ਅਹੁਦੇ ਦਾ ਵੱਕਾਰ ਬਚਾਉਣ ਲਈ ਸਪੀਕਰ ਤੁਰੰਤ ਅਸਤੀਫਾ ਦੇਣ
ਰਾਣਾ ਆਪਣੇ ਅਹੁਦੇ ਦੇ ਸਨਮਾਨ ਦੀ ਰਾਖੀ ਲਈ ਇਸ ਘੁਟਾਲੇ ਦੀ ਨਿਆਂਇਕ ਜਾਂਚ ਦੀ ਸਿਫਾਰਿਸ਼ ਕਰਨ: ਅਕਾਲੀ-ਭਾਜਪਾ ਵਿਧਾਇਕਾਂ ਨੇ ਸਪੀਕਰ ਨੂੰ ਚਿੱਠੀ ਲਿਖੀ
ਚੰਡੀਗੜ•/16 ਮਾਰਚ: ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਦੇ ਐਨ ਮੌਕੇ ਇੱਕ ਵੱਡਾ ਝਟਕਾ ਦਿੰਦਿਆਂ ਅਕਾਲੀ-ਭਾਜਪਾ ਦੋਹਾਂ ਪਾਰਟੀਆਂ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਕੋਲੋਂ ਨੈਤਿਕ ਆਧਾਰ ਉੱਤੇ ਅਸਤੀਫੇ ਦੀ ਮੰਗ ਕੀਤੀ ਹੈ। ਇਹ ਮੰਗ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਵੱਲੋਂ ਨੰਗਲ ਫਾਰਮੇਸੀ ਕਾਲਜ ਵਿਚ ਭਰਤੀ ਘੁਟਾਲੇ ਦੀਆਂ ਸ਼ਿਕਾਇਤਾਂ ਦੀ ਜਾਂਚ ਦੇ ਹੁਕਮਾਂ ਮਗਰੋਂ ਕੀਤੀ ਗਈ ਹੈ। ਇਸ ਫਾਰਮੇਸੀ ਦੇ 44 ਅਹੁਦੇ ਸਥਾਨਕ ਕਾਂਗਰਸੀ ਵਰਕਰਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਦਿੱਤੇ ਗਏ ਹਨ ਅਤੇ ਉਹ ਸਾਰੇ ਸਪੀਕਰ ਦੇ ਕਥਿਤ ਤੌਰ ਤੇ ਵਫਾਦਾਰ ਅਤੇ ਕਾਂਗਰਸੀ ਵਰਕਰ ਹਨ।
ਅਕਾਲੀ-ਭਾਜਪਾ ਦੇ ਸਪੀਕਰ ਨੂੰ ਉਹਨਾਂ ਦੇ ਅਹੁਦੇ ਦੇ ਸਨਮਾਨ ਅਤੇ ਵੱਕਾਰ ਦਾ ਚੇਤਾ ਕਰਵਾਇਆ, ਜਿਹੜਾ ਸ਼ੱਕ ਅਤੇ ਜਨਤਕ ਜੀਵਨ ਵਿਚ ਇਮਾਨਦਾਰੀ ਉੱਤੇ ਦਾਗ ਤੋਂ ਪਰ•ੇ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦ ਤਕ ਇਸ ਘੁਟਾਲੇ ਨਾਲ ਜੁੜੇ ਸੁਆਲ ਅਤੇ ਦੋਸ਼ ਤੁਹਾਡੇ ਦੁਆਲੇ ਰਹਿਣਗੇ, ਤੁਸੀਂ ਆਪਣੇ ਫਰਜ਼ਾਂ ਨੂੰ ਆਜ਼ਾਦ ਅਤੇ ਨਿਰਪੱਖ ਹੋ ਕੇ ਨਹੀਂ ਨਿਭਾ ਸਕਦੇ।
ਅਕਾਲੀ-ਭਾਜਪਾ ਵਿਧਾਇਕਾਂ ਨੇ ਇਸ ਸੰਬੰਧੀ ਅੱਜ ਸਪੀਕਰ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਕਿ ਉਹ ਆਪਣੇ ਅਹੁਦੇ ਦਾ ਵੱਕਾਰ ਬਹਾਲ ਰੱਖਣ ਲਈ ਇਸ ਘੁਟਾਲੇ ਦੀ ਨਿਆਂਇਕ ਜਾਂਚ ਦੀ ਸਿਫਾਰਿਸ਼ ਕਰਨ। ਉਹਨਾਂ ਕਿਹਾ ਕਿ ਜਦ ਤਕ ਉਹਨਾਂ ਦਾ ਆਪਣਾ ਨਾਂ ਸ਼ੱਕ ਦੇ ਘੇਰੇ ਵਿਚ ਰਹੇਗਾ, ਰਾਣਾ ਕੇਪੀ ਸਿੰਘ ਸਪੀਕਰ ਵਜੋਂ ਆਪਣੀ ਡਿਊਟੀ ਨਹੀਂ ਨਿਭਾ ਸਕਣਗੇ। ਜਦੋਂ ਵਿਭਾਗੀ ਅਤੇ ਨਿਆਂਇਕ ਜਾਂਚ ਦੋਹਾਂ ਵੱਲੋਂ ਉਹਨਾਂ ਨੂੰ ਇਸ ਘੁਟਾਲੇ ਚੋਂ ਕਲੀਨ ਚਿੱਟ ਮਿਲ ਜਾਂਦੀ ਹੈ, ਉਸ ਤੋਂ ਬਾਅਦ ਹੀ ਉਹ ਸਪੀਕਰ ਵਜੋਂ ਆਪਣੀ ਡਿਊਟੀ ਨਿਭਾ ਸਕਦੇ ਹਨ।
ਇਹ ਟਿੱਪਣੀ ਕਰਦਿਆ ਕਿ ਸਪੀਕਰ ਨੇ ਮੈਨੇਜਮੈਂਟ ਕਮੇਟੀ ਦੇ ਐਕਸ-ਆਫੀਸ਼ੀਓ ਮੈਂਬਰ ਵਜੋਂ ਸ਼ਿਵਾਲਿਕ ਕਾਲਜ ਆਫ ਫਾਰਮੇਸੀ ਦੇ ਪ੍ਰਬੰਧ ਵਿਚ ਵੀ ਜ਼ਿੰਮੇਵਾਰੀ ਨਿਭਾਈ ਸੀ, ਅਕਾਲੀ-ਭਾਜਪਾ ਨੇ ਕਿਹਾ ਕਿ ਬਹੁਤ ਸਾਰੇ ਸੁਆਲਾਂ ਦੇ ਜੁਆਬ ਨਹੀਂ ਮਿਲੇ। ਸਿਰਫ ਨਿਆਂਇਕ ਜਾਂਚ ਹੀ ਇਸ ਘੁਟਾਲੇ ਦੀ ਸਾਰੀ ਅਸਲੀਅਤ ਨੂੰ ਬਾਹਰ ਲਿਆ ਸਕਦੀ ਹੈ। ਉਹਨਾਂ ਕਿਹਾ ਕਿਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤਹਿਤ ਆਉਣ ਵਾਲੀ ਇੱਕ ਸੰਸਥਾ ਦਾ ਟੈਸਟ ਲੈਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਕਿਉਂ ਕਿਹਾ ਗਿਆ? ਕਿੰਨੀ ਹੈਰਾਨੀ ਦੀ ਗੱਲ ਹੈ ਕਿ ਲਿਖਤੀ ਟੈਸਟ ਮਗਰੋਂ ਚੁਣੇ ਗਏ ਸਾਰੇ 44 ਉਮੀਦਵਾਰ ਜਾਂ ਤਾਂ ਨੰਗਲ ਦੇ ਕਾਂਗਰਸੀ ਆਗੂਆਂ ਦੇ ਪਰਿਵਾਰਾਂ ਨਾਲ ਸੰਬੰਧਿਤ ਸਨ ਜਾਂ ਪ੍ਰਿੰਸੀਪਲ ਅਤੇ ਅਧਿਆਪਕਾਂ ਸਣੇ ਮੈਨੇਜਮੈਂਟ ਕਮੇਟੀ ਮੈਂਬਰਾਂ ਦੇ ਰਿਸ਼ਤੇਦਾਰ ਸਨ।
ਨੰਗਲ ਕਾਲਜ ਆਫ ਫਾਰਮੇਸੀ ਦੇ ਭਰਤੀ ਘੁਟਾਲੇ ਦੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਵੱਲੋਂ ਦਿੱਤੇ ਵਿਜੀਲੈਂਸ ਜਾਂਚ ਦੇ ਹੁਕਮਾਂ ਦੇ ਆਧਾਰ ਉੱਤੇ ਸਪੀਕਰ ਦੇ ਅਸਤੀਫੇ ਦੀ ਮੰਗ ਕਰਦਿਆਂ ਅਕਾਲੀ-ਭਾਜਪਾ ਵਿਧਾਇਕਾਂ ਨੇ ਕਿਹਾ ਕਿ ਇਸ ਘੁਟਾਲੇ ਬਾਰੇ ਇੰਨੀਆਂ ਗੰਭੀਰ ਸ਼ਿਕਾਇਤਾਂ ਪਾਈਆਂ ਗਈਆਂ ਹਨ ਕਿ ਕਾਂਗਰਸ ਸਰਕਾਰ ਵਿਚ ਇੱਕ ਮੰਤਰੀ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ,ਤੁਸੀਂ ਵੀ ਉਸੇ ਪਾਰਟੀ ਨਾਲ ਸੰਬੰਧਿਤ ਹੋ। ਕਿਉਂਕਿ ਤੁਹਾਡੇ ਨੇੜਲੇ ਸਹਿਯੋਗੀਆਂ ਦੇ ਨਾਂਵਾਂ ਉੱਤੇ ਲੱਗੇ ਦੋਸ਼ਾਂ ਕਰਕੇ ਤੁਹਾਡਾ ਨਾਂ ਵੀ ਇਸ ਘੁਟਾਲੇ ਨਾਲ ਜੁੜਦਾ ਹੈ, ਇਸ ਲਈ ਆਪਣੇ ਅਹੁਦੇ ਦੇ ਵੱਕਾਰ ਦੀ ਰਾਖੀ ਲਈ ਤੁਹਾਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।ਇਸ ਘੁਟਾਲੇ ਦੀ ਆਜ਼ਾਦ ਅਤੇ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਅਤੇ ਇਸ ਨੂੰ ਸੂਬੇ ਦੀ ਕਿਸੇ ਉੱਚੀ ਹਸਤੀ ਦੇ ਪ੍ਰਭਾਵ ਤੋਂ ਮੁਕਤ ਰੱਖਣ ਲਈ ਤੁਹਾਡਾ ਅਸਤੀਫਾ ਦੇਣਾ ਜਰੂਰੀ ਹੈ। ਇਹ ਜਾਂਚ ਵਿਭਾਗ ਦੇ ਮੁੱਖ ਵਿਜੀਲੈਂਸ ਅਧਿਕਾਰੀ ਵੱਲੋਂ ਕੀਤੀ ਜਾਣੀ ਹੈ।
ਅਕਾਲੀ-ਭਾਜਪਾ ਵਿਧਾਇਕਾਂ ਨੇ ਅੱਗੇ ਕਿਹਾ ਕਿ ਸਪੀਕਰ ਦਾ ਇਸ ਲਈ ਵੀ ਅਸਤੀਫਾ ਦੇਣਾ ਜਰੂਰੀ ਹੈ ਤਾਂ ਕਿ ਇਸ ਘੁਟਾਲੇ ਦੀ ਜਾਂਚ ਨਿਰਪੱਖ ਅਤੇ ਆਜ਼ਾਦ ਢੰਗ ਨਾਲ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸਪੀਕਰ ਦੇ ਨੇੜਲੇ ਵਿਅਕਤੀਆਂ ਦਾ ਜਾਂਚੀਆਂ ਜਾਣੀਆਂ ਸ਼ਿਕਾਇਤਾਂ ਵਿਚ ਜ਼ਿਕਰ ਕੀਤਾ ਗਿਆ ਹੈ। ਜਦ ਤਕ ਤੁਸੀਂ ਇਸ ਉੱਚੇ ਅਹੁਦੇ ਉੱਤੇ ਬਿਰਾਜਮਾਨ ਹੋ, ਕੋਈ ਵਿਸਵਾਸ਼ ਨਹੀਂ ਕਰੇਗਾ ਕਿ ਉਹਨਾਂ ਵਿਅਕਤੀਆਂ ਵਿਰੁੱਧ ਇੱਕ ਨਿਰਪੱਖ ਅਤੇ ਸੁਤੰਤਰ ਜਾਂਚ ਹੋ ਸਕਦੀ ਹੈ। ਤੁਹਾਡੇ ਵੱਲੋਂ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਉਸ ਕੁਰਸੀ ਨੂੰ ਵੀ ਸ਼ੱਕ ਦੇ ਘੇਰੇ ਵਿਚ ਲੈ ਆਉਣਗੇ, ਜਿਸ ਉਤੇ ਤੁਸੀਂ ਬੈਠੇ ਹੋ। ਇਹਨਾਂ ਸਾਰੇ ਤੱਥਾਂ ਦੀ ਰੋਸ਼ਨੀ ਵਿਚ ਉਸ ਕੁਰਸੀ ਪ੍ਰਤੀ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਤੁਰੰਤ ਇਸ ਨੂੰ ਛੱਡ ਦਿਓ ਅਤੇ ਸਪੀਕਰ ਦੇ ਦਫਤਰ ਨੂੰ ਸਾਰੇ ਸ਼ੰਕਿਆਂ ਤੋਂ ਦੂਰ ਰੱਖੋ।
ਬਹੁਤ ਸਾਰੇ ਵਿਧਾਇਕਾਂ ਦੇ ਦਸਤਖ਼ਤਾਂ ਹੇਠ ਜਾਰੀ ਕੀਤੀ ਇਸ ਚਿੱਠੀ ਵਿਚ ਇਹ ਨੁਕਤਾ ਵੀ ਉਠਾਇਆ ਗਿਆ ਕਿ ਸਪੀਕਰ ਦੇ ਬਹੁਤ ਹੀ ਨੇੜਲੇ ਵਿਅਕਤੀ ਅਤੇ ਨੰਗਲ ਕਾਂਗਰਸ ਬਲਾਕ ਪ੍ਰਧਾਨ ਤੋਂ ਇਲਾਵਾ ਕਾਂਗਰਸੀ ਕੌਂਸਲਰਾਂ ਅਤੇ ਲੋਕਲ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਕਾਂਗਰਸੀ ਪ੍ਰਧਾਨਾਂ ਖ਼ਿਲਾਫ ਬਹੁਤ ਹੀ ਗੰਭੀਰ ਦੋਸ਼ ਲਗਾਏ ਗਏ ਹਨ। ਵਿਧਾਨ ਸਭਾ ਵਿਚ ਨੰਗਲ ਹਲਕੇ ਦੀ ਨੁੰਮਾਇਦਗੀ ਸਪੀਕਰ ਕਰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਸਾਰੇ ਖੁਲਾਸਿਆਂ ਅਤੇ ਖਾਸ ਕਰਕੇ ਇੱਕ ਮੰਤਰੀ ਵੱਲੋਂ ਦਿੱਤੇ ਜਾਂਚ ਦੇ ਹੁਕਮਾਂ ਮਗਰੋਂ, ਤੁਹਾਡੇ ਕੋਲ ਇੱਕ ਮਿੰਟ ਦੀ ਦੇਰ ਲਈ ਵੀ ਅਹੁਦੇ ਉੱਤੇ ਬਣੇ ਰਹਿਣ ਲਈ ਕੋਈ ਦਲੀਲ ਨਹੀਂ ਬਚੀ ਹੈ।
ਅਕਾਲੀ-ਭਾਜਪਾ ਨੇ ਕਿਹਾ ਕਿ ਸਪੀਕਰ ਦੀ ਵਿਧਾਨ ਸਭਾ ਦੇ ਸਨਮਾਨ ਦੀ ਰਾਖੀ ਲਈ ਵੀ ਜ਼ਿੰਮੇਵਾਰੀ ਬਣਦੀ ਹੈ। ਉਹਨਾਂ ਨੂੰ ਇਸ ਸਮੁੱਚੇ ਮੁੱਦੇ ਦੀ ਨਿਆਂਇਕ ਜਾਂਚ ਦੀ ਤੁਰੰਤ ਸਿਫਾਰਿਸ਼ ਕਰਨੀ ਚਾਹੀਦੀ ਹੈ ਤਾਂ ਕਿ ਇਸ ਸਾਰੇ ਘੁਟਾਲੇ ਦੀ ਨਿਰਪੱਖ ਜਾਂਚ ਕੀਤੀ ਜਾ ਸਕੇ।
ਚਿੱਠੀ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਅਕਾਲੀ ਦਲ ਅਤੇ ਭਾਜਪਾ ਦੋਵੇਂ ਹੀ ਸਪੀਕਰ ਦੇ ਅਹੁਦੇ ਦਾ ਬੇਹੱਦ ਸਨਮਾਨ ਕਰਦੇ ਹਨ। ਉਹਨਾਂ ਨੇ ਸਪੀਕਰ ਨੂੰ ਸਿਰਫ ਨੈਤਿਕ ਅਧਾਰ ਉੱਤੇ ਅਸਤੀਫਾ ਦੇਣ ਦੀ ਗੁਜਾਰਿਸ਼ ਕੀਤੀ। ਉਹਨਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਤੁਸੀਂ ਸਾਡੀ ਬੇਨਤੀ ਉੱਤੇ ਗੰਭੀਰਤਾ ਨਾਲ ਗੌਰ ਕਰੋਗੇ ਅਤੇ ਬਿਨਾਂ ਦੇਰੀ ਕੀਤੇ ਨੰਗਲ ਫਾਰਮੇਸੀ ਕਾਲਜ ਵਿਚ ਹੋਏ ਭਰਤੀ ਘੁਟਾਲੇ ਦੀਆਂ ਸਾਰੀਆਂ ਸ਼ਿਕਾਇਤਾਂ ਦੀ ਵਿਭਾਗੀ ਅਤੇ ਆਜ਼ਾਦ ਨਿਆਂਇਕ ਜਾਂਚ ਹੋਣ ਤੋਂ ਪਹਿਲਾਂ ਹੀ ਅਹੁਦਾ ਛੱਡ ਦਿਓਗੇ।