ਚੰਡੀਗੜ•/16 ਅਗਸਤ:ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ ਨਾਲ ਦੇਸ਼ ਇੱਕ ਈਮਾਨਦਾਰ, ਸਾਊ ਅਤੇ ਇਖਲਾਕੀ ਸਿਆਸਤਾਨ ਤੇ ਇੱਕ ਪ੍ਰਪੱਕ ਕਵੀ ਤੋਂ ਵਾਂਝਾ ਹੋ ਗਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਵਿਚ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸ੍ਰੀ ਵਾਜਪਾਈ ਸਹੀਂ ਅਰਥਾਂ ਵਿਚ ਲੋਕਾਂ ਦੇ ਆਗੂ ਸਨ। ਇਸ ਮੁਲਕ ਦੇ ਲੋਕ ਉਹਨਾਂ ਦੀ ਕਮੀ ਨੂੰ ਕਦੇ ਨਹੀਂ ਭੁੱਲਣਗੇ। ਉਹ ਸ੍ਰੀ ਵਾਜਪਾਈ ਨੂੰ ਦੇਸ਼ ਦੇ ਨਿਰਮਾਤਾ ਵਜੋਂ ਵੇਖਦੇ ਸਨ।
ਸਰਦਾਰ ਬਾਦਲ ਨੇ ਕਿਹਾ ਕਿ ਉਹ ਖੁਸ਼ਕਿਸਮਤ ਸਨ ਕਿ ਉਹਨਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਕੈਬਨਿਟ ਵਿਚ ਰਾਜ ਉਦਯੋਗ ਮੰਤਰੀ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਸ੍ਰੀ ਵਾਜਪਾਈ ਦੇ ਕੰਮ ਨੂੰ ਬਹੁਤ ਕਰੀਬ ਤੋਂ ਵੇਖਿਆ ਹੈ ਅਤੇ ਇਸ ਦੇਸ਼ ਦੇ ਲੋਕਾਂ ਵਾਂਗ ਉਹ ਵੀ ਸ੍ਰੀ ਵਾਜਪਾਈ ਵੱਲੋਂ ਕਾਰਗਿਲ ਦੀ ਲੜਾਈ ਵੇਲੇ ਵਿਖਾਏ ਫੌਲਾਦੀ ਲੀਡਰਸ਼ਿਪ ਵਾਲੇ ਗੁਣਾਂ ਦੇ ਕਾਇਲ ਸਨ। ਉਹਨਾਂ ਕਿਹਾ ਕਿ ਇੱਕ ਕਵੀ ਵਜੋਂ ਵਾਜਪਾਈ ਸਾਹਿਬ ਦਾ ਆਮ ਆਦਮੀ ਨਾਲ ਇੱਕ ਨਿਵੇਕਲਾ ਰਿਸ਼ਤਾ ਸੀ। ਉਹ ਇਕਦਮ ਖੁਦ ਨੂੰ ਆਮ ਆਦਮੀ ਨਾਲ ਜੋੜ ਲੈਂਦੇ ਸਨ। ਉਹ ਕਮਾਲ ਦੇ ਬੁਲਾਰੇ ਸਨ। ਲੋਕਾਂ ਉਹਨਾਂ ਦੀਆਂ ਤਕਰੀਰਾਂ ਸੁਣਨ ਲਈ ਡਾਰਾਂ ਬੰਨ• ਕੇ ਆਉਂਦੇ ਸਨ। ਉਹਨਾਂ ਦੀਆਂ ਕਦਰਾਂ ਕੀਮਤਾਂ ਨੇ ਸ੍ਰੀ ਵਾਜਪਾਈ ਨੂੰ ਲੋਕ ਪ੍ਰਿਆ ਨੇਤਾ ਦਾ ਖਿਤਾਬ ਦਿਵਾਇਆ ਸੀ। ਉਹਨਾਂ ਦੇ ਵਿਛੋੜੇ ਨੂੰ ਲੋਕ ਕਦੇ ਨਹੀਂ ਭੁੱਲਣਗੇ।