ਮਾਰੇ ਗਏ 13 ਹਿੰਦੂ-ਸਿੱਖ ਮ੍ਰਿਤਕਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਹੋਣਗੀਆਂ ਜਲ ਪ੍ਰਵਾਹ
ਨਵੀਂ ਦਿੱਲੀ (19 ਜੁਲਾਈ 2018): ਬੀਤੇ ਦਿਨੀਂ ਅਫ਼ਗਾਨਿਸਤਾਨ ’ਚ ਹੋਏ ਆਤਮਘਾਤੀ ਹਮਲੇ ਦੌਰਾਨ ਮਾਰੇ ਗਏ 12 ਸਿੱਖ ਅਤੇ 1 ਹਿੰਦੂ ਦੀਆਂ ਅਸਥੀਆਂ ਨੂੰ ਅੱਜ ਦਿੱਲੀ ਲਿਆਂਦਾ ਗਿਆ। ਦਿੱਲੀ ਵਿਖੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਨਿਊ ਮਹਾਬੀਰ ਨਗਰ ਵਿਖੇ 2 ਦਿਨਾਂ ਸੰਗਤਾਂ ਦੇ ਦਰਸ਼ਨ ਲਈ ਰਖਣ ਉਪਰੰਤ ਉਕਤ ਅਸਥੀਆਂ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮ੍ਰਿਤਕਾ ਦੇ ਪਰਿਵਾਰਕ ਸਾਥੀਆਂ ਨੂੰ ਹੌਸਲਾ ਬੰਨਣ ਉਪਰੰਤ ਅਸਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਅਸਥੀਆਂ ਦੇ ਨਾਲ ਹੀ ਹਮਲੇ ਦੌਰਾਨ ਫੱਟੜ ਹੋਏ 6 ਸਿੰਘ ਵੀ ਦਿੱਲੀ ਦੇ ਏਮਸ ਵਿਖੇ ਇਲਾਜ ਕਰਾਉਣ ਲਈ ਨਾਲ ਆਏ ਹਨ ਜਿਨ੍ਹਾਂ ਵਿਚ ਸਤਪਾਲ ਸਿੰਘ, ਗੁਰਮੀਤ ਸਿਘ, ਮਨਜੀਤ ਸਿੰਘ, ਮਨਿੰਦਰ ਸਿੰਘ , ਨਰਿੰਦਰ ਸਿੰਘ, ਨਰਿੰਦਰ ਪਾਲ ਸਿੰਘ ਅਤੇ ਰਵਿੰਦਰ ਕੌਰ ਸ਼ਾਮਿਲ ਹਨ। ਇਸਤੋਂ ਪਹਿਲਾਂ ਇੱਕਬਾਲ ਸਿੰਘ ਨੂੰ ਵੀ ਦਿੱਲੀ ਵਿਖੇ ਇਲਾਜ ਲਈ ਲਿਆਂਦਾ ਗਿਆ ਸੀ। ਦਰਅਸਲ 1 ਜੁਲਾਈ 2018 ਨੂੰ ਅਫ਼ਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਖੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਸਿੱਖ ਆਗੂਆਂ ਦੇ ਵਫ਼ਦ ਨੂੰ ਆਤਮਘਾਤੀ ਹਮਲਾਵਰ ਨੇ ਆਪਣੇ ਸਣੇ ਬੰਬ ਨਾਲ ਉਡਾ ਦਿੱਤਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਦਲ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਫਟੱੜ ਹੋਏ ਸਿੱਖਾਂ ਦੇ ਇਲਾਜ ਲਈ ਕੇਂਦਰੀ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰਨ ਉਪਰੰਤ ਏਮਸ ਵਿਖੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ। ਫਟੱੜ ਹੋਏ ਸਿੱਖਾਂ ਦੇ ਨਾਲ ਆਏ ਤਿਮਾਰਦਾਰਾਂ ਦੇ ਰਹਿਣ ਆਦਿਕ ਦਾ ਖਰਚ ਦਿੱਲੀ ਕਮੇਟੀ ਚੁੱਕੇਗੀ। ਸਾਡੇ ਲਈ ਸਭ ਤੋਂ ਜਰੂਰੀ ਅਫ਼ਗਾਨੀ ਸਿੱਖਾਂ ਨੂੰ ਇਸ ਗੱਲ ਦਾ ਭਰੋਸਾ ਦੇਣਾ ਹੈ ਕਿ ਭਾਰਤ ਦੇ ਸਿੱਖ ਉਨ੍ਹਾਂ ਦੇ ਨਾਲ ਤਨ, ਮਨ ਅਤੇ ਧਨ ਦੇ ਨਾਲ ਖੜੇ ਹਨ।
ਇਥੇ ਦਸ ਦੇਈਏ ਕਿ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਤੌਰ ’ਤੇ ਪ੍ਰਤੀ ਮ੍ਰਿਤਕ ਨੂੰ 1 ਲੱਖ ਰੁਪਏ ਅਤੇ ਪ੍ਰਤੀ ਫਟੱੜ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਪਹਿਲੇ ਹੀ ਐਲਾਨ ਕੀਤਾ ਹੋਇਆ ਹੈ। ਅਫ਼ਗਾਨਿਸਤਾਨ ’ਚ ਘੱਟਗਿਣਤੀ ਭਾਈਚਾਰੇ ਦੇ ਕੋਟੇ ਤੋਂ ਸਾਂਸਦ ਦੀ ਚੋਣ ਲੜ ਰਹੇ ਅਵਤਾਰ ਸਿੰਘ ਖਾਲਸਾ ਦੀ ਇਸ ਆਤਮਘਾਤੀ ਹਮਲੇ ’ਚ ਹੋਈ ਬੇਵਕਤੀ ਮੌਤ ਉਪਰੰਤ ਹੁਣ ਉਨ੍ਹਾਂ ਦੇ ਪੁੱਤਰ ਨਰਿੰਦਰ ਸਿੰਘ ਖਾਲਸਾ ਨੇ ਉਮੀਦਵਾਰ ਵੱਜੋਂ ਚੋਣ ਲੜਨੀ ਹੈ, ਦੀ ਦਿਲੀ ਇੱਛਾ ਸੀ ਕਿ ਉਨ੍ਹਾਂ ਦੇ ਪਿਤਾਜੀ ਦੀਆਂ ਅਸਥੀਆਂ ਭਾਰਤ ਵਿਖੇ ਜਲ ਪ੍ਰਵਾਹ ਕੀਤੀਆਂ ਜਾਣ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਦਿੱਲੀ ਕਮੇਟੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ,ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਮੌਜੂਦ ਸਨ।