ਸ਼ਾਹਕੋਟ/22 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣ ਕਮਿਸ਼ਨ ਨੂੰ ਇਸ ਹਲਕੇ ਵਿਚ ਸੀਨੀਅਰ ਨਿਗਰਾਨ ਨਿਯੁਕਤ ਕੀਤੇ ਜਾਣ ਲਈ ਆਖਿਆ ਹੈ। ਉਹਨਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ਰੇਆਮ ਅਕਾਲੀ ਵਰਕਰਾਂ ਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਹ 28 ਮਈ ਵੋਟ ਪਾਉਣ ਲਈ ਬਾਹਰ ਨਿਕਲੇ ਤਾਂ ਇਸ ਦੇ ਮਾੜੇ ਸਿੱਟੇ ਨਿਕਲਣਗੇ।
ਇੱਥੇ ਬਿੱਲੀ ਵੜੈਚ, ਕੁਲਾਰ, ਬਿੱਲੀ ਚਾਊਂ, ਤਲਵਡੀ ਮਾਧੋ, ਚੱਕ ਚੇਲਾ ਅਤੇ ਮਲਸੀਆਂ ਆਦਿ ਪਿੰਡਾਂ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਵਰਕਰਾਂ ਤੋਂ ਇਲਾਵਾ ਵਪਾਰੀਆਂ, ਕੈਮਿਸਟਾਂ ਅਤੇ ਮਿਠਾਈ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਉਹਨਾਂ ਨੇ ਕਾਗਰਸ ਨੂੰ ਵੋਟ ਨਾ ਪਾਈ ਤਾਂ ਸਰਕਾਰੀ ਏਜੰਸੀਆਂ ਵੱਲੋਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਆਜ਼ਾਦ ਅਤੇ ਨਿਰਪੱਖ ਚੋਣ ਕਰਵਾਉਣੀ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਖ਼ਿਲਾਫ ਲੋਕਾਂ ਅੰਦਰ ਭਾਰੀ ਗੁੱਸਾ ਹੈ, ਕਿਉਂਕਿ ਉਸ ਉੱਤੇ ਬਹੁਤ ਸਾਰੀਆਂ ਅਪਰਾਧਿਕ ਕਾਰਵਾਈਆਂ ਕਰਨ ਦੇ ਦੋਸ਼ ਹਨ। ਉਹਨਾਂ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਲੋਕਾਂ ਨੂੰ ਆਪਣੀ ਪਸੰਦ ਦਾ ਉਮੀਦਵਾਰ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਨਾ ਕਰਨ ਦਿੱਤਾ ਜਾਵੇ।
ਅਕਾਲੀ ਉਮੀਦਵਾਰ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਨਾਇਬ ਸਿੰਘ ਕੋਹਾੜ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਦੇ ਸਪੁੱਤਰ ਹਨ, ਜਿਹੜੇ ਆਪਣੇ ਕੰਮਾਂ ਦੇ ਸਿਰ 'ਤੇ ਇਸ ਹਲਕੇ ਤੋਂ ਪੰਜ ਵਾਰੀ ਜਿੱਤੇ ਸਨ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਦਾ ਅਕਸ ਇੱਕ ਫਿਰੌਤੀਆਂ ਲੈਣ ਵਾਲੇ ਬਦਮਾਸ਼ ਵਾਲਾ ਹੈ, ਜਿਸ ਦਾ ਖੁਲਾਸਾ ਇੱਕ ਸਟਿੰਗ ਵੀਡਿਓ ਰਾਹੀਂ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਇਹ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਜਨਤਾ ਦੀ ਸੇਵਾ ਲਈ ਸਮਰਪਿਤ ਅਕਾਲੀ ਉਮੀਦਵਾਰ ਨੂੰ ਆਪਣਾ ਨੁੰਮਾਇਦਾ ਚੁਣਨਾ ਹੈ ਜਾਂ ਫਿਰ ਗੈਰ-ਕਾਨੂੰਨੀ ਮਾਈਨਿੰਗ ਦੇ ਸਰਗਨੇ ਵਜੋਂ ਬਦਨਾਮ ਹਰਦੇਵ ਲਾਡੀ ਨੂੰ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਮਨਜਿੰਦਰ ਸਿਰਸਾ, ਬ੍ਰਿਜ ਭੁਪਿੰਦਰ ਲਾਲੀ, ਕਰਨਲ (ਸੇਵਾਮੁਕਤ) ਸੀਡੀ ਸਿੰਘ ਕੰਬੋਜ ਅਤੇ ਹੰਸ ਰਾਜ ਹੰਸ ਨੇ ਵੀ ਸੰਬੋਧਨ ਕੀਤਾ।