ਚੰਡੀਗੜ•/10 ਸਤੰਬਰ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੀਆਂ ਰਲ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਖ਼ਿਲਾਫ ਕੇਸ ਦਰਜ ਕਰਨ ਦੀ ਬੇਤੁਕੀ ਮੰਗ ਕਰ ਰਹੀਆਂ ਹਨ ਜਦਕਿ ਉਹਨਾਂ ਖ਼ਿਲਾਫ ਰੱਤੀ ਭਰ ਵੀ ਕੋਈ ਸਬੂਤ ਅਜਿਹਾ ਨਹੀਂ ਹੈ, ਜਿਹੜਾ ਕਾਨੂੰਨੀ ਪਰਖ ਅੱਗੇ ਠਹਿਰ ਸਕੇ।
ਇਸ ਬਾਰੇ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਸਰਦਾਰ ਮਹੇਸ ਥਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਦੀ ਇਹ ਹਰਕਤ ਸੂਬੇ ਦੇ ਅਮਨ ਅਤੇ ਫਿਰਕੂ ਸਦਭਾਵਨਾ ਨਾਲ ਖਿਲਵਾੜ ਕਰ ਰਹੀ ਹੈ।
ਉਹਨਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਵੱਲੋਂ ਕੱਢੇ ਸਿੱਟਿਆਂ ਅਤੇ ਸਦਨ ਦੀ ਕਾਰਵਾਈ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਲਾਏ ਗਏ ਕਥਿਤ ਦੋਸ਼ਾਂ ਦੇ ਬਿਲਕੁੱਲ ਉਲਟ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਦਿੱਤਾ ਹੈ ਕਿ ਸੀਨੀਅਰ ਬਾਦਲ ਨੇ ਸਗੋਂ ਤਤਕਾਲੀ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ।
ਉਹਨਾਂ ਕਿਹਾ ਕਿ ਜੇਕਰ ਜਾਖੜ ਨੂੰ ਪਤਾ ਸੀ ਕਿ ਬਹਿਬਲ ਕਲਾਂ ਵਿਚ ਕਿਸ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ ਤਾਂ ਉਸ ਨੇ ਇਹ ਗੱਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਕਿਉਂ ਨਹੀਂ ਆਖੀ ਅਤੇ ਇਸ ਸੰਬੰਧੀ ਹਲਫੀਆ ਬਿਆਨ ਕਿਉਂ ਨਹੀਂ ਦਿੱਤਾ।
ਗਰੇਵਾਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਦਾ ਧਿਆਨ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਵੱਲ ਨਹੀਂ ਹੈ, ਇਸ ਦੀ ਥਾਂ ਉਹਨਾਂ ਨੇ ਇਸ ਮੁੱਦੇ ਦਾ ਸਿਆਸੀ ਫਾਇਦਾ ਚੁੱਕਣ ਲਈ ਆਪਣੇ ਸਿਆਸੀ ਵਿਰੋਧੀ ਅਕਾਲੀਆਂ ਵਿਰੁੱਧ ਨਿਸ਼ਾਨਾ ਸੇਧ ਲਿਆ ਹੈ। ਉਹਨਾਂ ਨੂੰ ਹੋਰ ਕੁੱਝ ਨਹੀਂ ਪਤਾ, ਪਰ ਉਹ ਸੂਬੇ ਅੰਦਰ ਗੜਬੜ ਫੈਲਾਉਣਾ ਚੰਗੀ ਤਰ•ਾਂ ਜਾਣਦੇ ਹਨ।
ਸਰਦਾਰ ਗਰੇਵਾਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਸਿਰਫ ਜਸਟਿਸ ਰਣਜੀਤ ਸਿੰਘ ਦੀ ਇਸ ਟਿੱਪਣੀ ਕਿ ਸਰਦਾਰ ਬਾਦਲ ਨੇ ਅੱਧੀ ਰਾਤ ਨੂੰ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਨਾਲ ਕੋਟਕਪੂਰਾ ਦੀ ਸਥਿਤੀ ਬਾਰੇ ਚਰਚਾ ਕੀਤੀ ਸੀ, ਦੇ ਆਧਾਰ ਉੱਤੇ ਅਕਾਲੀਆਂ ਦੇ ਖ਼ਿਲਾਫ ਕੇਸ ਦਰਜ ਕਰਨ ਦੀ ਮੰਗ ਕਰ ਰਹੀਆਂ ਹਨ। ਅਜਿਹੀ ਫਜ਼ੂਲ ਜਿਹੀ ਅਟਕਲ ਦੇ ਆਧਾਰ ਉੱਤੇ ਕੇਸ ਦਰਜ ਨਹੀਂ ਕੀਤਾ ਜਾ ਸਕਦਾ, ਇਸ ਲਈ ਉਹਨਾਂ ਦੀ ਮੰਗ ਹਾਸੋਹੀਣੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਅਤੇ ਆਪ ਝੂਠੀ ਸ਼ੁਹਰਤ ਹਾਸਿਲ ਕਰਨ ਅਤੇ ਕਾਂਗਰਸ ਸਰਕਾਰ ਦੀ ਲੋਕਾਂ ਨਾਲ ਕੀਤੇ ਵਾਅਦੇ ਨਸ਼ਿਆਂ ਦਾ ਖਾਤਮਾ ਕਰਨਾ,ਹਰ ਘਰ ਨੂੰ ਰੁਜ਼ਗਾਰ ਦੇਣਾ, ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣਾ, ਸਮਾਰਟ ਫੋਨ ਦੇਣਾ ਜਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ ਆਦਿ ਪੂਰੇ ਕਰਨ ਵਿਚ ਨਾਕਾਮੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹੀ ਬੇਤੁਕੀ ਮੰਗ ਕਰ ਰਹੀਆਂ ਹਨ।
ਸਰਦਾਰ ਗਰੇਵਾਲ ਨੇ ਕਿਹਾ ਕਿ ਅਬੋਹਰ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਵੱਡੀ ਰੈਲੀ ਵੇਖ ਕੇ ਜਾਖੜ ਦੇ ਹੱਥਾਂ ਦੇ ਤੋਤੇ ਉੱਡ ਗਏ ਹਨ, ਕਿਉਂਕਿ ਇਸ ਨਾਲ ਉਸ ਦੇ ਅਕਾਲੀਆਂ ਨੂੰ ਪਿੰਡਾਂ ਵਿਚ ਨਾ ਵੜਣ ਦੇਣ ਦੇ ਦਾਅਵੇ ਦੀ ਫੂਕ ਨਿਕਲ ਗਈ ਹੈ ਅਤੇ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਕਾਂਗਰਸ ਅਤੇ ਆਪ ਦੋਵੇਂ ਮਿਲ ਕੇ ਵੀ ਪੰਜਾਬ ਵਿਚ ਅਕਾਲੀ ਦਲ ਦਾ ਵਾਲ ਵਿੰਗਾ ਨਹੀਂ ਕਰ ਸਕਦੀਆਂ।
ਜਾਖੜ ਦੀ ਸਿੱਖ ਵਿਰੋਧੀ ਭੂਮਿਕਾ ਲਈ ਨਿਖੇਧੀ ਕਰਦਿਆਂ ਗਰੇਵਾਲ ਨੇ ਉਸ ਨੂੰ ਚੇਤੇ ਕਰਵਾਇਆ ਕਿ ਜਦੋਂ 1 ਨਵੰਬਰ 2013 ਵਿਚ ਅਕਾਲੀ-ਭਾਜਪਾ ਸਰਕਾਰ ਨੇ 1984 ਸਿੱਖ ਕਤਲੇਆਮ ਦਾ ਮੁੱਦਾ ਉਠਾਇਆ ਸੀ ਤਾਂ ਉਹ ਵਿਰੋਧੀ ਧਿਰ ਦੇ ਆਗੂ ਵਜੋਂ ਸਾਰੇ ਵਿਧਾਇਕਾਂ ਸਮੇਤ ਸਦਨ ਦਾ ਬਾਈਕਾਟ ਕਰ ਗਿਆ ਸੀ। ਜ਼ਾਹਿਰ ਹੈ ਕਿ ਜਾਖੜ ਨੇ ਇਸ ਗੱਲ ਦਾ ਮੁਜ਼ਾਹਰਾ ਕੀਤਾ ਸੀ ਕਿ ਉਹ 1984 ਕਤਲੇਆਮ ਕਰਨ ਵਾਲੇ ਦੋਸ਼ੀਆਂ ਨਾਲ ਹੈ, ਸਿੱਖ ਭਾਈਚਾਰੇ ਨਾਲ ਨਹੀਂ।