ਕੋਟਕਪੂਰਾ (ਫਰੀਦਕੋਟ)/10 ਮਾਰਚ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਖਾਲੀ ਖਜ਼ਾਨੇ ਦੇ ਝੂਠੇ ਬਹਾਨਿਆਂ ਦੇ ਪਿੱਛੇ ਨਾ ਲੁਕਣ। ਜੇਕਰ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਦੇ ਤਾਂ ਆਪਣਾ ਅਹੁਦਾ ਛੱਡ ਦੇਣ।
ਇੱਥੇ ਇੱਕ ਵੱਡੀ ਪੋਲ ਖੋਲ• ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਸਾਸ਼ਨ ਦੇ ਪਹਿਲੇ ਇੱਕ ਸਾਲ ਦੌਰਾਨ ਕੋਈ ਵੀ ਕਾਰਗੁਜ਼ਾਰੀ ਵਿਚ ਵਿਖਾਉਣ ਵਿਚ ਖਾਲੀ ਖਜ਼ਾਨੇ ਕਰਕੇ ਨਹੀਂ, ਸਗੋਂ ਮਾੜੇ ਪ੍ਰਬੰਧ ਕਰਕੇ ਨਾਕਾਮ ਸਾਬਿਤ ਹੋਏ ਹਨ। ਉਹਨਾਂ ਕਿਹਾ ਕਿ ਸਾਫ ਦਿਸਦਾ ਹੈ ਕਿ ਸਰਕਾਰ ਵਿਚ ਕਿਸੇ ਦੀ ਕੰਮ ਕਰਨ ਦੀ ਇੱਛਾ ਨਹੀਂ ਹੈ। ਮੁੱਖ ਮੰਤਰੀ ਇੱਕ ਸਾਲ ਵਿਚ ਸਿਰਫ ਤਿੰਨ ਵਾਰ ਆਪਣੇ ਦਫਤਰ ਗਏ ਹਨ। ਉਹ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਵਾਸਤੇ ਫੀਲਡ ਵਿਚ ਵੀ ਨਹੀਂ ਗਏ। ਉਹ ਭੁੱਲ ਗਏ ਕਿ ਉਹਨਾਂ ਨੇ ਕਿਸਾਨਾਂ ਨਾਲ ਉਹਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਅਤੇ ਪੰਜਾਬ ਵਿਚ ਹਰ ਘਰ ਅੰਦਰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ।
ਇਹ ਟਿੱਪਣੀ ਕਰਦਿਆ ਕਿ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਖਾਲੀ ਖਜ਼ਾਨੇ ਦਾ ਬਹਾਨਾ ਬਣਾ ਕੇ ਵਾਅਦੇ ਪੂਰੇ ਕਰਨ ਤੋਂ ਭੱਜਣ ਨਹੀਂ ਦੇਵੇਗਾ, ਸਰਦਾਰ ਬਾਦਲ ਨੇ ਕਿਹਾ ਕਿ ਕੋਈ ਖ਼ਜ਼ਾਨਾ ਖਾਲੀ ਨਹੀਂ ਹੋ ਸਕਦਾ, ਕਿਉਂਕਿ ਲਗਾਤਾਰ ਮਾਲੀਆ ਆਉਂਦਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਮਾਮਲੇ ਵਿਚ ਇਹ ਗੱਲ ਦੱਸਣਯੋਗ ਹੈ ਕਿ ਖਜ਼ਾਨੇ ਵਿਚ ਪਹਿਲਾਂ ਨਾਲੋਂ ਵੱਧ ਪੈਸਾ ਆਇਆ ਹੈ, ਕਿਉਂਕਿ 5 ਹਜ਼ਾਰ ਕਰੋੜ ਰੁਪਏ ਐਕਸਾਇਜ਼ ਡਿਊਟੀ ਅਤੇ 3 ਹਜ਼ਾਰ ਕਰੋੜ ਰੁਪਏ ਰਜਿਸਟਰੀਆਂ ਤੋ ਇਕੱਠੇ ਹੋਏ ਹਨ। ਇਸ ਤੋਂ ਇਲਾਵਾ ਕੇਂਦਰ ਵੱਲੋਂ ਜੀਐਸਟੀ ਦਾ ਵੀ ਵਧਿਆ ਹੋਇਆ ਹਿੱਸਾ ਮਿਲਿਆ ਹੈ। ਸੂਬਾ ਸਰਕਾਰ ਨੇ ਇਹਨਾਂ ਟੈਕਸਾਂ ਵਿਚ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਇਸ ਨੇ ਤਾਂ ਉਲਟਾ ਟੈਕਸਾਂ ਅਤੇ ਬਿਜਲੀ ਦਰਾਂ ਵਿਚ ਵਾਧਾ ਕੀਤਾ ਹੈ। ਇਸ ਲਈ ਸਰਕਾਰ ਨੂੰ ਖਾਲੀ ਖਜ਼ਾਨੇ ਦੇ ਬਹਾਨਿਆਂ ਨਾਲ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਹਲਕੇ ਅਤੇ ਨਾਲ ਵਾਲਿਆਂ ਇਲਾਕਿਆਂ ਵਿਚ 2015 ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਇਸ ਤੋਂ ਕਾਂਗਰਸ ਪਾਰਟੀ ਦੀ ਸਿਆਸਤ ਦੀ ਝਲਕ ਮਿਲਦੀ ਹੈ, ਜਿਹੜੀ ਆਪਣੇ ਸੌੜੇ ਹਿੱਤਾਂ ਲਈ ਹਮੇਸ਼ਾਂ ਹੀ ਫਿਰਕੂ ਭਾਵਨਾਵਾਂ ਨੂੰ ਹਵਾ ਦਿੰਦੀ ਹੈ। ਅਕਾਲੀ ਦਲ ਨੇ ਹਮੇਸ਼ਾਂ ਹੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਪਹਿਰਾ ਦਿੱਤਾ ਹੈ ਅਤੇ ਅੱਗੇ ਵੀ ਦਿੰਦਾ ਰਹੇਗਾ।
ਕੋਟਕਪੂਰਾ ਅਤੇ ਨੇੜਲੇ ਖੇਤਰ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 1997-2002 ਦੇ ਕਾਰਜਕਾਲ ਦੌਰਾਨ ਪਾਣੀ ਦੀ ਸੇਮ ਦੀ ਸਮੱਸਿਆ ਨੂੰ ਖਤਮ ਕਰਨ ਲਈ 700 ਕਰੋੜ ਰੁਪਏ ਖਰਚ ਕੀਤੇ ਸਨ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਹੀ ਇੱਥੇ ਸਿੰਜਾਈ ਲਈ ਰਜਵਾਹੇ ਬਣੇ ਸਨ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ।
ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਿਸ ਤਰ•ਾਂ ਹਾਲ ਹੀ ਵਿਚ ਹਵਾਈ ਦੌਰਾ ਕਰਕੇ ਪਿਛਲੇ ਇੱਕ ਸਾਲ ਤੋਂ ਹੋ ਰਹੀ ਗੈਰ ਕਾਨੂੰਨੀ ਖਣਨ ਦੀ ਸੱਚਾਈ ਸਵੀਕਾਰ ਕੀਤੀ ਹੈ, ਉਹਨਾਂ ਨੂੰ ਸੂਬੇ ਦੇ ਪਿੰਡਾਂ ਦਾ ਵੀ ਹਵਾਈ ਦੌਰਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤੁਹਾਨੂੰ ਉਹਨਾਂ ਵਿਧਵਾਵਾਂ ਦੀਆਂ ਚੀਕਾਂ ਸੁਣਾਈ ਦੇਣਗੀਆਂ, ਜਿਹਨਾਂ ਦੇ ਪਤੀ ਤੁਹਾਡੇ ਵੱਲੋਂ ਕਰਜ਼ੇ ਨਾ ਮੁਆਫ ਕੀਤੇ ਜਾਣ ਕਰਕੇ ਖੁਦਕੁਸ਼ੀਆਂ ਕਰ ਗਏ। ਉਹਨਾਂ ਨੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਸੰਘਰਸ਼ ਲਈ ਤਿਆਰ ਰਹਿਣ ਲਈ ਆਖਦਿਆਂ ਕਿਹਾ ਕਿ ਅਕਾਲੀ ਦਲ 20 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਕੇ ਉਹਨਾਂ ਦੀ ਅਗਵਾਈ ਕਰ ਰਿਹਾ ਹੈ।
ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਕੋਟਕਪੂਰਾ ਵਿਧਾਇਕ ਮੰਤਰ ਸਿੰਘ ਬਰਾੜ, ਸਿਕੰਦਰ ਸਿੰਘ ਮਲੂਕਾ, ਬੀਬੀ ਜੰਗੀਰ ਕੌਰ, ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਵੀ ਸ਼ਾਮਿਲ ਸਨ।