ਕਿਹਾ ਕਿ ਬਿੱਟੂ ਉੱਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ
ਚੰਡੀਗੜ੍ਹ/30 ਸਤੰਬਰ:ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਵੱਲੋਂਕੀਤੇ ਇਕਬਾਲ ਕਿ ਉਸ ਦੇ ਦਾਦਾ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਲੋਕਾਂ ਨੂੰ ਗੈਰਕਾਨੂੰਨੀ ਤੌਰ ਤੇ ਕਤਲ ਕਰਨਾ ਆਮ ਗੱਲ ਸੀ, ਨੂੰ 'ਸਿੱਖ ਨੌਜਵਾਨਾਂ ਦਾ ਕਤਲੇਆਮ' ਕਰਾਰ ਦਿੰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਬਿੱਟੂ ਉੱਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਸ ਨੇ ਅੱਜ ਸਭ ਦੇ ਸਾਹਮਣੇ ਇਹ ਕਬੂਲ ਕੀਤਾ ਹੈ ਕਿ ਉਸ ਦੇ ਦਾਦੇ ਦੇ ਰਾਜ ਵੇਲੇ ਨੌਜਵਾਨਾਂ ਨੂੰ ਮਾਰਿਆ ਗਿਆ ਸੀ। ਅਜਿਹੀ ਜਾਣਕਾਰੀ ਰੱਖਣ ਲਈ ਉਸ ਦੀ ਪੁੱਛਗਿੱਛ ਹੋਣੀ ਚਾਹੀਦੀ ਹੈ ਤਾਂ ਸੱਚਾਈ ਸਾਹਮਣੇ ਆ ਸਕੇ।
ਅਕਾਲੀ ਆਗੂ ਨੇ ਬਿੱਟੂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਤਾਜ਼ਾ ਇਤਿਹਾਸ ਦਾ ਸਭ ਤੋਂ ਮੰਦਭਾਗਾ ਸਮਾਂ ਸੀ। ਉਹਨਾਂ ਕਿਹਾ ਕਿ ਬਿੱਟੂ ਵਰਗੇ ਲੋਕਾਂ ਨੂੰ ਇਨਸਾਫ ਨਹੀਂ ਦੇ ਸਕਦੇ, ਜਿਹੜੇ ਸ਼ਰੇਆਮ ਇਹ ਸਵੀਕਾਰ ਕਰਦੇ ਹਨ ਕਿ ਬੇਅੰਤ ਸਿੰਘ ਦੇ ਕਾਰਜਕਾਲ ਦੌਰਨ ਹਜ਼ਾਰਾਂ ਨੌਜਵਾਨਾਂ ਨੂੰ ਘਰਾਂ 'ਚੋਂ ਚੁੱਕ ਕੇ ਮਾਰ ਦਿੱਤਾ ਸੀ। ਉਹਨਾਂ ਕਿਹਾ ਕਿ ਸਿੱਖਾਂ ਉਤੇ ਇਹ ਸਮਾਂ ਝੱਖੜ ਬਣ ਕੇ ਝੁੱਲਿਆ ਸੀ। ਪਹਿਲਾਂ 1984 ਵਿਚ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਦਿੱਲੀ ਅੰਦਰ 3000 ਤੋਂ ਵੱਧ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। ਬੜੇ ਦੁੱਖ ਦੀ ਗੱਲ ਹੈ ਕਿ ਇੰਨਾ ਕਤਲੇਆਮ ਹੋਣ ਉੱਤੇ ਰਾਜੀਵ ਗਾਂਧੀ ਨੇ ਇਹ ਕਹਿੰਦਿਆਂ ਇਸ ਨੂੰ ਸਹੀ ਠਹਿਰਾਇਆ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਬੇਅੰਤ ਸਿੰਘ ਨੇ ਮੁੱਖ ਮੰਤਰੀ ਵਜੋਂ ਸਿੱਖਾਂ ਅਤੇ ਪੰਜਾਬੀਆਂ ਉੱੇਤ ਬਹੁਤ ਜ਼ੁਲਮ ਢਾਹੇ ਸਨ। ਉਹਨਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਚੋਣਾਂ ਵਿਚ ਸਿਰਫ ਇੱਕ ਫੀਸਦੀ ਵੋਟਾਂ ਨਾਲ ਚੁਣੀ ਗਈ ਸਰਕਾਰ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਨਹੀਂ ਕਿਹਾ ਜਾ ਸਕਦਾ। ਉਹਨਾਂ ਕਿਹਾ ਕਿ ਜਿਹਨਾਂ ਚੋਣਾਂ ਦੌਰਾਨ ਬੇਅੰਤ ਸਿੰਘ ਮੁੱਖ ਮੰਤਰੀ ਬਣਿਆ ਸੀ, ਉਸ ਸਮੇਂ ਸੂਬੇ ਦੇ ਲੋਕਾਂ ਨੇ ਚੋਣਾਂ ਵਿਚ ਭਾਗ ਨਹੀਂ ਸੀ ਲਿਆ। ਅਕਾਲੀ ਆਗੂ ਨੇ ਕਾਂਗਰਸ ਸਰਕਾਰ ਦੀ ਸੂਬੇ ਅੰਦਰ ਕਠੋਰ ਦਹਿਸ਼ਤੀ ਕਾਨੂੰਨ ਬਣਾ ਕੇ ਹਜ਼ਾਰਾਂ ਨਿਰਦੋਸ਼ ਪੰਜਾਬੀਆਂ ਦਾ ਕਤਲੇਆਮ ਕਰਨ ਲਈ ਸਖ਼ਤ ਨਿਖੇਧੀ ਕੀਤੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਜਦ ਤਕ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਰਹੀ, ਸਿੱਖ ਕਤਲੇਆਮ ਦੇ ਕਿਸੇ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਹੋਈ। ਉਹਨਾਂ ਕਿਹਾ ਕਿ ਤਕਰੀਬਨ 35 ਸਾਲ ਬਾਅਦ ਇਨਸਾਫ ਦਾ ਪਹੀਆ ਘੁੰਮਿਆ ਹੈ ਅਤੇ ਸਿੱਖਾਂ ਅੰਦਰ ਇਨਸਾਫ ਮਿਲਣ ਦੀ ਦੁਬਾਰਾ ਤੋਂ ਉਮੀਦ ਜਾਗੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇੱਕ ਸੰਸਦ ਮੈਂਬਰ ਕਤਲੇਆਮ ਦੇ ਦੌਰ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੀ ਬੇਕਸੂਰ ਨੌਜਵਾਨਾਂ ਨੂੰ ਮਾਰਨਾ ਸਹੀ ਹੈ? ਜਿਹੜੇ ਵਿਅਕਤੀ ਮੌਤ ਦੀ ਸਿਆਸਤ ਕਰਦੇ ਹਨ, ਉਹਨਾਂ ਖ਼ਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ?
ਇਸੇ ਦੌਰਾਨ ਸਰਦਾਰ ਮਜੀਠੀਆ ਨੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਹਿੰਸਾ ਦਾ ਸੰਤਾਪ ਭੋਗ ਚੁੱਕੇ ਸੂਬੇ ਦੇ ਜਖ਼ਮਾਂ ਉਤੇ ਮੱਲ੍ਹਮ ਲਗਾਏਗਾ।