ਸੰਤਾਂ ਮਹਾਂਪੁਰਖਾਂ ਅਤੇ ਵਾਲਮੀਕਿ ਸਮਾਜ ਵੱਲੋਂ ਗਠਜੋੜ ਦੀ ਹਮਾਇਤ ਕਰਨ ਲਈ ਕੀਤਾ ਧੰਨਵਾਦ
ਅਕਾਲੀ ਦਲ ਤੇ ਬਸਪਾ ਗਠਜੋੜ ਨੇ ਪੰਜਾਬ ਪੱਖੀ ਏਜੰਡਾ ਐਲਾਨਿਆ ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਤਾਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਨ ਵਿਚ ਵੀ ਨਾਕਾਮ ਰਹੇ
ਅੰਮ੍ਰਿਤਸਰ, 19 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਅਤੇ ਵਾਲਮੀਕਿ ਸਮਾਜ ਵੱਲੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਕਰਨ ਲਈ ਧੰਨਵਾਦ ਕੀਤਾ ਤੇ ਪੰਜਾਬੀਆਂ ਨੁੰ ਅਪੀਲ ਕੀਤੀ ਕਿ ਉਹ ਵੀ ਆਪਣੀ ਪਾਰਟੀ ਅਕਾਲੀ ਦਲ ਹਮਾਇਤ ਕਰਨ ਅਤੇ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਸਮੇਤ ਦਿੱਲੀ ਵਾਲੇ ਦਲਾਂ ਨੁੰ ਠੁਕਰਾ ਦੇਣ।
ਅਕਾਲੀ ਦਲ ਦੇ ਪ੍ਰਧਾਨ, ਜੋ ਇਥੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋੋਣ ਆਏ ਸਨ, ਨੇ ਕਿਹਾ ਕਿ ਝੂਠੇ ਵਾਅਦਿਆਂ ਦੇ ਸਿਰ ’ਤ ੇਬਣੀ ਇਸ ਸਰਕਾਰ ਦੇ ਦਿਨ ਹੁਣ ਥੋੜ੍ਹੇ ਰਹਿ ਗਏ ਹਨ ਅਤੇ ਕਿਹਾ ਕਿ ਪੰਜਾਬ ਦੀ ਲੜਾਈ ਅਸਲ ਵਿਚ ਪੰਜਾਬੀਆਂ ਅਤੇ ਬਾਹਰਲਿਆਂ ਵਿਚਕਾਰ ਲੜਾਈ ਹੈ ਤੇ ਮੈਨੁੰ ਯਕੀਨ ਹੈ ਕਿ ਖਾਲਸਾ ਪੰਥ ਤੇ ਪੰਜਾਬੀ ਅਕਾਲੀ ਦਲ ’ਤੇ ਵਿਸ਼ਵਾਸ ਕਰਨਗੇ ਜਿਸਨੇ ਹਮੇਸ਼ਾ ਉਹਨਾਂ ਦੇ ਹਿੱਤਾਂ ਦੀ ਰਾਖੀ ਕੀਤੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਇਕਲੌਤੀ ਪਾਰਟੀ ਹੈ ਜਿਸਨੇ ਆਪਣਾ ਏਜੰਡਾ ਜਾਰੀ ਕੀਤਾ ਹੈ ਜਦੋਂ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੋਵੇਂ ਆਪੋ ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰਨ ਵਿਚ ਨਾਕਾਮ ਰਹੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕੁਝ ਅੰਸ਼ ਸਾਡੇ ਚੋਣ ਮਨੋਰਥ ਪੰਤਰ ਵਿਚੋਂ ਨਕਲ ਮਾਰ ਲਏ ਤੇ ਇਸ਼ਤਿਹਾਰ ਜਾਰੀ ਕਰ ਕੇ ਦਾਅਵਾ ਕੀਤਾ ਕਿ ਇਹ ਉਹਨਾਂ ਦੇ ਚੋਣ ਮਨੋਰਥ ਪੱਤਰ ਵਿਚ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਕਾਂਗਰਸ ਪਾਰਟੀ ਨੇ ਕੋਈ ਵੀ ਚੋਣ ਮਨੋਰਥ ਛਾਪਿਆ ਹੀ ਨਹੀਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਤਾਂ ਰਸਮੀ ਚੋਣ ਮਨੋਰਥ ਦਸਤਾਵੇਜ਼ ਜਾਰੀ ਕਰ ਕੇ ਪਾਰਟੀ ਦੀਆਂ ਅਖੌਤੀ ਗਰੰਟੀਆਂ ਦੀ ਹਮਾਇਤ ਕਰਨ ਦੀ ਜ਼ਰੂਰਤ ਨਹੀਂ ਸਮਝੀ ਕਿਉਂਕਿ ਇਹ ਜਾਣਦੀ ਹੈ ਕਿ ਇਸਨੇ ਗਰੰਟੀਆਂ ਕਦੇ ਲਾਗੂ ਹੀ ਨਹੀਂ ਕਰਨੀਆਂ।
ਪੰਜਾਬੀਆਂ ਨੁੰ ਅਪੀਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਪੰਜਾਬ ਨੁੰ ਮੁੜ ਲੀਹ ’ਤੇ ਪਾਉਣ ਲਈ ਅਕਾਲੀ ਦਲ ਤੇ ਬਸਪਾ ਗਠਜੋੜ ਨੁੰ ਫੈਸਲਾਕੁੰਨ ਫਤਵਾ ਦੇਣ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਮਾਜ ਦੇ ਹਰ ਵਰਗ ਦੀ ਪ੍ਰਤੀਨਿਧਤਾ ਕਰਦਾ ਹੈ ਜਿਸ ਨਾਲ ਪਿਛਲੇ ਪੰਜ ਸਾਲਾਂ ਵਿਚ ਧੋਖਾ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਸਮਾਜ ਦੇ ਹਰ ਵਰਗ ਨਾਲ ਗੱਲਬਾਤ ਕੀਤੀ ਤੇ ਇਕ ਨਿਵੇਕਲਾ ਚੋਣ ਮਨੋਰਥ ਪੱਤਰ ਪੇਸ਼ ਕੀਤਾ ਜੋ ਕਿਸਾਨਾਂ, ਨੌਜਵਾਨਾਂ, ਵਪਾਰੀਆਂ, ਅਨੁਸੂਚਿਤ ਜਾਤੀ ਤੇ ਪਛੜੀਆਂ ਸ਼ੇੇ੍ਰਣੀਆਂ ਦੇ ਨਾਲ ਨਾਲ ਸਰਕਾਰੀ ਮੁਲਾਜ਼ਮਾਂ ਤੇ ਇੰਡਸਟਰੀ ਸਮੇਤ ਹਰ ਵਰਗ ਦੀਆਂ ਚਿੰਤਾਵਾਂ ਹੱਲ ਕਰਦਾ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਵਿਚ ਗੈਂਗਸਟਰ ਸਭਿਆਚਾਰ ਖਤਮ ਕਰਨ ਲਈ ਦਿੜ੍ਹ ਸੰਕਲਪ ਹਾਂ ਤੇ ਯਕੀਨੀ ਬਣਾਵਾਂਗੇ ਕਿ ਕਾਨੁੰਨ ਦਾ ਰਾਜ ਹੋਵੇ। ਉਹਨਾਂ ਕਿਹਾ ਕਿ ਸਾਡੀ ਸਭ ਤੋਂ ਵੱਡੀ ਵਚਨਬੱਧਤਾ ਸਮਾਜਿਕ ਭਾਈਚਾਰੇ, ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਹੈ। ਅਸੀਂ ਪੰਜਾਬ ਦੇ ਸੰਯੁਕਤ ਸਭਿਆਚਾਰ ਵਿਚ ਵਿਸ਼ਵਾਸ ਕਰਦੇ ਹਾਂ ਜਿਵੇਂ ਕਿ ਗੁਰੂ ਸਾਹਿਬਾਨ ਨੇ ਦਰਸਾਇਆ ਤੇ ਗੁਰੂ ਰਵੀਦਾਸ ਜੀ ਵਰਗੇ ਮਹਾਂਪੁਰਖਾਂ ਨੇ ਇਸਦੀ ਪ੍ਰਤੀ ਸ਼ਰਧਾ ਰੱਖੀ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਸਰਬੱਤ ਦਾ ਭਲਾ ਦੀ ਨੀਤੀ ’ਤੇ ਚਲਦੇ ਹਾਂ ਤੇ ਤਰੱਕੀ ਦੀ ਰਾਹ ’ਤੇ ਸਭ ਨੁੰ ਨਾਲ ਲੈ ਕੇ ਚੱਲਦੇ ਹਾਂ ਤੇ ਅਸੀਂ ਅਜਿਹਾ ਕਰਦੇ ਰਹਾਂਗੇ।
ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ ਕੁਮਾਰ ਵਿਸ਼ਵਾਸ ਵੱਲੋਂ ਦਿੱਤੇ ਬਿਆਨ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਖਾਲਿਸਤਾਨੀ ਤੱਤਾਂ ਤੋਂ ਹਮਾਇਤ ਮੰਗੀ ਸੀ, ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਨੇ 2017 ਵਿਚ ਵੀ ਅਜਿਹਾ ਕੀਤਾ ਸੀ ਤੇ ਉਹ ਮੋਗਾ ਵਿਚ ਮੰਨੇ ਹੋਏ ਖਾੜਕੂ ਦੇ ਘਰ ਰਿਹਾ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਦੇ ਪਾਬੰਦੀਸ਼ੁਦਾ ਖਾਲਿਸਤਾਨੀ ਜਥੇਬੰਦੀ ਸਿੱਖਸ ਫਾਰ ਜਸਟਿਸ ਨਾਲ ਸੰਬੰਧ ਹਨ ਜਿਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਇਕ ਤਾਨਾਸ਼ਾਹ ਹੈ ਜੋ ਪੰਜਾਬ ਵਿਚ ਆਪ ਸੱਤਾ ਹਥਿਆਉਦੀ ਚਾਹੁੰਦਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਇਕ ਡੰਮੀ ਹੈ ਜਿਸਨੁੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਹੈ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸ੍ਰੀ ਅੰਮ੍ਰਿਤਸਰ ਸਾਹਿਬ ਨੁੰ ਇਕ ਧਾਰਮਿਕ ਤੇ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਦੇ ਨਕਸ਼ੇ ’ਤੇ ਲਿਆਉਣ ਲਈ ਦਿੜ੍ਹ ਸੰਕਲਪ ਹੈ ਤੇ ਉਹਨਾਂ ਕਿਹਾ ਕਿ ਪਾਰਟੀ ਖੁਰਾਲਗੜ੍ਹ ਵਿਖੇ ਗੁਰੂ ਰਵੀਦਾਸ ਜੀ ਦੀ ਯਾਦਗਾਰ ਵੀ ਮੁਕੰਮਲ ਕਰੇਗੀ ਜਿਸਨੁੰ ਪਿਛਲੇ ਪੰਜ ਸਾਲਾਂ ਵਿਚ ਅਣਗੌਲਿਆ ਗਿਆ।