ਐਸਸੀ ਕਮਿਸ਼ਨ ਦੇ ਸਕੱਤਰ ਦੇ ਅਹੁਦੇ ਉੱਤੇ ਜਰਨਲ ਵਰਗ ਦੇ ਅਧਿਕਾਰੀ ਦੀ ਨਿਯੁਕਤੀ ਦੀ ਕੀਤੀ ਨਿਖੇਧੀ
ਚੰਡੀਗੜ੍ਹ/03 ਅਗਸਤ:ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਹੇ ਗਏ ਆਗੂ ਸੁਖਪਾਲ ਖਹਿਰਾ ਵੱਲੋਂ ਵਿਧਾਇਕ ਹਰਪਾਲ ਸਿੰਘ ਚੀਮਾ ਖ਼ਿਲਾਫ ਵਰਤੀ ਗਈ ਘਟੀਆ ਸ਼ਬਦਾਵਲੀ ਦੀ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਕਾਂਗਰਸ ਸਰਕਾਰ ਵੱਲੋਂ ਐਸਸੀ ਕਮਿਸ਼ਨ ਦੇ ਸਕੱਤਰ ਦੇ ਅਹੁਦੇ ਉੱਤੇ ਇੱਕ ਜਨਰਲ ਵਰਗ ਦੇ ਅਧਿਕਾਰੀ ਦੀ ਨਿਯੁਕਤੀ ਦੀ ਵੀ ਨਿੰਦਾ ਕੀਤੀ ਹੈ।
ਇਸ ਸੰਬੰਧੀ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਐਸਸੀ ਵਿੰਗ ਦੇ ਪ੍ਰਧਾਨ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਖੁੱਸਦੇ ਹੀ ਇੰਨਾ ਬੌਖਲਾ ਗਏ ਹਨ ਕਿ ਉਹਨਾਂ ਨੇ ਆਪ ਵੱਲੋਂ ਚੁਣੇ ਨਵੇਂ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਬਾਰੇ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਖਹਿਰਾ ਵੱਲੋਂ ਹਰਪਾਲ ਚੀਮਾ ਬਾਰੇ ਕੀਤੀਆਂ ਟਿੱਪਣੀਆਂ ਬੇਹੱਦ ਨਿੰਦਣਯੋਗ ਹਨ, ਜਿਸ ਨਾਲ ਸਮੁੱਚੇ ਦਲਿਤ ਭਾਈਚਾਰੇ ਅੰਦਰ ਗੁੱਸੇ ਦੀ ਲਹਿਰ ਫੈਲ ਗਈ ਹੈ। ਖਹਿਰਾ ਨੂੰ ਆਪਣੀ ਇਸ ਸ਼ਰਮਨਾਕ ਹਰਕਤ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।
ਇਸ ਮੌਕੇ ਐਸਸੀ ਕਮਿਸ਼ਨ ਦੇ ਨਵੇਂ ਲਗਾਏ ਗਏ ਸਕੱਤਰ ਬਾਰੇ ਟਿੱਪਣੀ ਕਰਦਿਆਂ ਸਰਦਾਰ ਰਣੀਕੇ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਅਹੁਦੇ ਉੱਤੇ ਇੱਕ ਜਨਰਲ ਵਰਗ ਦੇ ਅਧਿਕਾਰੀ ਦੀ ਨਿਯੁਕਤੀ ਕਰਕੇ ਐਸਸੀ ਭਾਈਚਾਰੇ ਦੇ ਹੱਕਾਂ ਉੱਤੇ ਡਾਕਾ ਮਾਰਿਆ ਹੈ। ਉਹਨਾਂ ਕਿਹਾ ਕਿ ਐਸਸੀ ਕਮਿਸ਼ਨ ਦਲਿਤ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਬਣਾਇਆ ਗਿਆ ਹੈ,ਜਿਸ ਦੀ ਅਗਵਾਈ ਵੀ ਐਸਸੀ ਭਾਈਚਾਰੇ ਦੇ ਨੁੰਮਾਇਦੇ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਰੰਤੂ ਕਾਂਗਰਸ ਸਰਕਾਰ ਨੇ ਦਲਿਤ ਭਾਈਚਾਰੇ ਦੇ ਹੱਕਾਂ ਨੂੰ ਅਣਗੌਲਿਆਂ ਕਰਦਿਆਂ ਐਸਸੀ ਕਮਿਸ਼ਨ ਦੇ ਸਕੱਤਰ ਦੇ ਅਹੁਦੇ ਉੱਤੇ ਇੱਕ ਜਨਰਲ ਵਰਗ ਦੇ ਅਧਿਕਾਰੀ ਨੂੰ ਬਿਠਾ ਦਿੱਤਾ ਹੈ, ਜਿਸ ਕੋਲੋਂ ਦਲਿਤਾਂ ਦੀਆਂ ਸਮੱਿਸਆਵਾਂ ਪ੍ਰਤੀ ਇੱਕ ਹਮਦਰਦੀ ਭਰਿਆ ਨਜ਼ਰੀਆ ਰੱਖਣ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਉਹਨਾਂ ਕਿਹਾ ਕਿ ਇਸ ਅਹੁਦੇ ਉੱਤੇ ਤੁਰੰਤ ਕਿਸੇ ਦਲਿਤ ਵਰਗ ਦੇ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ।
ਅਕਾਲੀ ਦਲ ਨੂੰ ਸਾਰੇ ਵਰਗਾਂ ਦੀ ਸਹੀ ਨੁੰਮਾਇਦਗੀ ਕਰਨ ਵਾਲੀ ਪਾਰਟੀ ਕਰਾਰ ਦਿੰਦਿਆਂ ਸਰਦਾਰ ਰਣੀਕੇ ਨੇ ਕਿਹਾ ਕਿ ਅਕਾਲੀ ਦਲ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਵਾਸਤੇ ਕੰਮ ਕਰਨ ਵਾਲੀ ਪਾਰਟੀ ਹੈ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਇਸੇ ਸੋਚ ਉੱਤੇ ਪਹਿਰਾ ਦਿੰਦਿਆਂ ਆਪਣੇ ਕਾਰਜਕਾਲ ਦੌਰਾਨ ਸਾਰੇ ਵਰਗਾਂ ਵਾਸਤੇ ਬਹੁਤ ਸਾਰੀਆਂ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਸਨ, ਜਿਹਨਾਂ ਨੂੰ ਮੌਜੂਦਾ ਕਾਂਗਰਸ ਸਰਕਾਰ ਇੱਕ ਇੱਕ ਕਰਕੇ ਬੰਦ ਕਰੀ ਜਾ ਰਹੀ ਹੈ। ਉਹਨਾਂ ਨੇ ਬੰਦ ਕੀਤੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਵਾਸਤੇ ਕਾਂਗਰਸ ਸਰਕਾਰ ਨੂੰ ਤੁਰੰਤ ਫੰਡ ਜਾਰੀ ਕਰਨ ਲਈ ਆਖਿਆ।