ਬਿਕਰਮ ਮਜੀਠੀਆ ਨੇ ਖਹਿਰਾ ਨੂੰ ਪੁੱਛਿਆ ਕਿ ਇਰਾਕ ਪੀੜਤਾਂ ਦੇ ਪਰਿਵਾਰਾਂ ਨੂੰ 20 ਹਜ਼ਾਰ ਰੁਪਏ ਪੈਨਸ਼ਨ ਦਾ ਐਲਾਨ ਕਰਕੇ ਸਟੇਟ ਨੇ ਕਿਹੜੀ ਉਦਾਰਤਾ ਵਿਖਾਈ ਹੈ, ਜਦਕਿ ਛੇ ਮਹੀਨੇ ਤੋਂ ਇਹ ਪੈਨਸ਼ਨ ਦਿੱਤੀ ਨਹੀਂ ਗਈ ਹੈ
ਚੰਡੀਗੜ੍ਹ/22 ਮਾਰਚ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਖੁਦ ਨੂੰ ਸਰਹੱਦ-ਪਾਰ ਨਸ਼ਾ ਤਸਕਰੀ ਦੇ ਮਾਮਲੇ 'ਚੋਂ ਬਚਾਉਣ ਵਾਸਤੇ ਕਾਂਗਰਸ ਅੱਗੇ ਗੋਡੇ ਟੇਕ ਦੇਣ ਨਾਲ ਅਤੇ ਕਾਂਗਰਸ ਪਾਰਟੀ ਦੀ ਬੀ-ਟੀਮ ਬਣ ਜਾਣ ਨਾਲ ਪੰਜਾਬ ਅੰਦਰ ਇੱਕ ਸੰਵਿਧਾਨਿਕ ਸੰਕਟ ਪੈਦਾ ਹੋ ਗਿਆ ਹੈ।
ਵਿਧਾਨ ਸਭਾ ਗੈਲਰੀ ਵਿਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਦੋਂ ਉਹਨਾਂ ਵੱਲੋਂ ਇਰਾਕ ਵਿਚ ਮਾਰੇ ਗਏ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਮੁੱਦਾ ਉਠਾਇਆ ਗਿਆ ਤਾਂ ਜਿਸ ਢੰਗ ਨਾਲ ਸੁਖਪਾਲ ਖਹਿਰਾ ਕਾਂਗਰਸ ਦੇ ਸਮਰਥਨ ਵਿਚ ਆ ਖੜ੍ਹਾ ਹੋਇਆ, ਉਸ ਤੋਂ ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ ਦੇ ਆਗੂ ਵਿਚਲੀ ਗੰਢਤੁਪ ਦਾ ਪਰਦਾਫਾਸ਼ ਹੋ ਗਿਆ।
ਇਸ ਮੁੱਦੇ ਦੀ ਤਫਸੀਲ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕੱਲ੍ਹ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸੋਢੀ ਨੇ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ ਇਰਾਕ ਵਿਚ ਮਾਰੇ ਗਏ 27 ਪੰਜਾਬੀਆਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦੇਵੇ। ਉਹਨਾਂ ਕਿਹਾ ਕਿ ਮੈਂ ਅੱਜ ਇਹ ਮੁੱਦਾ ਸਦਨ ਵਿਚ ਚੁੱਕਿਆ, ਕਿਉਂਕਿ ਮਾਰੇ ਗਏ ਨੌਜਵਾਨਾਂ ਵਿਚੋਂ ਚਾਰ ਮੇਰੇ ਹਲਕੇ ਨਾਲ ਸੰਬੰਧ ਰੱਖਦੇ ਸਨ ਅਤੇ ਬੇਨਤੀ ਕੀਤੀ ਕਿ ਸੂਬਾ ਸਰਕਾਰ ਵੱਲੋਂ ਵੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਰਾਬਰ ਦੀ ਮੁਆਵਜ਼ਾ ਰਾਸ਼ੀ ਅਤੇ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਮੁੱਖ ਮੰਤਰੀ ਨੇ ਮੇਰੀ ਬੇਨਤੀ ਨੂੰ ਰੱਦ ਕਰਦਿਆਂ ਕਿਹਾ ਕਿ ਨੀਤੀ ਦੇ ਅਨੁਸਾਰ ਸਰਕਾਰ ਪੀੜਤ ਪਰਿਵਾਰਾਂ ਲਈ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਐਲਾਨ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਮੌਕੇ ਪੀੜਤ ਪਰਿਵਾਰਾਂ ਦੇ ਹੱਕ ਵਿਚ ਬੋਲਣ ਦੀ ਥਾਂ ਸੁਖਪਾਲ ਖਹਿਰਾ ਮੁੱਖ ਮੰਤਰੀ ਦੀ ਇਸ ਉਦਾਰਤਾ ਲਈ ਉਹਨਾਂ ਦਾ ਧੰਨਵਾਦ ਕਰਨ ਲਈ ਖੜ੍ਹੇ ਹੋ ਗਏ। ਉਹਨਾਂ ਕਿਹਾ ਕਿ ਸਿਰਫ ਖਹਿਰਾ ਹੀ ਜਾਣਦਾ ਹੈ ਕਿ ਸਰਕਾਰ ਨੇ ਪੀੜਤ ਪਰਿਵਾਰਾਂ ਪ੍ਰਤੀ ਕਿਹੜੀ ਉਦਾਰਤਾ ਵਿਖਾਈ ਹੈ, ਕਿਉਂਕਿ ਪੀੜਤ ਪਰਿਵਾਰਾਂ ਨੂੰ ਐਲਾਨੀ ਹੋਈ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਪਿਛਲੇ ਛੇ ਮਹੀਨਿਆਂ ਤੋਂ ਨਹੀਂ ਦਿੱਤੀ ਗਈ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਮੰਗ ਕਰਦਾ ਹਾਂ ਕਿ ਸੂਬੇ ਨੂੰ ਕੁੱਝ ਅਲੱਗ ਤੋਂ ਵੀ ਕਰਨਾ ਚਾਹੀਦਾ ਹੈ, ਜਿਵੇਂ ਸਰਬਜੀਤ ਸਿੰਘ ਦੇ ਮਾਮਲੇ ਵਿਚ ਕੀਤਾ ਸੀ। ਉਹ ਸਾਡੇ ਲੋਕ ਹਨ, ਸਾਨੂੰ ਉਹਨਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ।
ਇਹ ਟਿੱਪਣੀ ਕਰਦਿਆਂ ਕਿ ਸੁਖਪਾਲ ਖਹਿਰਾ ਦੇ ਅਜਿਹੇ ਵਤੀਰੇ ਪਿੱਛੇ ਕੋਈ ਡੂੰਘੀ ਸਾਜ਼ਿਸ਼ ਕੰਮ ਕਰਦੀ ਹੈ, ਸਾਬਕਾ ਮੰਤਰੀ ਨੇ ਕਿਹਾ ਕਿ ਖਹਿਰਾ ਨੇ ਪਹਿਲਾਂ ਇੱਕ ਵੱਖਰੀ ਪਾਰਟੀ ਬਣਾਉਣ ਲਈ 'ਆਪ' ਦੇ ਸੂਬਾਈ ਯੂਨਿਟ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਉਸ ਦਾ ਵਿਚਾਰ ਇਹ ਸੀ ਕਿ ਉਸ ਦੇ ਕਰੀਬੀ ਰਿਸ਼ਤੇਦਾਰ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਵੱਲੋਂ ਪਿਛਲੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਆਪਣੀ ਰਿਪੋਰਟ, ਜਿਸ ਵਿਚ ਉਸ ਨੇ ਸਾਰਾ ਦੋਸ਼ ਅਕਾਲੀ-ਭਾਜਪਾ ਉੱਤੇ ਮੜ੍ਹਿਆ ਹੈ, ਸੌਂਪੇ ਜਾਣ ਮਗਰੋਂ ਉਹ ਨਵੀਂ ਪਾਰਟੀ ਦੇ ਸਾਰੇ ਵਿਧਾਇਕਾਂ ਸਮੇਤ ਕਾਂਗਰਸ ਵਿਚ ਸ਼ਾਮਿਲ ਹੋ ਜਾਵੇਗਾ। ਖਹਿਰਾ ਨਵੇਂ ਗਰੁੱਪ ਨੂੰ ਕਾਂਗਰਸ ਵਿਚ ਲਿਜਾਣ ਲਈ ਇੱਕ ਬਹਾਨਾ ਚਾਹੁੰਦਾ ਸੀ, ਇਸੇ ਕਰਕੇ ਉਸ ਨੇ ਅੱਜ ਮੰਗ ਕੀਤੀ ਸੀ ਕਿ ਉਸ ਰਿਪੋਰਟ ਨੂੰ ਸਦਨ ਵਿਚ ਰੱਖਿਆ ਜਾਵੇ। ਮੈਂ ਆਪ ਦੇ ਵਿਧਾਇਕਾਂ ਦਾ ਧੰਨਵਾਦੀ ਹਾਂ, ਜਿਹਨਾਂ ਨੇ ਉਸ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ। ਪਰ ਇੱਕ ਗੱਲ ਸਾਫ ਹੈ ਕਿ ਖਹਿਰਾ ਯੋਜਨਾ ਮੁਤਾਬਿਕ ਕਾਂਗਰਸ ਵਿਚ ਸ਼ਾਮਿਲ ਹੋਵੇਗਾ, ਇਹ ਸਿਰਫ ਕੁੱਝ ਮਹੀਨਿਆਂ ਦੀ ਖੇਡ ਹੈ।
ਇਹ ਟਿੱਪਣੀ ਕਰਦਿਆਂ ਕਿ ਖਹਿਰਾ ਕਾਂਗਰਸ ਪਾਰਟੀ ਨਾਲ ਪਹਿਲਾਂ ਤੋਂ ਹੀ ਤੈਅ ਮੈਚ ਖੇਡ ਰਿਹਾ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਗੱਲ ਕੱਲ੍ਹ ਵੀ ਸਪੱਸ਼ਟ ਹੋ ਗਈ ਸੀ ਜਦੋਂ ਉਸ ਨੇ ਮੁੱਖ ਮੰਤਰੀ ਨਾਲ ਖਾਣਾ ਖਾਧਾ ਸੀ ਅਤੇ ਸੀਨੀਅਰ ਆਗੂ ਲਾਲ ਸਿੰਘ ਨੇ ਦੋਹਾਂ ਦੇ ਕੰਨਾਂ ਤਕ ਇੱਕ ਦੂਜੇ ਦੇ ਸੁਨੇਹੇ ਪਹੁੰਚਾ ਕੇ ਇਕ ਵਿਚੋਲਗੀਰ ਦਾ ਕੰਮ ਕੀਤਾ ਸੀ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਬਾਰੇ ਟਿੱਪਣੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਦੇ ਪਲੈਨਰੀ ਸੈਸ਼ਨ ਵਿਚ ਸਿੱਧੂ ਵੱਲੋਂ ਕੀਤੀ ਡਰਾਮੇਬਾਜ਼ੀ ਸੰਕੇਤ ਦੇ ਰਹੀ ਸੀ ਕਿ ਉਹ ਅਜਿਹਾ ਥਾਲੀ ਦਾ ਬੈਂਗਣ ਹੈ, ਜਿਹੜਾ ਕਿਸੇ ਪਾਸੇ ਵੀ ਸਰਕ ਸਕਦਾ ਹੈ। ਉਸ ਨੇ ਮਨਮੋਹਨ ਸਿੰਘ ਲਈ ਵੀ ਉਹੀ ਲਾਇਨਾਂ ਬੋਲੀਆਂ, ਜਿਹੜੀਆਂ ਭਾਜਪਾ ਵਿਚ ਹੁੰਦਿਆਂ ਉਹ ਸ੍ਰੀ ਨਰਿੰਦਰ ਮੋਦੀ ਲਈ ਕਹਿੰਦਾ ਹੁੰਦਾ ਸੀ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਸਿੱਧੂ ਨੂੰ ' ਕਾਂਗਰਸ ਮੁੰਨੀ ਸੇ ਜ਼ਿਆਦਾ ਬਦਨਾਮ' ਵਰਗੀਆਂ ਟਿੱਪਣੀਆਂ ਨਾਲ ਅਪਮਾਨ ਕਰਨ ਲਈ ਪਲੈਨਰੀ ਸੈਸ਼ਨ ਉੱਤੇ ਵਧਾਈਆਂ ਦੇ ਰਹੀ ਸੀ।
ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸਰਕਾਰ ਸੂਬੇ ਦੇ ਕਿਸੇ ਵੀ ਭਖਵੇਂ ਮੁੱਦੇ ਉੱਤੇ ਬਹਿਸ ਕਰਨ ਤੋਂ ਇਨਕਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਕੱਲ੍ਹ ਅਕਾਲੀ ਦਲ ਨੇ 'ਕਿਸਾਨ ਅਤੇ ਖੇਤ ਮਜ਼ਦੂਰਾ ਦੀ ਕਰਜ਼ਾ ਮੁਆਫੀ ਉੱਤੇ ਚਰਚਾ ਕਰਨ ਲਈ ਕੰਮ ਰੋਕੂ ਮਤਾ ਪੇਸ਼ ਕੀਤਾ ਸੀ, ਪਰ ਇਸ ਦੀ ਆਗਿਆ ਨਹੀਂ ਦਿੱਤੀ ਗਈ। ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਅੱਜ ਅਕਾਲੀ ਦਲ ਨੇ ਦਲਿਤਾਂ ਅਤੇ ਗਰੀਬਾਂ ਲਈ ਕਰਜ਼ਾ ਮੁਆਫੀ ਦੀ ਮੰਗ ਕਰਦਾ ਮਤਾ ਪੇਸ਼ ਕੀਤਾ ਸੀ,ਪਰ ਇਸ ਨੂੰ ਆਗਿਆ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਅਸੀ ਮੰਗ ਕਰਦੇ ਹਾਂ ਕਿ ਦਲਿਤਾਂ ਵੱਲੋਂ ਐਸਸੀ ਲੈਂਡ ਡਿਵੈਲਪਮੈਂਟ ਐਂਡ ਫਾਇਨਾਂਸ ਕਾਰਪੋਰੇਸ਼ਨ ਕੋਲੋਂ ਲਏ 125 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾਣ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਦਲਿਤਾਂ ਵੱਲੋਂ ਲਏ ਸਹਿਕਾਰੀ ਕਰਜ਼ੇ ਵੀ ਤੁਰੰਤ ਮੁਆਫ ਕੀਤੇ ਜਾਣ।