ਪਾਰਟੀ ਯੂਨਿਟ ਨੂੰ ਪੀੜਤ ਪਰਿਵਾਰਾਂ ਦੀ ਹਰ ਮਦਦ ਕਰਨ ਦੀ ਕੀਤੀ ਹਦਾਇਤ
ਚੰਡੀਗੜ੍ਹ, 30 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮਹਾਰਾਸ਼ਟਰ ਵਿਚ ਤਿੰਨ ਸਿੱਖ ਨੌਜਵਾਨਾਂ ਨੂੰ ਬੇਰਹਿਮੀ ਨਾਲ ਕਤਲ ਕੀਤੇ ਜਾਣ ’ਤੇ ਹੈਰਾਨੀ ਤੇ ਰੋਸ ਪ੍ਰਗਟ ਕੀਤਾ।
ਸਰਦਾਰ ਬਾਦਲ ਦੀ ਪਾਰਟੀ ਦੀ ਮਹਾਰਾਸ਼ਟਰ ਇਕਾਈ ਨੂੰ ਹਦਾਇਤ ਕੀਤੀ ਹੈ ਕਿ ਉਹ ਪੀੜਤ ਸਿੱਖ ਪਰਿਵਾਰਾਂ ਨੂੰ ਲੋੜੀਂਦੀ ਹਰ ਸਹਾਇਤਾ ਪ੍ਰਦਾਨ ਕਰੇ ਅਤੇ ਉਹਨਾਂ ਦੀ ਡਟਵੀਂ ਹਮਾਇਤ ਕਰਦਿਆਂ ਉਹਨਾਂ ਨਾਲ ਇਕਜੁੱਟਤਾ ਪ੍ਰਗਟ ਕਰੇ।
ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਦੇ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸਾਰੀ ਸਿੱਖ ਕੌਮ ਤੇ ਦੇਸ਼ ਦੇ ਸਹੀ ਸੋਚ ਰੱਖਣ ਵਾਲੇ ਵਿਅਕਤੀ ਮਹਾਰਾਸ਼ਟਰ ਵਿਚ ਤਿੰਨ ਸਿੱਖ ਨੌਜਵਾਨਾਂ ਨੂੰ ਅਣਮਨੁੱਖੀ ਤਰੀਕੇ ਨਾਲ ਬੇਰਹਿਮੀ ਨਾਲ ਜਾਨੋਂ ਮਾਰਨ ਦੀ ਘਟਨਾ ’ਤੇ ਹੈਰਾਨੀ ਵਿਚ ਹੈ.....ਇਹ ਬਹੁਤ ਹੀ ਘਿਨੌਣੀ ਤੇ ਕਦੇ ਵੀ ਮੁਆਫ ਨਾ ਕੀਤੇ ਜਾਣ ਵਾਲੀ ਘਟਨਾ ਹੈ ਜੋ ਪਹਿਲਾਂ ਹੀ ਪੀੜਤ ਸਿੱਖ ਕੌਮ ਨਾਲ ਕੀਤੀ ਗਈ ਹੈ।
ਅਕਾਲੀ ਆਗੂ ਨੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲਣੀ ਯਕੀਨੀ ਬਣਾਵੇ। ਉਹਨਾਂ ਕਿਹਾ ਕਿ ਦੇਸ਼ ਭਰ ਵਿਚ ਜਿਹੜੇ ਅਪਰਾਧੀ ਸਭ ਤੋਂ ਵੱਧ ਦੇਸ਼ ਭਗਤ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਰਹੇ ਹਨ, ਉਹਨਾਂ ਨੂੰ ਸਖ਼ਤ ਸੰਦੇਸ਼ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਮਹਾਰਾਸ਼ਟਰ ਪੁਲਿਸ ਤੋਂ ਆਸ ਕਰ ਰਹੀ ਹੈ ਕਿ ਉਹ ਦੋਸ਼ੀਆਂ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਨੂੰ ਕਾਬੂ ਕਰੇਗੀ ਤੇ ਕਾਨੂੰਨ ਮੁਤਾਬਕ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੁਆਏਗੀ।