ਚੰਡੀਗੜ•/04 ਨਵੰਬਰ:ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਅਚਾਨਕ ਮਾਰੀ ਪਲਟੀ ਉੱਤੇ ਹੈਰਾਨੀ ਜ਼ਾਹਿਰ ਕੀਤੀ ਹੈ। ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਬ੍ਰਹਮਪੁਰਾ ਨੇ ਕਿਹਾ ਸੀ ਕਿ ਪਾਰਟੀ ਲੀਡਰਸ਼ਿਪ ਨਾਲ ਕਿਸੇ ਵੀ ਮੁੱਦੇ ਉੱਤੇ ਉਹਨਾਂ ਦੇ ਕੋਈ ਮਤਭੇਦ ਨਹੀਂ ਹਨ ਅਤੇ ਉਹ ਉਮਰ ਜੁਆਬ ਦੇ ਜਾਣ ਕਰਕੇ ਪਾਰਟੀ ਦੀਆਂ ਅਹੁਦੇਦਾਰੀਆਂ ਛੱਡ ਰਹੇ ਹਨ। ਉਹਨਾਂ ਕਿਹਾ ਕਿ ਅੱਜ ਅਚਾਨਕ ਬ੍ਰਹਮਪੁਰਾ ਅਜਿਹੇ ਮੁੱਦੇ ਉਠਾ ਲਏ ਹਨ, ਜਿਹਨਾਂ ਬਾਰੇ ਉਹਨਾਂ ਨੇ ਪਹਿਲਾਂ ਕਦੇ ਵੀ ਪਾਰਟੀ ਦੇ ਅੰਦਰ ਜਾਂ ਬਾਹਰ ਕਦੇ ਗੱਲ ਨਹੀਂ ਸੀ ਕੀਤੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਬੇਅਦਬੀ ਵਰਗੇ ਮੁੱਦੇ ਉੱਤੇ ਬ੍ਰਹਮਪੁਰਾ ਵਰਗੇ ਸੀਨੀਅਰ ਆਗੂ ਨੂੰ ਪਾਰਟੀ ਲੀਡਰਸ਼ਿਪ ਨਾਲ ਆਪਣੇ ਮਤਭੇਦਾਂ ਦੀ ਗੱਲ ਕਰਨਾ ਸ਼ੋਭਾ ਨਹੀਂ ਦਿੰਦਾ, ਕਿਉਂਕਿ ਉਹਨਾਂ ਨੇ ਆਪਣੇ ਬੇਟੇ ਨੂੰ ਪਾਰਟੀ ਦੀ ਟਿਕਟ ਉੱਤੇ ਉਸੇ ਸੀਟ ਤੋਂ ਚੋਣ ਲੜਾਈ ਸੀ, ਜਿਸ ਸੀਟ ਨੂੰ ਕਾਂਗਰਸੀ ਆਗੂ ਰਮਨਜੀਤ ਸਿੰਘ ਸਿੱਕੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਉੱਤੇ ਰੋਸ ਵਜੋਂ ਅਸਤੀਫਾ ਦਿੰਦਿਆਂ ਖਾਲੀ ਕੀਤਾ ਸੀ। ਉਹਨਾਂ ਕਿਹਾ ਕਿ ਉਸ ਸਮੇਂ ਬ੍ਰਹਮਪੁਰਾ ਨੇ ਆਪਣੇ ਬੇਟੇ ਲਈ ਪਾਰਟੀ ਤੋਂ ਟਿਕਟ ਮੰਗੀ ਸੀ। ਉਹਨਾਂ ਨੇ ਪਾਰਟੀ ਲੀਡਰਸ਼ਿਪ ਨੂੰ ਬੇਨਤੀ ਕੀਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੋਈ ਮੁੱਦਾ ਨਹੀਂ ਹੈ ਅਤੇ ਕਾਂਗਰਸ ਇਸ ਦਾ ਸਿਆਸੀਕਰਨ ਕਰ ਰਹੀ ਹੈ। ਉਹਨਾਂ ਕਿਹਾ ਕਿ ਬ੍ਰਹਮਪੁਰਾ ਸਾਹਿਬ ਹੁਣ ਅਚਾਨਕ ਇਹ ਮੁੱਦਾ ਕਿਵੇਂ ਬਣ ਗਿਆ? ਇਹ ਝੂਠ ਉਹਨਾਂ ਦੇ ਅਤੀਤ ਦੇ ਵਿਵਹਾਰ ਉੱਤੇ ਉਂਗਲੀ ਕਰਦਾ ਹੈ।
ਅਕਾਲੀ ਆਗੂਆਂ ਨੇ ਚੇਤੇ ਕੀਤਾ ਕਿ ਜਦੋਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਸਨ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੂਰਨ ਭਰੋਸਾ ਜਤਾਉੁਣ ਵਾਲੇ ਪਾਰਟੀ ਦੇ ਪ੍ਰਸਤਾਵ ਦਾ ਸਮਰਥਨ ਕਰਨ ਵਿਚ ਸਰਦਾਰ ਬ੍ਰਹਮਪੁਰਾ ਸਭ ਤੋਂ ਮੋਹਰੀ ਸਨ। ਉਹਨਾਂ ਕਿਹਾ ਕਿ ਕਈ ਹੋਰ ਮੌਕਿਆਂ ਉਤੇ ਵੀ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਮਜ਼ਬੂਤੀ ਨਾਲ ਆਪਣਾ ਭਰੋਸਾ ਦੁਹਰਾਇਆ ਸੀ। ਅੱਜ ਅਤੇ ਉਹਨਾਂ ਦੀ ਪਿਛਲੀ ਪ੍ਰੈਸ ਕਾਨਫਰੰਸ ਵਿਚਕਾਰ ਅਜਿਹਾ ਕੀ ਵਾਪਰ ਗਿਆ? ਉਹਨਾਂ ਕਿਹਾ ਕਿ ਬ੍ਰਹਮਪੁਰਾ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ ਕਿ ਉਹਨਾਂ ਦੇ ਸੁਖਬੀਰ ਸਿੰਘ ਬਾਦਲ ਨਾਲ ਕੋਈ ਮਤਭੇਦ ਨਹੀਂ ਹਨ। ਉਹ ਪਾਰਟੀ ਦੀਆਂ ਅਹੁਦੇਦਾਰੀਆਂ ਇਸ ਲਈ ਛੱਡ ਰਹੇ ਹਨ ਕਿਉਂਕਿ ਬੁਢਾਪੇ ਕਰਕੇ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਉਹ ਪਾਰਟੀ ਅਤੇ ਲੋਕਾਂ ਦੀ ਸੇਵਾ ਤਨਦੇਹੀ ਨਾਲ ਕਰ ਪਾ ਰਹੇ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ ਸਰਦਾਰ ਬ੍ਰਹਮਪੁਰਾ ਪਾਰਟੀ ਲੀਡਰਸ਼ਿਪ ਨਾਲ ਕੁੱਝ ਹੋਰ ਮੁੱਦੇ ਸੁਲਝਾਉਣ ਦੇ ਰੌਂਅ ਵਿਚ ਜਾਪਦੇ ਹਨ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਉਠਾਇਆ ਗਿਆ ਕੋਈ ਵੀ ਮੁੱਦਾ ਨਵਾਂ ਨਹੀਂ ਹੈ। ਜੇਕਰ ਉਹਨਾਂ ਨੂੰ ਇਹਨਾਂ ਮੁੱਦਿਆਂ ਉੱਤੇ ਪਾਰਟੀ ਦੀ ਪਹੁੰਚ ਪ੍ਰਤੀ ਗਿਲਾ ਸੀ ਤਾਂ ਉਸੇ ਸਮੇਂ ਉਹਨਾਂ ਨੂੰ ਇਹ ਮੁੱਦੇ ਜਨਤਕ ਕਰਨੇ ਚਾਹੀਦੇ ਸਨ। ਉਹਨਾਂ ਕਿਹਾ ਕਿ ਨਾਰਾਜ਼ਗੀ ਹੋਣ ਦੇ ਬਾਵਜੂਦ ਸੱਤ ਸਾਲ ਚੁੱਪ ਬੈਠੇ ਰਹਿਣਾ ਬਹੁਤ ਲੰਬਾ ਸਮਾਂ ਹੁੰਦਾ ਹੈ। ਉਹਨਾਂ ਕਿਹਾ ਕਿ ਬ੍ਰਹਮਪੁਰਾ ਵੱਲੋਂ ਹੁਣ ਤੀਕ ਅਕਾਲੀ ਸਰਕਾਰ ਦੇ ਸੱਤਾ ਵਿਚ ਹੁੰਦਿਆਂ ਸਾਰੀਆਂ ਸਹੂਲਤਾਂ ਮਾਣਦੇ ਰਹਿਣਾ ਅਤੇ ਅਕਾਲੀ ਸਾਂਸਦ ਵਜੋਂ ਮਿਲਦੇ ਸਾਰੇ ਲਾਭਾਂ ਦਾ ਆਨੰਦ ਉਠਾਉਂਦੇ ਰਹਿਣਾ ਅਤੇ ਹੁਣ ਅਚਾਨਕ ਅਜਿਹੀਆਂ ਗੱਲਾਂ ਦੇ ਦਾਅਵੇ ਕਰਨਾ, ਜਿਹੜੀਆਂ ਕਦੇ ਵਾਪਰੀਆਂ ਹੀ ਨਹੀਂ ਹਨ, ਇਹ ਠੀਕ ਨਹੀਂ ਹੈ।
ਅਕਾਲੀ ਆਗੂਆਂ ਨੇ ਦੱਸਿਆ ਕਿ ਸਰਦਾਰ ਬ੍ਰਹਮਪੁਰਾ ਨੇ ਅੱਜ ਖੁਦ ਸਵੀਕਾਰ ਕੀਤਾ ਹੈ ਕਿ ਉਸ ਵੱਲੋਂ ਦਿੱਤੇ ਕਿਸੇ ਵੀ ਮਸ਼ਵਰੇ ਨੂੰ ਨਾ ਕਦੇ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਨਾ ਹੀ ਕਦੇ ਸੁਖਬੀਰ ਸਿੰਘ ਬਾਦਲ ਨੇ ਭੁੰਜੇ ਨਹੀਂ ਡਿੱਗਣ ਦਿੱਤਾ ਸੀ। ਇਸ ਤੋਂ ਸਾਫ ਹੁੰਦਾ ਹੈ ਕਿ ਉਸ ਵੱਲੋਂ ਅੱਜ ਕੀਤੇ ਦਾਅਵੇ ਝੂਠੇ ਅਤੇ ਮਨਘੜਤ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਲੀਡਸਸ਼ਿਪ ਦੀ ਦਰਿਆਦਿਲੀ ਦਾ ਬ੍ਰਹਮਪੁਰਾ ਨੇ ਹਮੇਸ਼ਾਂ ਹੀ ਸਭ ਤੋਂ ਵੱਧ ਲਾਭ ਉਠਾਇਆ ਹੈ। ਉਹਨਾਂ ਕਿਹਾ ਕਿ ਸਰਦਾਰ ਬ੍ਰਹਮਪੁਰਾ ਉਸ ਸਮੇਂ ਪੰਜਾਬ ਸਰਕਾਰ ਵਿਚ ਮੰਤਰੀ ਸਨ, ਜਦੋਂ ਸੌਦਾ ਸਾਧ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰ ਕੇ ਬੇਅਦਬੀ ਕੀਤੀ ਸੀ। ਉਸ ਸਮੇਂ ਬ੍ਰਹਮਪੁਰਾ ਨੇ ਇਸ ਮੁੱਦੇ ਉੱਤੇ ਪਾਰਟੀ ਅਤੇ ਸਰਕਾਰ ਦੀ ਪੱਖ ਦਾ ਪੂਰੀ ਤਰ•ਾਂ ਸਮਰਥਨ ਕੀਤਾ ਸੀ। ਉਹਨਾਂ ਕਿਹਾ ਕਿ ਸਰਦਾਰ ਬ੍ਰਹਮਪੁਰਾ ਹੀ ਸਦਾ ਹੀ ਪਾਰਟੀ ਅੰਦਰ ਅਜਿਹੇ ਉੱਚੇ ਅਹੁਦਿਆਂ ਉਤੇ ਬਿਰਾਜਮਾਨ ਰਹੇ, ਜੋ ਕਿ ਪਾਰਟੀ ਪ੍ਰਧਾਨ ਅਤੇ ਸਰਦਾਰ ਪਰਕਾਸ਼ ਸਿੰਘ ਬਾਦਲ ਤੋਂ ਤੁਰੰਤ ਬਾਅਦ ਗਿਣੇ ਜਾਂਦੇ ਸਨ। ਉਹ ਹੁਣ ਵੀ ਇੱਕ ਅਕਾਲੀ ਸਾਂਸਦ ਹਨ। ਉਹਨਾਂ ਨੂੰ ਪਾਰਟੀ ਪ੍ਰਤੀ ਇੰਨੇ ਨਾਸ਼ੁਕਰੇ ਨਹੀਂ ਹੋਣਾ ਚਾਹੀਦਾ, ਖਾਸ ਕਰਕੇ ਅਜਿਹੇ ਸਮੇਂ ਪਾਰਟੀ ਪੰਥ ਦੋਖੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।