ਕਾਂਗਰਸ ਰਕਾਰ ਦੇ ਕੁਪ੍ਰਬੰਧਨ ਕਰ ਕੇ ਇੰਡਸਟਰੀ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਵੇ : ਮਹੇਸ਼ਇੰਦਰ ਸਿੰਘ ਗਰੇਵਾਲ
ਚੰਡੀਗੜ੍ਹ, 6 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਇੰਡਸਟਰੀ ਲਈ ਹਫਤੇ ਵਿਚ ਦੋ ਦਿਨ ਜਬਰੀ ਬੰਦ ਰੱਖਣ, ਵੱਡੀ ਇੰਡਸਟਰੀ ਪੰਜ ਦਿਨ ਬੰਦ ਰੱਖਣ ਤੇ ਵੱਖ ਵੱਖ ਇੰਡਸਟਰੀ ਲਈ ਸਪਲਾਈ 50 ਫੀਸਦੀ ਕਰਨ ਦੇ ਹੁਕਮਾਂ ਨਾਲ ਇੰਡਸਟਰੀ ਸੈਕਟਰ ਲਈ ਮੌਤ ਦਾ ਵਾਰੰਟ ਲਿਖਣ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਗੱਲ ਹੈ ਕਿ ਜਦੋਂ ਇੰਡਸਟਰੀ ਕੋਰੋਨਾ ਦੀ ਮਾਰ ਵਿਚੋਂ ਉਭਰ ਰਹੀ ਸੀ ਤਾਂ ਉਸ ਵੇਲੇ ਕਾਂਗਰਸ ਸਰਕਾਰ ਨੇ ਇੰਡਸਟਰੀ ਬੰਦ ਕਰਨ ਦੇ ਹੁਕਮ ਚਾੜ੍ਹ ਦਿੱਤੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਬਿਜਲੀ ਸੈਕਟਰ ਦੇ ਕੁਪ੍ਰਬੰਧਾਂ ਕਾਰਨ ਪੈਦਾ ਹੋਏ ਇਸ ਨਵੇਂ ਸੰਕਟ ਵਿਚੋਂ ਨਿਕਲਣਾ ਇੰਡਸਟਰੀ ਲਈ ਔਖਾ ਹੋ ਜਾਵੇਗਾ।
ਸਰਦਾਰ ਗਰੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਹਾਨੇ ਲਾਉਣ ਦੀ ਥਾਂ ’ਤੇ ਇਹਨਾਂ ਹਾਲਾਤਾਂ ਲਈ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਚਾਹੀਦੀ ਹੈ। ਉਹਨਾਂ ਕਿਹਾਕਿ ਸਰਕਾਰ ਨੇ ਝੋਨੇ ਦੇ ਸੀਜ਼ਨ ਵਾਸਤੇ ਅਗਾਉਂ ਤਿਆਰੀ ਨਹੀਂ ਕੀਤੀ ਜਦਕਿ ਇਸ ਵੇਲੇ ਹੀ ਬਿਜਲੀਦੀ ਮੰਗ ਸਿਖ਼ਰਾਂ ’ਤੇ ਹੁੰਦੀ ਹੈ। ਸਰਕਾਰ ਨੇ ਤਲਵੰਡੀ ਸਾਬੋ ਦਾ ਇਕ ਯੁਨਿਟ ਪਿਛਲੇ ਕੁਝ ਮਹੀਨਿਆਂ ਤੋਂ ਬੰਦ ਰੱਖਣ ਦੀ ਆਗਿਆ ਦਿੱਤੀ। ਉਹਨਾਂ ਕਿਹਾ ਕਿ ਬਿਜਲੀ ਮਹਿਕਮੇ ਦੇ ਇੰਜੀਨੀਅਰਾਂ ਵੱਲੋਂ ਅਗਾਉਂ ਚੌਕਸ ਕੀਤੇ ਜਾਣ ਦੇ ਬਾਵਜੂਦ ਝੋਨੇ ਦੇ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਮੁਰੰਮਤ ਜਾਂ ਮੇਨਟੀਨੈਂਸ ਦਾ ਕੰਮ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਬੰਦ ਹੋਣ ਤੇ ਰੋਪੜ ਦੇ ਦੋ ਯੁਨਿਟ ਬੰਦ ਹੋਣ ਦੇ ਬਾਵਜੂਦ ਲੋੜੀਦੀ ਬਿਜਲੀ ਦਾ ਪ੍ਰਬੰਧ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਸਭ ਕਰ ਕੇ ਮੌਜੂਦਾ ਹਾਲਾਤ ਬਣੇ ਹਨ ਜਿਸ ਕਾਰਨ ਕਿਸਾਨ ਡੀਜ਼ਲ ਜਨਰੇਟਰਾਂ ’ਤੇ ਕਰੋੜਾਂ ਰੁਪਏ ਫੂਕਣ ਵਾਸਤੇ ਮਜਬੂਰ ਹੋਏ ਹਨ ਅਤੇ ਆਮ ਆਦਮੀ ਵੀ ਬਿਜਲੀ ਕੱਟਾਂ ਦੀ ਮਾਰ ਝੱਲ ਰਿਹਾ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਇੰਡਸਟਰੀ ਸੈਕਟਰ ਦਾ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਉਹਨਾਂ ਕਿਹਾ ਕਿ ਵਪਾਰ ਸੈਕਟਰ ਨੂੰ ਵੀ ਅਣਐਲਾਨੇ ਕੱਟਾਂ ਕਾਰਨ ਵੱਡਾ ਨੁਕਸਾਨ ਝੱਲਣਾ ਪਿਆ ਹੈ। ਉਹਨਾਂ ਕਿਹਾ ਕਿ ਵਪਾਰ ਤੇ ਇੰਡਸਟਰੀ ਸੈਕਟਰ ਨੂੰ ਪਏ ਘਾਟੇ ਲਈ ਸਬਸਿਡੀ ’ਤੇ ਬਿਜਲੀ ਦੇ ਕੇ ਅਤੇ ਮੌਜੂਦਾ ਸਰਕਲ ਦੇ ਦੋ ਮਹੀਨਿਆਂ ਦੇ ਬਿੱਲਾਂ ਦੀ ਉਗਰਾਹੀ ਅੱਗੇ ਪਾ ਕੇ ਇਹਨਾਂ ਨੁੰ ਮੁਆਵਜ਼ਾ ਦੇਵੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੂੰ ਸਾਰੇ ਉਦਯੋਗਿਕ ਖਪਤਕਾਰਾਂ ਨੂੰ ਆਪਣੇ ਵਾਅਦੇ ਅਨੁਸਾਰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇਣੀ ਚਾਹੀਦੀ ਹੈ ਤੇ ਕਿਹਾ ਕਿ ਉਦਯੋਗਿਕ ਖਪਤਕਾਰ ਬਿਜਲੀ ਲਈ 10 ਰੁਪਏ ਪ੍ਰਤੀ ਯੁਨਿਟ ਅਦਾ ਕਰਨ ਵਾਸਤੇ ਮਜਬੂਰ ਹੋਏ ਹਨ।