ਚੰਡੀਗੜ•/05 ਸਤੰਬਰ:ਸ਼੍ਰੋਮਣੀ ਅਕਾਲੀ ਦਲ ਨੇ ਖੁਲਾਸਾ ਕੀਤਾ ਹੈ ਕਿ ਜ਼ਿਲਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੀ ਚੋਣ ਪ੍ਰਕਿਰਿਆ ਵਿਚ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਦੂਜੇ ਦਿਨ ਹੀ ਗੜਬੜੀਆਂ ਸ਼ੁਰੂ ਹੋ ਗਈਆਂ ਹਨ, ਕਿਉਂਕਿ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਨੂੰ ਐਸਸੀ/ਬੀਸੀ ਅਤੇ ਇਤਰਾਜ਼ਹੀਣਤਾ ਦੇ ਸਰਟੀਫਿਕੇਟ ਜਾਰੀ ਕਰਨ ਵਾਲੇ ਅਧਿਕਾਰੀ ਆਪਣੇ ਦਫ਼ਤਰਾਂ ਵਿਚੋਂ ਗਾਇਬ ਹਨ ਜਾਂ ਫਿਰ ਸਰਟੀਫਿਕੇਟ ਅਤੇ ਵੋਟਰ ਸੂਚੀਆਂ ਜਾਰੀ ਕਰਨ ਦੀ ਥਾਂ ਇੱਧਰ ਉੱਧਰ ਟਹਿਲ ਰਹੇ ਹਨ।
ਅਕਾਲੀ ਦਲ ਨੇ ਕਿਹਾ ਹੈ ਕਿ ਇਹ ਸਭ ਸੱਤਾਧਾਰੀ ਕਾਂਗਰਸੀ ਹਾਕਮਾਂ ਵੱਲੋਂ ਵਿਰੋਧੀ ਉਮੀਦਵਾਰਾਂ ਨੂੰ ਚੋਣ ਪਿੜ ਤੋਂ ਬਾਹਰ ਰੱਖਣ ਲਈ ਦਿੱਤੇ ਨਿਰਦੇਸ਼ਾਂ ਅਨੁਸਾਰ ਕੀਤਾ ਜਾ ਰਿਹਾ ਹੈ। ਇਹੀ ਅਧਿਕਾਰੀ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਜਰੂਰੀ ਸਰਟੀਫਿਕੇਟ ਦੇਣ ਲਈ ਆਪਣੇ ਘਰ ਤੋਂ ਕੰਮ ਕਰਨਗੇ।
ਲਗਭਗ ਸਾਰੇ ਹੀ ਜ਼ਿਲਿ•ਆਂ ਅਤੇ ਤਹਿਸੀਲਾਂ ਵੱਲੋਂ ਆ ਰਹੀਆਂ ਅਜਿਹੀਆਂ ਰਿਪੋਰਟਾਂ ਦੇ ਮੱਦੇਨਜ਼ਰ ਅਕਾਲੀ ਦਲ ਨੇ ਰਾਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵਿਚਕਾਰ ਬਰਾਬਰੀ ਵਾਲਾ ਚੋਣ ਮੁਕਾਬਲਾ ਯਕੀਨੀ ਬਣਾਇਆ ਜਾਵੇ।
ਇਸ ਸੰਬੰਧੀ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਪਾਰਟੀ ਉਮੀਦਵਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਹੈ। ਵੇਰਕਾ ਬਲਾਕ ਵਿਚ ਵੋਟਰ ਸੂਚੀਆਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਅਜਨਾਲਾ ਬਲਾਕ ਵਿਚ ਸ਼ਿਕਾਇਤਾਂ ਆ ਰਹੀਆਂ ਹਨ ਕਿ ਅਧਿਕਾਰੀ 'ਚੁੱਲ•ਾ ਟੈਕਸ' ਨੂੰ ਨਾਮਨਜ਼ੂਰ ਕਰ ਰਹੇ ਹਨ ਅਤੇ ਐਨਓਸੀ ਦੇਣ ਤੋਂ ਇਨਕਾਰ ਕਰ ਰਹੇ ਹਨ।
ਅਜਿਹੀਆਂ ਹੀ ਸ਼ਿਕਾਇਤਾਂ ਸਰਦੂਲਗੜ• (ਮਾਨਸਾ), ਕਾਦੀਆਂ (ਬਟਾਲਾ), ਗਿੱਦੜਬਾਹਾ( ਮੁਕਤਸਰ), ਵਜੀਦਪੁਰ (ਚਮਕੌਰ ਸਾਹਿਬ ਅਤੇ ਬਲਾਕ ਨਵਾਂ ਸ਼ਹਿਰ (ਐਸਬੀਐਸ ਨਗਰ) ਡੇਰਾ ਬਾਬਾ ਨਾਨਕ, ਕਲਾਨੌਰ, ਕਾਹਨੂੰਵਾਲ, ਧਾਰੀਵਾਲ, ਜ਼ਿਲ•ਾ ਪਰਿਸ਼ਦ ਅੰਮ੍ਰਿਤਸਰ (ਜੰਡਿਆਲਾ ਜ਼ੋਨ) ਅਤੇ ਹੋਰ ਥਾਵਾਂ ਤੋਂ ਆਈਆਂ ਹਨ। ਇਹ ਸਾਰੀਆਂ ਸ਼ਿਕਾਇਤਾਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰਾਂ ਵਿਚ ਪਹੁੰਚ ਰਹੀਆਂ ਹਨ ਜੋ ਕਿ ਆਪਣੇ ਆਪ ਵਿਚ ਜ਼ਿਲ•ਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦੀ 'ਨਿਰੱਪਖਤਾ ਅਤੇ ਸੁਤੰਰਤਤਾ'ਉੱਤੇ ਇੱਕ ਵੱਡਾ ਸਵਾਲੀਆ ਚਿੰਨ• ਹੈ।
ਡਾਕਟਰ ਚੀਮਾ ਨੇ ਦੱਸਿਆ ਕਿ ਜਾਂ ਤਾਂ ਸੰਬੰਧਿਤ ਅਧਿਕਾਰੀ ਗੈਰਹਾਜ਼ਰ ਹਨ ਜਾਂ ਜਰੂਰੀ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਰਹੇ ਹਨ ਜਾਂ ਫਿਰ ਜਾਣ ਬੁੱਝ ਕੇ ਚਾਹਵਾਨ ਉਮੀਦਵਾਰਾਂ ਨੂੰ ਇਸ ਹੱਦ ਤਕ ਜਲੀਲ ਕਰ ਰਹੇ ਹਨ ਕਿ ਦੁਖੀ ਹੋ ਕੇ ਚੋਣ ਪਿੜ ਵਿਚ ਹੀ ਨਾ ਆਉਣ। ਕੁੱਝ ਅਧਿਕਾਰੀ ਤਾਂ ਵੋਟਰ ਸੂਚੀਆਂ ਦੇਣ ਤੋਂ ਵੀ ਇਨਕਾਰ ਕਰ ਰਹੇ ਹਨ।