ਕਿਹਾ ਕਿ ਅਕਾਲੀ ਦਲ ਅਤੇ ਇਨੈਲੋ ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸੱਚੀਆਂ ਨੁੰਮਾਇਦਾ ਹਨ
ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਅਤੇ ਕਾਂਗਰਸ ਸਿਰਸਾ ਵਿਚ ਇੱੱਕ ਵੀ ਸੀਟ ਜਿੱਤਣਗੀਆਂ
ਰਤੀਆ/13
ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕਾਂ
ਨੂੰ ਅਪੀਲ ਕੀਤੀ ਕਿ ਉਹ ਇੱਕਜੁਟ ਹੋ ਹਰਿਆਣਾ ਅੰਦਰ ਪਿੰਡਾਂ ਦੀਆਂ ਪਾਰਟੀਆਂ ਸ਼੍ਰੋਮਣੀ
ਅਕਾਲੀ ਦਲ ਅਤੇ ਇੰਡੀਅਨ ਨੈਂਸ਼ਨਲ ਲੋਕ ਦਲ ਨੂੰ ਸੱਤਾ ਵਿਚ ਲਿਆਉਣ। ਉਹਨਾਂ ਕਿਹਾ ਕਿ ਇਹ
ਦੋਵੇਂ ਪਾਰਟੀਆਂ ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸੱਚੀਆਂ ਨੁੰਮਾਇਦਾ ਪਾਰਟੀਆਂ
ਹਨ।
ਇਸ
ਹਲਕੇ ਵਿਚ ਪਾਰਟੀ ਉਮੀਦਵਾਰ ਕੁਲਵਿੰਦਰ ਸਿੰਘ ਦੇ ਹੱਕ ਵਿਚ ਚਾਰ ਵੱਡੀਆਂ ਰੈਲੀਆਂ ਨੂੰ
ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਨੈਲੋ ਦੇ ਚੌਧਰੀ ਦੇਵੀ ਲਾਲ ਅਤੇ
ਅਕਾਲੀ ਦਲ ਦੇ ਸਰਦਾਰ ਪਰਕਾਸ਼ ਸਿੰਘ ਬਾਦਲ ਦੋਵੇਂ ਹੀ ਵੱਡੇ ਕਿਸਾਨ ਆਗੂ ਸਨ, ਜਿਹਨਾਂ ਨੇ
ਕਿਸਾਨਾਂ ਦੀ ਭਲਾਈ ਲਈ ਸਭ ਤੋਂ ਵੱਧ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਚੌਧਰੀ ਦੇਵੀ ਲਾਲ
ਇੰਨੀਆਂ ਉਚਾਈਆਂ ਉੱਤੇ ਪਹੁੰਚਣ ਦੇ ਬਾਵਜੂਦ ਵੀ ਲੋਕਾਂ ਦੇ ਆਗੂ ਸਨ। ਉਹਨਾਂ ਕਿਹਾ ਕਿ ਇਸ
ਦੇ ਉਲਟ ਅੱਜ ਦੇ ਮੁੱਖ ਮੰਤਰੀ ਇੱਕ ਲਹਿਰ ਦੇ ਸਿਰ 'ਤੇ ਚੁਣੇ ਜਾਂਦੇ ਹਨ, ਇਹੀ ਵਜ੍ਹਾ
ਹੈ ਕਿ ਉਹ ਪਿੰਡਾਂ ਵਿਚ ਜਾਣਾ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰਨਾ ਜਰੂਰੀ ਨਹੀਂ
ਸਮਝਦੇ। ਉਹਨਾਂ ਕਿਹਾ ਕਿ ਪਰ ਮੈਂ ਤੁਹਾਨੂੰ ਦੱਸ ਰਿਹਾ ਹੈ ਕਿ ਉਹ ਲਹਿਰ ਖ਼ਤਮ ਹੋ ਚੁੱਕੀ
ਹੈ। ਮੈਨੂੰ ਨਹੀਂ ਲੱਗਦਾ ਕਿ ਸਿਰਸਾ ਜ਼ਿਲ੍ਹੇ ਵਿਚ ਭਾਜਪਾ ਅਤੇ ਕਾਂਗਰਸ ਇੱਕ ਵੀ ਸੀਟ
ਜਿੱਤਣਗੀਆਂ। ਲੋਕਾਂ ਨੇ ਮਹਿਸੂਸ ਕਰ ਲਿਆ ਹੈ ਕਿ ਉਹਨਾਂ ਦਾ ਆਪਣਾ ਕੌਣ ਹੈ ਅਤੇ ਉਹ
ਅਕਾਲੀ-ਇਨੈਲੋ ਉਮੀਦਵਾਰਾਂ ਦਾ ਦਿਲ ਖੋਲ੍ਹ ਕੇ ਸਮਰਥਨ ਕਰ ਰਹੇ ਹਨ।
ਅਕਾਲੀ ਦਲ ਪ੍ਰਧਾਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਨੈਲੋ ਮੁਖੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਇਸ ਲਈ ਜੇਲ੍ਹ ਵਿਚ ਸਨ, ਕਿਉਂਕਿ ਉਹਨਾਂ ਨੇ ਪਾਰਟੀ ਵਰਕਰਾਂ ਨੂੰ ਨੌਕਰੀਆਂ ਦਿੱਤੀਆਂ ਸਨ। ਉਹਨਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਚੌਟਾਲਾ ਪਰਿਵਾਰ ਨੂੰ ਇਕੱਠੇ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਇਹ ਸੰਭਵ ਨਹੀਂ ਹੋ ਪਾਇਆ। ਉਹਨਾਂ ਕਿਹਾ ਕਿ ਚੌਧਰੀ ਦੇਵੀ ਲਾਲ ਅਤੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਵੱਲੋਂ ਸਿਰਸਾ ਜ਼ਿਲ੍ਹੇ ਲਈ ਕੀਤੇ ਕੰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਇਨੈਲੋ ਨਾਲ ਡਟ ਕੇ ਖੜ੍ਹਣ।
ਸਰਦਾਰ ਬਾਦਲ ਨੇ ਕਿਹਾ ਕਿ ਚੌਟਾਲਾ ਪਰਿਵਾਰ ਦਿਹਾਤੀ ਖੇਤਰਾਂ ਦਾ ਵਿਕਾਸ ਕਰਨ ਵਾਸਤੇ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਸਾਰੇ ਜਾਣਦੇ ਹਨ ਕਿ ਦਿਹਾਤੀ ਖੇਤਰਾਂ ਵੱਲ ਸਭ ਤੋਂ ਵੱਧ ਧਿਆਨ ਉਸ ਸਮੇਂ ਦਿੱਤਾ ਜਾਂਦਾ ਹੈ, ਜਦੋਂ ਇਨੈਲੋ ਸੱਤਾ ਵਿਚ ਹੁੰਦੀ ਹੈ। ਉਹਨਾਂ ਕਿਹਾ ਕਿ ਸਾਨੂੰ ਪਿੰਡਾਂ ਦੇ ਲੋਕਾਂ ਦੇ ਸੁਫਨਿਆਂ ਨੂੰ ਪੂਰਾ ਕਰਨ ਵਾਲੀ ਸਰਕਾਰ ਲਿਆਉਣ ਵਾਸਤੇ ਇੱਕ ਵਾਰ ਫਿਰ ਅਕਾਲੀ-ਇਨੈਲੋ ਗਠਜੋੜ ਦਾ ਡਟ ਕੇ ਸਮਰਥਨ ਕਰਨਾ ਚਾਹੀਦਾ ਹੈ।
ਅਕਾਲੀ
ਆਗੂ ਨੇ ਕਿਹਾ ਕਿ ਸੱਤਾ ਵਿਚ ਹੁੰਦਿਆਂ ਅਕਾਲੀ ਦਲ ਨੇ ਵੀ ਸਦਾ ਕਿਸਾਨਾਂ ਨੂੰ ਸਭ ਤੋਂ
ਅੱਗੇ ਰੱਖਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਖੇਤੀ ਦੇ ਕੰਮਾਂ ਵਾਸਤੇ ਮੁਫਤ ਬਿਜਲੀ
ਦਿੱਤੀ, ਜਿਸ ਨਾਲ ਕਿਸਾਨਾਂ ਦੀ ਲਾਗਤ ਘਟ ਗਈ। ਇਸੇ ਤਰ੍ਹਾਂ ਅਕਾਲੀ ਦਲ ਨੇ ਦਿਹਾਤੀ
ਖੇਤਰਾਂ ਲਈ ਆਟਾ ਦਾਲ ਸਕੀਮ ਅਤੇ ਸ਼ਗਨ ਸਕੀਮ ਵਰਗੀਆਂ ਸ਼ੁਰੂ ਕੀਤੀਆਂ, ਜਿਸ ਨਾਲ ਸਮਾਜ ਦੇ
ਗਰੀਬ ਤਬਕਿਆਂ ਨੂੰ ਬਹੁਤ ਵੱਡਾ ਸਹਾਰਾ ਮਿਲਿਆ। ਉਹਨਾਂ ਕਿਹਾ ਕਿ ਜੇਕਰ ਹਰਿਆਣਾ ਅੰਦਰ
ਸਾਡੀ ਸਰਕਾਰ ਬਣ ਜਾਂਦੀ ਹੈ ਤਾਂ ਅਸੀਂ ਇਹ ਸਕੀਮਾਂ ਇੱਥੇ ਵੀ ਲਾਗੂ ਕਰਾਂਗੇ।