੰਦਾ ਤਾਂ ਇਹ ਕੇਸ ਹੁਣ ਤਕ ਹੱਲ ਹੋ ਚੁੱਕਿਆ ਹੁੰਦਾ। ਉਹਨਾਂ ਕਿਹਾ ਕਿ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਸੀਬੀਆਈ ਨੇ ਅਦਾਲਤ ਵਿਚ ਇਹ ਬਿਆਨ ਦਿੱਤਾ ਸੀ ਕਿ ਇਹ ਪੰਜਾਬ ਸਰਕਾਰ ਦੇ ਕਹਿਣ ਉੱਤੇ ਇਸ ਕੇਸ ਦੀ ਮੁੜ ਜਾਂਚ ਕਰ ਰਹੀ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਕੇਸ ਦੀ ਜੜ੍ਹ ਤਕ ਨਹੀਂ ਜਾਣਾ ਚਾਹੁੰਦੇ ਹਨ ਅਤੇ ਉਹ ਸਿਰਫ ਇਸ ਦਾ ਸਿਆਸੀਕਰਨ ਕਰ ਰਹੇ ਹਨ, ਡਾਕਟਰ ਚੀਮਾ ਨੇ ਕਿਹਾ ਕਿ ਵਾਰ ਵਾਰ ਆਪਾ ਵਿਰੋਧੀ ਬਿਆਨਬਾਜ਼ੀ ਨਾਲ ਜਾਂਚ 'ਚ ਵਿਘਨ ਪਾਉਣ ਦੀ ਹੋਰ ਕੀ ਵਜ੍ਹਾ ਹੋ ਸਕਦੀ ਹੈ? ਉਹਨਾਂ ਕਿਹਾ ਕਿ ਇਸ ਨਾਲ ਤੁਹਾਡੇ ਅਸਲੀ ਇਰਾਦੇ ਦੀ ਪੋਲ੍ਹ ਖੁੱਲਦੀ ਹੈ, ਜੋ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤਕ ਬੇਅਦਬੀ ਦੇ ਮੁੱਦੇ ਨੂੰ ਲਟਕਾ ਕੇ ਰੱਖਣਾ ਹੈ ਤਾਂ ਕਿ ਲੋਕਾਂ ਦਾ ਧਿਆਨ ਸਾਰੇ ਫਰੰਟਾਂ ਉੱਤੇ ਤੁਹਾਡੀਆਂ ਨਾਕਾਮੀਆਂ ਵੱਲ ਨਾ ਜਾਵੇ।
ਮੁੱਖ
ਮੰਤਰੀ ਨੂੰ ਇਹ ਚੇਤੇ ਕਰਵਾਉਂਦਿਆਂ ਕਿ ਉਸ ਨੇ ਸਦਾ ਮੰਦਭਾਗੇ ਬੇਅਦਬੀ ਕੇਸਾਂ ਦੀ
ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਡਾਕਟਰ ਚੀਮਾ ਨੇ ਕਿਹਾ ਕਿ ਜਦੋਂ ਕੈਪਟਨ
ਅਮਰਿੰਦਰ ਵਿਰੋਧੀ ਧਿਰ ਦਾ ਆਗੂ ਸੀ ਤਾਂ ਵੀ ਉਸ ਨੇ ਮੰਗ ਕੀਤੀ ਸੀ ਕਿ ਬੇਅਦਬੀ ਦੇ ਕੇਸਾਂ
ਨੂੰ ਸੀਬੀਆਈ ਦੇ ਹਵਾਲੇ ਕੀਤਾ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਅਤੇ ਸਾਬਕਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਵੀ ਇਹੀ ਵਿਚਾਰ ਰਿਹਾ ਹੈ। ਇੰਜ ਜਾਪਦਾ ਹੈ ਕਿ ਮੁੱਖ
ਮੰਤਰੀ ਨੇ ਜਾਂਚ ਨੂੰ ਲੀਹੋਂ ਲਾਹੁਣ ਅਤੇ ਇਨਸਾਫ ਨੂੰ ਲਟਕਾਉਣ ਲਈ ਇਸ ਮਾਮਲੇ ਉੱਤੇ
ਪਲਟੀ ਮਾਰੀ ਹੈ। ਇਹ ਬਹੁਤ ਹੀ ਨਿੰਦਣਯੋਗ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਵਿਰੁੱਧ
ਹੈ, ਜੋ ਕਿ ਤੇਜ਼ ਜਾਂਚ ਰਾਹੀਂ ਇਸ ਘਿਨੌਣੇ ਅਪਰਾਧ ਦੇ ਦੋਸ਼ੀਆਂ ਅਤੇ ਸਾਜ਼ਿਸ਼ਕਾਰਾਂ ਨੂੰ
ਮਿਸਾਲੀ ਸਜ਼ਾਵਾਂ ਦਿਵਾਉਣਾ ਚਾਹੁੰਦੀ ਹੈ।