ਚੰਡੀਗੜ੍ਹ/15 ਸਤੰਬਰ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਹਾਈ ਕੋਰਟ ਵੱਲੋਂ ਦੇਰ ਰਾਤੀਂ ਦਿੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਫਰੀਦਕੋਟ ਵਿਖੇ ਰੈਲੀ ਦੀ ਇਜਾਜ਼ਤ ਦੇਣ ਦੇ ਫੈਸਲੇ ਨੂੰ 'ਸਿੱਖ-ਵਿਰੋਧੀ ਕਾਂਗਰਸ ਅਤੇ ਇਸ ਦੇ ਭਾੜੇ ਦੇ ਪਿੱਠੂਆਂ ਉੱਤੇ ਖਾਲਸਾ ਪੰਥ' ਦੀ ਜਿੱਤ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਅਦਾਲਤ ਦਾ ਫੈਸਲਾ ਅਤੇ ਕੱਲ੍ਹ ਦੀ ਰੈਲੀ ਪੰਜਾਬ ਦੀ ਸਿਆਸਤ ਵਿਚ ਇੱਕ ਨਵਾਂ ਮੋੜ ਸਾਬਿਤ ਹੋਵੇਗੀ।
ਹਾਈ ਕੋਰਟ ਵੱਲੋਂ ਦਿੱਤੇ ਫੈਸਲੇ ਉੱਤੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਨੇ ਸਿੱਖ ਵਿਰੋਧੀ ਕਾਂਗਰਸ ਪਾਰਟੀ ਅਤੇ ਸਿੱਖਾਂ ਦੇ ਹਿੱਤਾਂ ਦੇ ਰਾਖੇ ਹੋਣ ਦਾ ਢਕਵੰਜ ਕਰ ਰਹੇ ਕਾਂਗਰਸ ਦੇ ਭਾੜੇ ਦੇ ਏਜੰਟਾਂ ਵਿਚਲੇ ਨਾਪਾਕ ਗਠਜੋੜ ਦਾ ਪਰਦਾਫਾਸ਼ ਕਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਨੇ ਇਸ ਜਿੱਤ ਨੂੰ ਲੋਕਤੰਤਰ, ਪ੍ਰਗਟਾਵੇ ਅਤੇ ਨਾਗਰਿਕ ਅਧਿਕਾਰਾਂ ਦੀ ਆਜ਼ਾਦੀ ਦੀ ਜਿੱਤ ਵੀ ਆਖਿਆ। ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਤੱਤਾਂ ਲਈ ਵੱਡੀ ਹਾਰ ਹੈ, ਜਿਹਨਾਂ ਨੂੰ ਉਹ ਸਿੱਖ ਪੰਥ ਨੂੰ ਕਮਜ਼ੋਰ ਕਰਨ ਵਾਸਤੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।