ਕਾਹਨੂੰਵਾਨ (ਗੁਰਦਾਸਪੁਰ), 29 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਕਾਂਗਰਸ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਨਾਲ ਸੰਬੰਧਾਂ ਦੀ ਜਾਂਚ ਕਰਵਾਈ ਜਾਵੇ ਅਤੇ ਕਿਹਾ ਕਿ ਮੰਤਰੀ ਤਾਂ ਪਹਿਲਾਂ ਹੀ ਉਸ ਪਨੂੰ ਪਰਿਵਾਰ ਦਾ ਰਿਸ਼ਤੇਦਾਰ ਹੈ ਜੋ ਜਥੇਬੰਦੀ ਦੀ ਅਗਵਾਈ ਕਰ ਰਿਹਾ ਹੈ।
ਕਾਦੀਆਂ ਹਲਕੇ ਵਿਚ ਪਾਰਟੀ ਉਮੀਦਵਰ ਗੁਰਇਕਬਾਲ ਸਿੰਘ ਮਾਹਲ ਦੇ ਹੱਕ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਸਵਿੰਦਰ ਸਿੰਘ ਮੁਲਕਾਨੀ ਜੋ ਪਾਬੰਦੀਸ਼ੁਦਾ ਐਸ ਐਫ ਜੇ ਦਾ ਮੈਂਬਰ ਹੈ, ਉਸਨੂੰ ਲੁਧਿਆਣਾ ਬੰਬ ਧਮਾਕੇ ਦੇ ਮਾਮਲੇ ਵਿਚ ਜਰਮਨੀ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਕਾਂਗਰਸ ਸਰਕਾਰ ਨੇ ਹਾਲੇ ਤੱਕ ਤ੍ਰਿਪਤ ਬਾਜਵਾ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਦੇ ਐਸ ਐਫ ਜੇ ਨਾਲ ਸੰਬੰਧਾਂ ਦੀ ਅੰਦਰੂਲੀ ਜਾਂਚ ਸ਼ੁਰੂ ਨਹੀਂ ਕੀਤੀ। ਉਹਨਾਂ ਮੰਗ ਕੀਤੀ ਕਿ ਇਹਨਾਂ ਸੰਬੰਧਾਂ ਦੀ ਨਿਰਪੱਖ ਜਾਂਚ ਕਰਵਾ ਕੇ ਲੁਧਿਆਣਾ ਬੰਬ ਧਮਾਕੇ ਪਿਛਲੀ ਸਾਜ਼ਿਸ਼ ਦਾ ਡੂੰਘਾਈ ਨਾਲ ਪਤਾ ਲਗਾਇਆ ਜਾਵੇ ਤੇ ਨਾਲ ਹੀ ਐਸ ਐਫ ਜੇ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਵਿਚ ਗੜ੍ਹਬੜ੍ਹ ਕਰਵਾਉਣ ਦੇ ਯਤਨਾਂ ਦੀ ਵੀ ਜਾਂਚ ਕਰਵਾਈ ਜਾਵੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 5 ਜਨਵਰੀ ਦੇ ਪੰਜਾਬ ਦੌਰੇ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀ ਆਸ ਕਰ ਰਹੇ ਹਨ ਕਿ ਕੇਂਦਰ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਸੂਬੇ ਨਾਲ ਕੀਤੇ ਅਨਿਆਂ ਨੁੰ ਉਹ ਦੂਰ ਕਰਨਗੇ। ਉਹਨਾਂ ਕਿਹਾ ਕਿ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਜੋ 1966 ਵਿਚ ਪੁਨਰਗਠਨ ਵੇਲੇ ਪੰਜਾਬ ਤੋਂ ਵੱਖ ਰਹਿ ਗਏ ਸਨ, ਪੰਜਾਬ ਨੁੰ ਦੇਣ ਦਾ ਐਲਾਨ ਕਰਨ ਤੇ ਸੁਬੇ ਦਾ ਇਸਦੇ ਦਰਿਆਈ ਪਾਣੀਆਂ ’ਤੇ ਰਾਈਪੇਰੀਅਨ ਹੱਕ ਬਹਾਲ ਕਰਨ ਦੇ ਨਾਲ ਨਾਲ ਪ੍ਰਧਾਨ ਮੰਤਰੀ ਨੁੰ ਕਿਸਾਨਾਂ ਤੇ ਸਮਾਜ ਦੇ ਗਰੀਬ ਵਰਗਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਲ ਵੀ ਕਰਨਾ ਚਾਹੀਦਾ ਹੈ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਈ ਟੀ ਟੀ ਅਧਿਆਪਕ ਦਿੱਲੀ ਵਿਚ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਧਰਨਾ ਦੇਣ ਲਈ ਮਜਬੂਰ ਹੋ ਗਏ ਹਨ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੁੰ ਝੁਠੇ ਲਾਅਰੇ ਲਗਾਏ ਤੇ ਉਹਨਾਂ ਦੇ ਮਸਲੇ ਹੱਲ ਕਰਨ ਤੋਂ ਇਨਕਾਰ ਕੀਤਾ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮੁੱਖ ਮੰਤਰੀ ਤਾਂ ਸਿਰਫ ਚੋਣ ਜ਼ਾਬਤਾ ਲੱਗਣ ਦੀ ਉਡੀਕ ਕਰ ਰਹੇ ਹਨ ਤੇ ਸਮਾਂ ਖਰਾਬ ਕਰ ਰਹੇ ਹਨ ਅਤੇ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੁੰ ਝੂਠੇ ਲਾਅਰੇ ਲਗਾ ਰਹੇ ਹਨ।
ਐਮ ਐਲ ਏਜ਼ ਵੱਲੋਂ ਪੰਜਾਬ ਕਾਂਗਰਸ ਛੱਡ ਜਾਣ ਬਾਰੇ ਸਰਦਾਰ ਬਾਦਲ ਨੇ ਕਿਹਾ ਕਿ ਪਾਰਟੀ ਦੇ ਆਗੂਆਂ ਨੇ ਸਮਝ ਲਿਆ ਹੈ ਕਿ ਕਾਂਗਰਸ ਨੇ ਪੰਜਾਬ ਵਿਚ ਆਪਣਾ ਆਧਾਰ ਗੁਆ ਲਿਆ ਹੈ ਤੇ ਹੁਣ ਲੋਕਾਂ ਦਾ ਉਸ ’ਤੇ ਵਿਸ਼ਵਾਸ ਨਹੀਂ ਰਿਹਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਦਾ ਡੁੱਬਦਾ ਬੇੜਾ ਛੱਡਣ ਵਾਸਤੇ ਛਲਾਂਗਾ ਮਾਰ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਹਲਕੇ ਵਿਚ ਲਾਮਿਸਾਲ ਇਕੱਠ ਕਰਨ ਵਾਸਤੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਲੋਕ ਚਾਹੁੰਦੇ ਹਨ ਕਿ ਅਕਾਲੀ ਦਲ ਦੀ ਅਗਵਾਈ ਵਾਲੀਆਂ ਲੋਕ ਪੱਖੀ ਤੇ ਵਿਕਾਸ ਨੀਤੀਆਂ ਵਾਲੀ ਸਰਕਾਰ ਵਾਪਸ ਆਵੇ। ਉਹਨਾਂ ਕਿਹਾ ਕਿ ਲੋਕ ਪੰਜਾਬੀਆਂ ਦੀ ਪਾਰਟੀ ਨੂੰ ਮੁੜ ਚੁਣਨਾ ਚਾਹੁੰਦੇ ਹਨ ਅਤੇ ਬਾਹਰਲਿਆਂ ਨੁੰ ਰੱਦ ਕਰਨ ਵਾਸਤੇ ਤਿਆਰੀ ਕਰੀ ਬੈਠੇ ਹਨ।
ਸਰਦਾਰ ਬਾਦਲ ਨੇ ਕਾਹਨੂੰਵਾਨ ਵਿਚ ਵਿਸ਼ਾਲ ਰੋਡ ਸ਼ੌਅ ਵਿਚ ਵੀ ਸ਼ਮੂਲੀਅਤ ਕੀਤੀ ਜਿਸ ਦੌਰਾਨ ਉਹਨਾਂ ਦਾ ਥਾਂ ਥਾਂ ਹਾਰ ਪਾ ਕੇ ਸਵਾਗਤ ਹੋਇਆ ਤੇ ਸਮਾਜ ਦੇ ਸਾਰੇ ਵਰਗਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਉਹ ਪਾਰਟੀ ਦੇ ਆਗੂ ਕਮਲਜੀਤ ਸਿੰਘ ਕਾਕੀ ਕੇ ਘਰ ਵੀ ਗਏ ਤੇ ਉਹਨਾਂ ਨੁੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਵਿਚ ਉਹਨਾਂ ਨੁੰ ਅਹਿਮ ਅਹੁਦਾ ਦਿੱਤਾ ਜਾਵੇਗਾ। ਸਰਦਾਰ ਕਾਕੀ ਨੇ ਭਰੋਸਾ ਦੁਆਇਆ ਕਿ ਉਹ ਪਾਰਟੀ ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਦੀ ਡਟਵੀਂ ਹਮਾਇਤ ਕਰਨਗੇ।