ਜਿਹਨਾਂ ਨੇ ਝੂਠਾ ਤੇ ਆਧਾਰਹੀਣ ਪਰਚਾ ਦਰਜ ਕਰਵਾਇਆ, ਉਹਨਾਂ ਖਿਲਾਫ ਕੇਸ ਦਰਜ ਹੋਵੇ : ਪਰਮਬੰਸ ਸਿੰਘ ਰੋਮਾਣਾ
ਕਿਹਾ ਕਿ ਕਾਂਗਰਸ ਸਰਕਾਰ ਨੇ ਡੀ ਜੀ ਪੀ ਚਟੋਪਾਧਿਆਏ ਤੇ ਬੀ ਓ ਆਈ ਦੇ ਆਈ ਜੀ ਗੌਤਮ ਚੀਮਾ ਨਾਲ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਲਈ ਸੌਦੇਬਾਜ਼ੀ ਕੀਤੀ
ਚੰਡੀਗੜ੍ਹ, 31 ਦਸੰਬਰ : ਯੂਥ ਅਕਾਲੀ ਦਲ ਨੇ ਅੱਜ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਹੇਠ ਸੂਬੇ ਭਰ ਵਿਚ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਵਿਸ਼ਾਲ ਧਰਨੇ ਦੇ ਕੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਕਾਂਗਰਸ ਸਰਕਾਰ ਵੱਲੋਂ ਝੁਠਾ ਤੇ ਨਿਰਾਧਾਰ ਕੇਸ ਦਰਜ ਕਰਨ ਖਿਲਾਫ ਰੋਸ ਪ੍ਰਗਟ ਕੀਤਾ। ਇਸ ਮੌਕੇ ਐਸ ਐਸ ਪੀਜ਼ ਨੂੰ ਰਾਜਪਾਲ ਦੇ ਨਾਂ ’ਤੇ ਮੰਗ ਪੱਤਰ ਵੀ ਸੌਂਪੇ ਗਏ।ਨੌਜਵਾਨਾਂ ਦੇ ਵੱਡੇ ਵੱਡੇ ਇਕੱਠਾਂ ਜਿਹਨਾਂ ਵਿਚ ਯੂਥ ਅਕਾਲੀ ਦਲ ਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਮੈਂਬਰ ਵੀ ਸ਼ਾਮਲ ਸਨ, ਵਿਚ ਨੌਜਵਾਨਾਂ ਨੇ ਕਾਂਗਰਸ ਸਰਕਾਰ ਵੱਲੋਂ ਆਪਣੀਆਂ ਅਸਫਲਤਾਵਾਂ ਛੁਪਾਉਣ ਲਈ ਇਹ ਝੂਠਾ ਨਸ਼ਿਆਂ ਦਾ ਕੇਸ ਦਰਜ ਕਰਨ ਖਿਲਾਫ ਰੋਸ ਪ੍ਰਗਟ ਕੀਤਾ।
ਪੋਸਟਰ ਤੇ ਬੈਨਰ ਲੈ ਕੇ ਇਹਨਾਂ ਨੌਜਵਾਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਇਹਨਾਂ ਦੇ ਪੁਤਲੇ ਵੀ ਫੂਕੇ ਤੇ ਕਿਹਾ ਕਿ ਇਹਨਾਂ ਆਗੂਆਂ ਨੇ ਸਟੇਜਾਂ ਤੋਂ ਐਲਾਨ ਕੀਤ ਸਨ ਕਿ ਅਕਾਲੀ ਲੀਡਰਸ਼ਿਪ ਨੁੰ ਝੂਠੇ ਕੇਸਾਂ ਵਿਚ ਫਸਾਇਆ ਜਾਵੇਗਾ।
ਫਰੀਦਕੋਟ ਵਿਚ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸੁਬੇ ਦੇ ਨੌਜਵਾਨ ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਵਿਚ ਹਰਮਨਪਿਆਰੇ ਸਰਦਾਰ ਮਜੀਠੀਆ ਦੇ ਖਿਲਾਫ ਝੁਠਾ ਕੇਸ ਦਰਜ ਕਰਨ ਕਾਰਨ ਰੋਹ ਵਿਚ ਹਨ। ਸੂਬੇ ਦਾ ਸਮੁੱਚਾ ਨੌਜਵਾਨ ਵਰਗ ਸਰਦਾਰ ਮਜੀਠੀਆ ਦੀ ਹਮਾਇਤ ਵਿਚ ਨਿਤਰ ਆਇਆ ਹੈ ਤੇ ਕਾਂਗਰਸ ਸਰਕਾਰ ਨੁੰ ਸਪਸ਼ਟ ਆਖ ਦਿੱਤਾ ਹੈ ਕਿ ਉਹ ਲੋਕਪ੍ਰਿਅ ਆਗੂ ਸਰਦਾਰ ਮਜੀਠੀਆ ਦੇ ਖਿਲਾਫ ਝੂਠਾ ਕੇਸ ਦਰਜ ਕਰਨ ਦੇ ਨਤੀਜੇ ਭੁਗਤਣ ਵਾਸਤੇ ਤਿਆਰ ਰਹੇ। ਇਹ ਨੌਜਵਾਨ ਆਉਂਦੀਆਂ ਚੋਣਾਂ ਵਿਚ ਕਾਂਗਰਸ ਦੇ ਖਿਲਾਫ ਅਹਿਮ ਰੋਲ ਅਦਾ ਕਰਨਗੇ ਅਤੇ ਚੋਣਾਂ ਵਿਚ ਕਾਂਗਰਸ ਦੇ ਖਿਲਾਫ ਵੋਟਰਾਂ ਦੀ ਵੱਡੇ ਪੱਧਰ ’ਤੇ ਲਾਮਬੰਦੀ ਕਰ ਕੇ ਆਪਣਾ ਰੋਹ ਪ੍ਰਗਟਾਉਣਗੇ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਸਰਦਾਰ ਮਜੀਠੀਆ ਦੇ ਖਿਲਾਫ ਸਾਰਾ ਕੇਸ ਮਨਘੜਤ ਹੈ ਕਿਉਂਕਿ ਸਰਕਾਰ ਨੇ ਦੋ ਡੀ ਜੀ ਪੀ ਬਦਲੇ ਤੇ ਤੀਜੇ ਡੀ ਜੀ ਪੀ ਐਸ ਚਟੋਪਾਧਿਆਏ ਨੂੰ ਕਾਂਗਰਸ ਪਾਰਟੀ ਦਾ ਸਿਆਸੀ ਬਦਲਾਖੋਰੀ ਦਾ ਏਜੰਡਾ ਲਾਗੂ ਕਰਨ ਵਾਸਤੇ ਨਿਯੁਕਤ ਕੀਤਾ ਗਿਆ। ਉਹਨਾਂ ਕਿਹਾ ਕਿ ਨਵੇਂ ਡੀ ਜੀ ਪੀ ਨੇ ਸਰਦਾਰ ਮਜੀਠੀਆ ਦੇ ਖਿਲਾਫ ਕੇਸ ਦਰਜ ਕਰਨ ਦਾ ਹੁਕਮ ਦੇ ਕੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ। ਉਹਨਾਂ ਕਿਹਾ ਕਿ ਇਹ ਪਹਿਲਾ ਮਾਮਲਾ ਹੈ ਜਦੋਂ ਡੀ ਜੀ ਪੀ ਵੱਲੋਂ ਅਜਿਹੇ ਹੁਕਮ ਦਿੱਤੇ ਗਏ ਹੋਣ। ਵੁਹਨਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਜਿਸ ਮਾਮਲੇ ਵਿਚ ਅਦਾਲਤਾਂ ਨੇ ਫੈਸਲਾ ਸੁਣਾ ਦਿੱਤਾ ਹੋਵੇ, ਉਹਨਾਂ ਮਾਮਲਿਆਂ ਵਿਚ ਉਪਰਲੀ ਅਦਾਲਤ ਤੋਂ ਪ੍ਰਵਾਨਗੀ ਲਏ ਬਗੈਰ ਜਾਂਚ ਮੁੜ ਆਰੰਭ ਦਿੱਤੀ ਗਈ ਹੋਵੇ।
ਉਹਨਾਂ ਕਿਹਾ ਕਿ ਚਟੋਪਾਧਿਆਏ ਤੋਂ ਇਲਾਵਾ ਕਾਂਗਰਸ ਸਰਕਾਰ ਨੇ ਬਿਊਰੋ ਆਫ ਇਨਵੈਸਟੀਗੇਸ਼ਨ (ਬੀ ਓ ਆਈ) ਦੇ ਆਈ ਜੀ ਗੌਤਮ ਚੀਮਾ ਨੂੰ ਵੀ ਐਸ ਕੇ ਅਸਥਾਨਾ ਦੇ ਛੁੱਟੀ ਜਾਣ ਤੋਂ ਬਾਅਦ ਬੀ ਓ ਆਈ ਵੱਲੋਂ ਦਸਤਾਵੇਜ਼ ’ਤੇ ਹਸਤਾਖ਼ਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਅਸਥਾਨਾ ਨੇ ਸਪਸ਼ਟ ਆਖ ਦਿੱਤਾ ਸੀ ਕਿ ਸਰਦਾਰ ਮਜੀਠੀਆ ਦੇ ਖਿਲਾਫ ਕੇਸ ਨਹੀਂ ਬਣਦਾ। ਉਹਨਾਂ ਕਿਹਾ ਕਿ ਗੌਤਮ ਚੀਮਾ ਇਕ ਦਾਗੀ ਪੁਲਿਸ ਅਫਸਰ ਹੈ ਜਿਸਦੇ ਖਿਲਾਫ ਕਈ ਫੌਜਦਾਰੀ ਕੇਸ ਚਲ ਰਹੇ ਹਨ ਤੇ ਇਸੇ ਕਾਰਨ ਉਸਨੁੰ ਏ ਡੀ ਜੀ ਪੀ ਨਹੀਂ ਬਣਾਇਆ ਗਿਆ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਚੀਮਾ ਨਾਲ ਸਰਦਾਰ ਮਜੀਠੀਆ ਨੁੰ ਫਸਾਉਣ ਲਈ ਸੌਦੇਬਾਜ਼ੀ ਕੀਤੀ ਗਈ।
ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਜਿਹਨਾਂ ਨੇ ਸਰਦਾਰ ਮਜੀਠੀਆ ਦੇ ਖਿਲਾਫ ਝੂਠਾ ਤੇ ਨਿਰਾਧਾਰ ਕੇਸ ਦਰਜ ਕਰਵਾਇਆ, ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਇਸ ਗੱਲ ਦੇ ਠੋਸ ਸਬੂਤ ਹਨ ਤੇ ਜਿਹਨਾਂ ਵਿਚ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਦੇ ਬਿਆਨ ਹਨ ਕਿ ਸਰਦਾਰ ਮਜੀਠੀਆ ਨੂੰ ਇਸ ਝੂਠੇ ਕੇਸ ਵਿਚ ਫਸਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹਨਾਂ ਸਾਰਿਆਂ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਇਸ ਸਾਰੇ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਣੀ ਚਾਹੀਦੀ ਹੈ।