ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਮਗਰੋਂ ਆਉਂਦੇ ਹਨ ਤਾਂ ਉਹਨਾਂ ਨਾਲ ਆਏ ਸਾਰੇ ਮਹਿਮਾਨਾਂ ਨੂੰ ਲੰਗਰ ਛਕਾਵਾਂਗੇ
ਚੰਡੀਗੜ•/17 ਸਤੰਬਰ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਚੇਤੇ ਕਰਵਾਇਆ ਕਿ ਉਹ ਲੰਬੀ ਤੋਂ ਚੋਣ ਲੜੇ ਸਨ, ਬੇਸ਼ੱਕ ਇਸ ਹਲਕੇ ਨੇ ਕੈਪਟਨ ਨੂੰ ਭਜਾ ਦਿੱਤਾ ਸੀ। ਉਹਨਾਂ ਕਿਹਾ ਕਿ ਪਰ ਫਿਰ ਵੀ ਇੱਕ ਢੰਗ ਨਾਲ ਇਹ ਤੁਹਾਡਾ ਹਲਕਾ ਹੈ, ਕਿਉਂਕਿ ਤੁਸੀਂ ਇੱਥੇ ਲੋਕਾਂ ਨਾਲ ਵਾਅਦੇ ਕੀਤੇ ਸਨ। ਕਿਰਪਾ ਕਰਕੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਕੇ ਇੱਥੇ ਆਓ, ਮੈਂ ਖੁਦ ਤੁਹਾਡਾ ਸਵਾਗਤ ਕਰਾਂਗਾ।
ਸਰਦਾਰ ਬਾਦਲ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਸਾਡੀ ਰੈਲੀ ਨੇ ਤੁਹਾਨੂੰ ਲੋਕਾਂ ਬਾਰੇ ਸੋਚਣ ਅਤੇ ਆਪਣੇ ਮਹਿਲਾਂ ਵਿਚੋਂ ਬਾਹਰ ਆਉਣ ਲਈ ਮਜ਼ਬੂਰ ਕਰ ਦਿੱਤਾ ਹੈ। ਬੇਸ਼ੱਕ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਮੁੱਖ ਮੰਤਰੀ ਦਾ ਚਿਹਰਾ ਵਿਖਾਉਣ ਵਾਸਤੇ ਅਜਿਹੀ ਮੱਦਦ ਕਰਨ ਵਿਚ ਸਾਡਾ ਕਾਫੀ ਖਰਚ ਹੋਇਆ ਹੈ। ਉਹਨਾਂ ਕਿਹਾ ਕਿ ਇੰਝ ਜਾਪਦਾ ਹੈ ਕਿ ਮੁੱਖ ਮੰਤਰੀ ਨੂੰ ਲੋਕਾਂ ਦੀ ਸੇਵਾ ਵਾਸਤੇ ਮਹਿਲਾਂ ਵਿਚੋਂ ਬਾਹਰ ਕੱਢਣ ਲਈ ਹਰ ਵਾਰੀ ਸਾਨੂੰ ਰੈਲੀ ਕਰਨੀ ਪਿਆ ਕਰੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਕੈਪਟਨ ਅਮਰਿੰਦਰ ਆ ਕੇ ਲੰਬੀ ਦੇ ਲੋਕਾਂ ਨੂੰ ਮਿਲੇਗਾ, ਜਿਹਨਾਂ ਨੂੰ ਉਸ ਨੇ ਕਦੇ 'ਆਪਣੇ'ਕਿਹਾ ਸੀ। ਇਹ ਵੱਖਰੀ ਗੱਲ ਹੈ ਕਿ ਚੋਣ ਮੁਹਿੰਮ ਖ਼ਤਮ ਹੋਣ ਮਗਰੋਂ ਉਸ ਨੇ ਕਦੇ ਇਹਨਾਂ ਲੋਕਾਂ ਨੂੰ ਸਕਥਲ ਵੀ ਨਹੀਂ ਵਿਖਾਈ। ਉਹਨਾਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਲੰਬੇ ਲੰਬੇ ਵਾਅਦੇ ਕਰਨ ਮਗਰੋਂ ਉਹ ਲੰਬੀ ਨੂੰ ਪੂਰੀ ਤਰ•ਾਂ ਭੁੱਲ ਚੁੱਕਿਆ ਹੈ। ਉਹਨਾਂ ਕਿਹਾ ਕਿ ਖੈਰ ਇਹ ਇੱਕ ਛੋਟਾ ਮੁੱਦਾ ਹੈ, ਇਹ ਮੈਨੂੰ ਤੁਹਾਡਾ ਸਵਾਗਤ ਕਰਨ ਤੋਂ ਨਹੀਂ ਰੋਕੇਗਾ।
ਉਹਨਾਂ ਕਿਹਾ ਕਿ ਕਿਰਪਾ ਕਰਕੇ ਤੁਸੀਂ ਇੱਥੋਂ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਮਗਰੋਂ ਹੀ ਇੱਥੇ ਪਧਾਰੋ ਜਾਂ ਘੱਟੋ ਘੱਟ ਮੁਕੰਮਲ ਕਰਜ਼ਾ ਮੁਆਫੀ, ਹਰ ਘਰ ਨੂੰ ਰੁਜ਼ਗਾਰ, 51 ਹਜ਼ਾਰ ਰੁਪਏ ਦੀ ਸ਼ਗਨ ਸਕੀਮ ਅਤੇ 25 ਰੁਪਏ ਦੀ ਬੁਢਾਪਾ ਪੈਨਸ਼ਨ ਆਦਿ ਵਰਗੇ ਮੋਟੇ-ਮੋਟੇ ਵਾਅਦੇ ਹੀ ਪੂਰੇ ਕਰ ਦਿਓ। ਉਹਨਾਂ ਕਿਹਾ ਕਿ ਜੇਕਰ ਤੁਸੀਂ ਇੰਨੇ ਮਿਹਰਬਾਨ ਹੁੰਦੇ ਹੋ ਤਾਂ ਜਦੋਂ ਤੁਸੀਂ ਆਓਗੇ , ਮੈਂ ਖੁਦ ਤੁਹਾਡਾ ਸਵਾਗਤ ਕਰਾਂਗਾ, ਕਿਉਂਕਿ ਮੈਂ ਵੀ ਇਸ ਹਲਕੇ ਦਾ ਵੋਟਰ ਹਾਂ, ਜਿਸ ਨੂੰ ਤੁਸੀਂ ਇੰਨੇ ਸਮੇਂ ਤੋਂ ਭੁਲਾਇਆ ਹੋਇਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਮਗਰੋਂ ਲੰਬੀ ਵਿਚ ਆਉਂਦੇ ਹਨ ਤਾਂ ਉਹ (ਸਰਦਾਰ ਬਾਦਲ) ਨਾ ਸਿਰਫ ਕੈਪਟਨ ਦਾ ਸਵਾਗਤ ਕਰਨਗੇ, ਸਗੋਂ ਉਹਨਾਂ ਨਾਲ ਰੈਲੀ ਵਿਚ ਆਏ ਸਾਰੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਲਈ ਲੰਗਰ ਦਾ ਵੀ ਪ੍ਰਬੰਧ ਕਰਨਗੇ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਮੇਰੀ ਮੇਜਬਾਨੀ ਸਵੀਕਾਰ ਕਰਨਗੇ।