ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਧੱਕੇ ਅਤੇ ਧੋਖੇ ਨਾਲ ਹਰ ਹੀਲੇ ਇਹ ਚੋਣਾਂ ਜਿੱਤਣਾ ਚਾਹੁੰਦੀ ਹੈ
ਚੰਡੀਗੜ•/11 ਸਤੰਬਰ: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਅੱਜ ਸੂਬੇ ਭਰ ਵਿਚੋਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ਾਂ ਨੂੰ ਬੇਤੁਕੀਆਂ ਉੱਜਰਾਂ ਲਾ ਕੇ ਵੱਡੀ ਪੱਧਰ ਉੱਤੇ ਰੱਦ ਕੀਤੇ ਜਾਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਸ ਨੇ ਇਸ ਸਮੁੱਚੀ ਚੋਣ ਪ੍ਰਕਿਰਿਆ ਨੂੰ ਮਹਿਜ਼ ਡਰਾਮਾ ਬਣਾ ਕੇ ਰੱਖ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਬੁਲਾਰੇ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਬਹੁਤੀਆਂ ਥਾਵਾਂ ਉੱਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਇੰਨੀ ਵੱਡੀ ਮਾਤਰਾ ਵਿਚ ਰੱਦ ਕੀਤੇ ਗਏ ਹਨ ਕਿ ਸਾਫ ਝਲਕਦਾ ਹੈ ਕਿ ਸੰਬੰਧਿਤ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹੋਈਆਂ ਸਨ ਕਿ ਕਿਸੇ ਵੀ ਕੀਮਤ ਉਤੇ ਅਕਾਲੀ ਉਮੀਦਵਾਰਾਂ ਦੇ ਕਾਗਜ਼ ਸਵੀਕਾਰ ਨਹੀਂ ਹੋਣੇ ਚਾਹੀਦੇ।
ਡਾਕਟਰ ਚੀਮਾ ਨੇ ਦੱਸਿਆ ਕਿ ਬਲਾਕ ਸਮਿਤੀ ਵਲਟੋਹਾ ਵਿਚ 18 ਉਮੀਦਵਾਰਾਂ ਵਿਚੋਂ 15 ਦੇ ਕਾਗਜ਼ ਰੱਦ ਕਰ ਦਿੱਤ ਗਏ ਹਨ। ਇਸੇ ਤਰ•ਾਂ ਭੀਖੀਵਿੰਡ ਵਿਚ 24 ਵਿਚੋਂ 20 ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ ਜਦਕਿ ਤਰਨ ਤਾਰਨ ਵਿਚ ਅਤੇ ਗੰਡੀਵਿੰਡ ਬਲਾਕ ਸਮਿਤੀ ਵਿਚ 70 ਫੀਸਦੀ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਇਸ ਤਰ•ਾਂ ਜਿਹੜੇ ਵਿਅਕਤੀ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਨਹੀਂ ਸਨ ਜਾਂ ਜਿਹਨਾਂ ਨੇ ਸੱਤਾਧਾਰੀ ਪਾਰਟੀ ਨੂੰ ਚੁਣੌਤੀ ਦਿੱਤੀ ਸੀ, ਇੱਕ ਨਾਪਾਕ ਸਾਜ਼ਿਸ਼ ਤਹਿਤ ਉਹਨਾਂ ਸਾਰਿਆਂ ਦੇ ਕਾਗਜ਼ ਰੱਦ ਕਰਕੇ ਉਹਨਾਂ ਨੂੰ ਚੋਣਾਂ ਲੜਣ ਦੇ ਲੋਕਤੰਤਰੀ ਅਧਿਕਾਰ ਤੋਂ ਵਾਂਝਾ ਕੀਤਾ ਗਿਆ ਹੈ। ਖਡੂਰ ਸਾਹਿਬ, ਖੇਮਕਰਨ, ਫਤਿਹਗੜ• ਚੂੜ•ੀਆਂ, ਕਾਦੀਆਂ, ਦੀਨਾਨਗਰ ਅਤੇ ਸ੍ਰੀ ਹਰਗੋਬਿੰਦਪੁਰ ਵਿਚ ਵੀ ਵੱਡੀ ਗਿਣਤੀ ਵਿਚ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ।
ਅਕਾਲੀ ਆਗੂ ਨੇ ਕਿਹਾ ਕਿ ਅਜਿਹੀ ਧੱਕੇਸ਼ਾਹੀ ਸਿਰਫ ਸਰਹੱਦੀ ਜ਼ਿਲਿ•ਆਂ ਤਕ ਹੀ ਸੀਮਤ ਨਹੀਂ ਸਗੋਂ ਸੂਬੇ ਦੇ ਦੂਜੇ ਹਿੱਸਿਆਂ ਵਿਚ ਵੀ ਇਹ ਸਭ ਕੱਝ ਹੋਇਆ ਹੈ। ਬੜੇ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੀਆਂ ਥਾਵਾਂ ਤੇ ਉਮੀਦਵਾਰਾਂ ਨੂੰ ਉਹਨਾਂ ਦੇ ਲੋਕਤੰਤਰੀ ਅਧਿਕਾਰ ਤੋਂ ਵਾਂਝਾ ਕਰਨ ਲਈ ਫਜ਼ੂਲ ਦੀਆਂ ਦਲੀਲਾਂ ਘੜੀਆਂ ਗਈਆਂ ਹਨ। ਉਹਨਾਂ ਕਿਹਾ ਕਿ ਮੁੱਖ ਉਮੀਦਵਾਰਾਂ ਦੇ ਨਾਲ ਕਵਰਿੰਗ ਉਮੀਦਵਾਰਾਂ ਦੇ ਕਾਗਜ਼ ਵੀ ਬਿਨਾਂ ਕੋਈ ਠੋਸ ਕਾਰਨ ਦਿੱਤਿਆਂ ਰੱਦ ਕੀਤੇ ਗਏ ਹਨ ਜੋ ਕਿ ਪੰਚਾਇਤੀ ਚੋਣਾਂ ਸੰਬੰਧੀ ਸਥਾਪਤ ਨਿਯਮਾਂ ਅਤੇ ਰਵਾਇਤਾਂ ਦੀ ਘੋਰ ਉਲੰਘਣਾ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਅਤੀਤ ਵਿਚ ਪਹਿਲਾਂ ਕਦੇ ਵੀ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਇੰਨੀ ਵੱਡੀ ਪੱਧਰ ਉੱਤੇ ਨਾਮਜ਼ਦਗੀਆਂ ਰੱਦ ਨਹੀਂ ਹੋਈਆਂ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਧੱਕੇ ਅਤੇ ਧੋਖੇ ਨਾਲ ਹਰ ਹੀਲੇ ਇਹ ਚੋਣਾਂ ਜਿੱਤਣਾ ਚਾਹੁੰਦੀ ਹੈ, ਜਿਸ ਕਰਕੇ ਉਹ ਸਾਰੀਆਂ ਵਿਰੋਧੀ ਆਵਾਜ਼ਾਂ ਨੂੰ ਕੁਚਲ ਰਹੀ ਹੈ।
ਇਸ ਸੰਬੰਧੀ ਅੱਜ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਵਿਚ ਡਾਕਟਰ ਚੀਮਾ ਨੇ ਅਪੀਲ ਕੀਤੀ ਕਿ ਉਹ ਵੱਡੀ ਪੱਧਰ ਉੱਤੇ ਰੱਦ ਹੋਈਆਂ ਨਾਮਜ਼ਦਗੀਆਂ ਦੀ ਜਾਂਚ ਦੇ ਆਦੇਸ਼ ਦੇਣ। ਜਿਹਨਾਂ ਥਾਂਵਾਂ ਉੱਤੇ ਨਾਮਜ਼ਦਗੀ ਕਾਗਜ਼ ਗਲਤ ਢੰਗ ਨਾਲ ਰੱਦ ਕੀਤੇ ਗਏ ਹਨ ਜਾਂ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਵਿਚ ਪ੍ਰਬੰਧਕੀ ਅੜਚਣਾਂ ਪਾਈਆਂ ਗਈਆਂ ਹਨ, ਉੱਥੇ ਚੋਣਾਂ ਨੂੰ ਰੱਦ ਕਰਨ ਦਾ ਹੁਕਮ ਦੇਣ। ਇਸ ਤੋਂ ਇਲਾਵਾ ਡਾਕਟਰ ਚੀਮਾ ਨੇ ਕਸੂਰਵਾਰ ਅਧਿਕਾਰੀਆਂ ਖ਼ਿਲਾਫ ਵੀ ਕਾਰਵਾਈ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਅਧਿਕਾਰੀਆਂ ਨੇ 249 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਗਲਤ ਤਰੀਕੇ ਨਾਲ ਰੱਦ ਕੀਤੇ ਗਏ ਹਨ ਅਤੇ ਇਸ ਸੰਬੰਧੀ ਸਾਰੀ ਸੂਚੀ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ।
ਇਸ ਦੌਰਾਨ ਡਾਕਟਰ ਚੀਮਾ ਨੇ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਸੱਤਾਧਾਰੀ ਕਾਂਗਰਸ ਦੀਆਂ ਚੋਣਾਂ ਵਿਚ ਹੇਰਾਫੇਰੀ ਕਰਨ ਦੀ ਕੋਸ਼ਿਸ਼ਾਂ ਅਤੇ ਹਥਕੰਡਿਆਂ ਨੂੰ ਵੇਖ ਕੇ ਹੌਂਸਲਾ ਨਾ ਛੱਡਣ ਦੀ ਅਪੀਲ ਕਰਦਿਆਂ ਉਹਨਾਂ ਨੂੰ ਡਟ ਕੇ ਮੁਕਾਬਲਾ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਕਾਂਗਰਸ ਨੂੰ ਇਹਨਾਂ ਘਟੀਆ ਹਥਕੰਡਿਆਂ ਦੇ ਬਾਵਜੂਦ ਇਹਨਾਂ ਚੋਣਾਂ ਵਿਚ ਹਾਰ ਦਾ ਮੂੰਹ ਵੇਖਣਾ ਪਵੇਗਾ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਨਾਮਜ਼ਦਗੀਆਂ ਦਾਖ਼ਲ ਕਰਨ ਸਮੇਂ ਵੀ ਬਹੁਤ ਜ਼ਿਆਦਾ ਹੰਗਾਮਾ ਅਤੇ ਹਿੰਸਾ ਕੀਤੀ ਸੀ, ਪਰੰਤੂ ਇਹ ਧੋਖੇ ਅਤੇ ਧੱਕੇ ਨਾਲ ਚੋਣਾਂ ਜਿੱਤਣ ਦੇ ਆਪਣੇ ਨਾਪਾਕ ਇਰਾਦਿਆਂ ਵਿਚ ਕਦੇ ਕਾਮਯਾਬ ਨਹੀਂ ਹੋਵੇਗੀ।