ਵਾਤਾਵਰਣ ਮੰਤਰੀ ਨੂੰ ਚਿੱਠੀ ਲਿਖ ਕੇ ਮਿਲ ਪ੍ਰਬੰਧਕਾਂ ਦੀ ਗਿਰਫਤਾਰੀ ਦੀ ਮੰਗ ਕੀਤੀ
ਕਿਹਾ ਕਿ ਪੰਜਾਬ ਅਤੇ ਰਾਜਸਥਾਨ ਵਿਚ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਭੇਜੀ ਜਾਵੇ
ਕਿਹਾ ਕਿ ਇਹ ਕੈਪਟਨ ਦੇ ਧਾਰਮਿਕ ਸਲਾਹਕਾਰ ਵੱਲੋਂ ਪੈਦਾ ਕੀਤਾ ਹੋਇਆ ਦੁਖਾਂਤ ਹੈ
ਚੰਡੀਗੜ•/21 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਸਰਕਾਰ ਉੱਤੇ ਚੱਢਾ ਸ਼ੂਗਰ ਇੰਡਸਟਰੀਜ਼ ਵੱਲੋਂ ਕੀਤੀ ਵਾਤਾਵਰਣ ਦੀ ਭਾਰੀ ਤਬਾਹੀ ਪ੍ਰਤੀ ਅੱਖਾਂ ਮੁੰਦ ਕੇ ਪੰਜਾਬ ਅੰਦਰ ਵਾਤਾਵਰਣ ਦੇ ਕਤਲੇਆਮ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਾਇਆ ਹੈ।
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਡਾਕਟਰ ਹਰਸ਼ ਵਰਧਨ ਨੂੰ ਲਿਖੀ ਇੱਕ ਚਿੱਠੀ ਰਾਹੀਂ ਬਿਆਸ ਦਰਿਆ ਦੇ ਪਾਣੀ ਵਿਚ ਜ਼ਹਿਰਾਂ ਘੋਲੇ ਜਾਣ ਕਰਕੇ ਵੱਡੀ ਪੱਧਰ ਉੱਤੇ ਹੋਈ ਮੱਛੀਆਂ ਅਤੇ ਹੋਰ ਜੀਵ-ਜੰਤੂਆਂ ਦੀ ਮੌਤ ਦੀ ਘਟਨਾ ਨੂੰ ਉਹਨਾਂ ਨੇ ਸੂਬਾ ਸਰਕਾਰ ਦੀ ਸ਼ਹਿ ਉੱਤੇ ਦੋਸ਼ੀ ਧਿਰਾਂ ਵੱਲੋਂ ਦਿਖਾਈ ਬੇਸ਼ਰਮੀ ਭਰੀ ਲਾਪਰਵਾਹੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਮਿਲ ਦਾ ਮਾਲਕ ਇੱਕ ਰਸੂਖਵਾਨ ਸਿਆਸੀ ਆਗੂ ਹੈ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਾਰਮਿਕ ਸਲਾਹਕਾਰ ਵੀ ਹੈ। ਉਹਨਾਂ ਕਿਹਾ ਕਿ ਇਹ ਦੁਖਾਂਤ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਵੱਲੋਂ ਪੈਦਾ ਕੀਤਾ ਗਿਆ ਹੈ, ਇਸ ਨਾਲ ਪਵਿੱਤਰ ਕਾਲੀ ਵੇਂਈ ਦਾ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ, ਜੋ ਕਿ ਇਤਿਹਾਸਕ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਨਾਲ ਜੁੜੀ ਹੋਈ ਹੈ।
ਇੱਕ ਅੰਤਰਰਾਜੀ ਅਪਰਾਧ ਲਈ ਦੋਸ਼ੀ ਮਿਲ/ਡਿਸਟਿੱਲਰੀ ਦੇ ਪ੍ਰਬੰਧਕੀ ਅਮਲੇ ਅਤੇ ਡਾਇਰੈਕਟਰਾਂ ਦੀ ਤੁਰੰਤ ਗਿਰਫਤਾਰ ਦੀ ਮੰਗ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਵਿਰੁੱਧ ਵੱਡੀ ਪੱਧਰ ਉੱਤੇ ਮੱਛੀਆਂ ਅਤੇ ਪੰਛੀਆਂ ਦਾ ਕਤਲੇਆਮ ਕਰਨ ਤੋਂ ਇਲਾਵਾ ਪੰਜਾਬ ਅਤੇ ਰਾਜਸਥਾਨ ਦੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਵਿਚ ਪਾਉਣ ਵਾਸਤੇ ਮੌਜੂਦ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਸੰਕਟ ਨੂੰ ਦੂਰ ਕਰਨ ਲਈ ਸਿੱਧੀ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਇਹ ਪਹਿਲਾਂ ਹੀ ਇੱਕ ਬਹੁ-ਰਾਜੀ ਬਿਪਤਾ ਦਾ ਰੂਪ ਧਾਰਨ ਚੁੱਕੀ ਹੈ।
ਸਾਬਕਾ ਉਪ ਮੁੱਖ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਸਥਿਤੀ ਦਾ ਜਾਇਜ਼ਾ ਲੈਣ ਲਈ ਵਾਤਾਵਰਣ ਮੰਤਰਾਲੇ ਵੱਲੋਂ ਇੱਕ ਕੇਂਦਰੀ ਟੀਮ ਭੇਜੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਟੀਮ ਇਸ ਬਿਪਤਾ ਕਾਰਨ ਹੋਏ ਹੁਣ ਤਕ ਹੋਏ ਅਤੇ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲਵੇ ਅਤੇ ਪੀੜਤ ਲੋਕਾਂ ਨੂੰ ਦਿੱਤਾ ਜਾਣ ਵਾਲਾ ਮੁਆਵਜ਼ਾ ਤੈਅ ਕਰੇ। ਇਸ ਸਾਰੇ ਮੁਆਵਜ਼ੇ ਦੀ ਰਾਸ਼ੀ ਦੋਸ਼ੀ ਉਦਯੋਗਪਤੀ ਤੋਂ ਵਸੂਲੀ ਜਾਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਇਹ ਸਿਰਫ ਬੰਦਿਆਂ ਦੁਆਰਾ ਪੈਦਾ ਕੀਤਾ ਦੁਖਾਂਤ ਹੀ ਨਹੀਂ ਹੈ, ਸਗੋਂ ਦੋਸ਼ੀ ਪਾਰਟੀਆਂ ਵੱਲੋਂ ਵਾਤਾਵਰਣ ਅਤੇ ਜੰਗਲੀ ਜੀਵਨ ਦੀ ਸਾਂਭ ਸੰਭਾਲ ਪ੍ਰਤੀ ਵਿਖਾਈ ਗਈ ਬੇਸ਼ਰਮੀ ਭਰੀ ਮੂਰਖਤਾ ਅਤੇ ਲਾਪਰਵਾਹੀ ਹੈ, ਜਿਸ ਨੂੰ ਸੂਬਾ ਸਰਕਾਰ ਵੱਲੋਂ ਹੱਲਾਸ਼ੇਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਸੱਤਾਧਾਰੀ ਪਾਰਟੀ ਦੀ ਸਿੱਧੀ ਸਰਪ੍ਰਸਤੀ ਦਾ ਆਨੰਦ ਮਾਣ ਰਹੇ ਤਾਕਤਵਰ ਲੋਕਾਂ ਵੱਲੋਂ ਵਾਤਾਵਰਣ ਨਾਲ ਸੰਬੰਧਿਤ ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਜਾਣ ਬੁੱਝ ਕੇ ਛਿੱਕੇ ਟੰਗ ਕੇ ਵਾਤਾਵਰਣ ਦੀ ਤਬਾਹੀ ਕੀਤੀ ਗਈ ਹੈ।