ਮੁੱਖ ਮੰਤਰੀ ਇਹ ਵੀ ਦੱਸਣ ਕਿ ਮੁੱਖ ਸਕੱਤਰ ਨੇ ਮਾਮਲੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਸੀ ਜਾਂ ਨਹੀਂ ਕਿਉਂਕਿ ਉਹ ਸਿੱਧਾ ਕੇਜਰੀਵਾਲ ਨੂੰ ਰਿਪੋਰਟ ਕਰ ਰਹੇ ਹਨ : ਡਾ. ਚੀਮਾ
ਚੰਡੀਗੜ੍ਹ, 14 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਝੂਠ ਕਿਉਂ ਬੋਲਿਆ ਕਿ ਯੂ ਟੀ ਪ੍ਰਸ਼ਾਸਨ ਨੇ ਪੰਜਾਬ ਕੇਡਰ ਦੇ ਅਫਸਰ ਕੁਲਦੀਪ ਚਾਹਲ ਨੂੰ ਐਸ ਐਸ ਪੀ ਚੰਡੀਗੜ੍ਹ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕਰ ਕੇ ਪੰਜਾਬ ਤੋਂ ਅਫਸਰਾਂ ਦਾ ਪੈਨਲ ਨਹੀਂ ਮੰਗਿਆ।
ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਥੇ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਝੂਠ ਬੋਲ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਪਾਤਰ ਬਣਾਉਣਾ ਮੁੱਖ ਮੰਤਰੀ ਦੀ ਆਦਤ ਬਣ ਗਈ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਗੁੰਮਰਾਹਕੁੰਨ ਪੱਤਰ ਲਿਖ ਕੇ ਪ੍ਰਸ਼ਾਸਨ ਦਾ ਮਖੌਲ ਉਡਾਇਆ ਅਤੇ ਬਿਨਾਂ ਠੋਸ ਆਧਾਰ ’ਤੇ ਵੱਡੇ ਵੱਡੇ ਝੂਠੇ ਦਾਅਵੇ ਵੀ ਕੀਤੇ। ਉਹਨਾਂ ਕਿਹਾ ਕਿ ਹੁਣ ਇਹ ਮੁੱਖ ਮੰਤਰੀ ਹੀ ਦੱਸਣ ਕਿ ਉਹਨਾਂ ਨੇ ਝੂਠਾ ਦਾਅਵਾ ਕਿਉਂ ਕੀਤਾ ਕਿ ਯੂ ਟੀ ਪ੍ਰਸ਼ਾਸਨ ਨੇ ਐਸ ਐਸ ਪੀ ਕੁਲਦੀਪ ਚਾਹਲ ਨੂੰ ਹਟਾਉਣ ਦਾ ਫੈਸਲਾ ਕਰਨ ਮਗਰੋਂ ਪੰਜਾਬ ਸਰਕਾਰ ਤੋਂ ਅਫਸਰਾਂ ਦਾ ਪੈਨਲ ਨਹੀਂ ਮੰਗਿਆ।
ਉਹਨਾਂ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਕੀ ਇਸ ਮਾਮਲੇ ਵਿਚ ਯੂ ਟੀ ਪ੍ਰਸ਼ਾਸਕ ਤੇ ਮੁੱਖ ਸਕੱਤਰ ਵਿਚਾਲੇ ਹੋਈ ਗੱਲਬਾਤ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀਗਈ ਸੀ ਜਾਂ ਨਹੀਂ ਕਿਉਂਕਿ ਮੁੱਖ ਸਕੱਤਰ ਸਿੱਧਾ ਸ੍ਰੀ ਅਰਵਿੰਦ ਕੇਜਰੀਵਾਲ ਤੇ ਸ੍ਰੀ ਰਾਘਵ ਚੱਢਾ ਨੂੰ ਰਿਪੋਰਟ ਕਰਦੇ ਹਨ ਅਤੇ ਸ੍ਰੀ ਭਗਵੰਤ ਮਾਨ ਨੂੰ ਨਹੀਂ।
ਡਾ. ਚੀਮਾ ਨੇ ਕਿਹਾ ਕਿ ਯੂ ਟੀ ਪ੍ਰਸ਼ਾਸਕ ਦੇ ਮੁੱਖ ਮੰਤਰੀ ਨੂੰ ਦਿੱਤੇ ਜਵਾਬ ਜੋ ਜਨਤਕ ਹੈ, ਤੋਂ ਸਪਸ਼ਟ ਹੈ ਕਿ ਪ੍ਰ਼ਸ਼ਾਸਕ ਨੇ 28 ਨਵੰਬਰ ਨੂੰ ਹੀ ਅਫਸਰਾਂ ਦਾ ਪੈਨਲ ਮੰਗਿਆ ਸੀ ਤੇ ਫਿਰ ਪ੍ਰਸ਼ਾਸਕ ਦੇ ਸਲਾਹਕਾਰ ਨੇ ਇਹੀ ਬੇਨਤੀ 30 ਨਵੰਬਰ ਨੂੰ ਦੁਹਰਾਈ। ਉਹਨਾਂ ਕਿਹਾ ਕਿ ਪ੍ਰਸ਼ਾਸਕ ਨੇ ਇਹ ਵੀ ਸਪਸ਼ਟ ਹੈ ਕਿ ਯੂ ਟੀ ਪ੍ਰਸ਼ਾਸਨ ਇਸ ਮਾਮਲੇ ਵਿਚ ਲਗਾਤਾਰ ਪੰਜਾਬ ਸਰਕਾਰ ਦੇ ਸੰਪਰਕ ਵਿਚ ਸੀ।
ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਉਹਨਾਂ ਨੇ ਯੂ ਟੀ ਪ੍ਰਸ਼ਾਸਨ ਦੀ ਬੇਨਤੀ ’ਤੇ ਕੋਈ ਫੈਸਲਾ ਕਿਉਂ ਨਹੀਂ ਲਿਆ ਅਤੇ ਉਲਟਾ ਸ੍ਰੀ ਕੁਲਦੀਪ ਚਾਹਲ ਨੁੰ ਹਟਾਏ ਜਾਣ ਮਗਰੋਂ ਗੁੰਮਰਾਹਕੁੰਨ ਜਵਾਬ ਕਿਉਂ ਦਿੱਤਾ। ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਦੱਸਣ ਕਿ ਕੀ ਹੁਣ ਤੱਕ ਵੀ ਪੈਨਲ ਭੇਜ ਦਿੱਤਾ ਗਿਆ ਹੈ ਜਾਂ ਨਹੀਂ।
ਇਸ ਦੌਰਾਨ ਅਕਾਲੀ ਆਗੂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਝੂਠ ਬੋਲਣਾ ਮੁੱਖ ਮੰਤਰੀ ਦੀ ਆਦਤ ਬਣ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦਾ ਇਕ ਹੋਰ ਝੂਠ ਅੱਜ ਬੇਨਕਾਬ ਹੋ ਗਿਆ ਜਦੋਂ ਸੂਬੇ ਦੇ ਡੀ ਜੀ ਪੀ ਗੌਰਵ ਯਾਦਵ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕੀ ਅਧਿਕਾਰੀਆਂ ਵੱਲੋਂ ਗ੍ਰਿਫਤਾਰ ਕਰਨ ਦੇ ਸ੍ਰੀ ਭਗਵੰਤ ਮਾਨ ਦੇ ਦਾਅਵੇ ਬਾਰੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਇਹ ਆਦਤ ਛੱਡ ਦੇਣੀ ਚਾਹੀਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਵਾਸਤੇ ਸਹੀ ਤਰੀਕੇ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ।