ਚੰਡੀਗੜ•/22 ਜੁਲਾਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਇਸ ਤਰ•ਾਂ ਲੱਗਦਾ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਆਪਣੀ ਤਰਕਹੀਣ ਮਾਨਸਿਕਤਾ ਮੁਤਾਬਿਕ ਤੱਥਾਂ ਨੂੰ ਤੋੜਣ ਮਰੋੜਣ ਅਤੇ ਝੂਠ ਬੋਲਣ ਦੀ ਆਦਤ ਹੀ ਬਣਾ ਲਈ ਹੈ। ਪਾਰਟੀ ਨੇ ਸਿੱਧੂ ਨੂੰ ਕਿਹਾ ਹੈ ਕਿ ਪਿਛਲੇ ਡੇਢ ਸਾਲ ਦੌਰਾਨ ਨਿਵੇਸ਼ ਸੰਬੰਧੀ ਉਹ ਕਾਂਗਰਸ ਸਰਕਾਰ ਜਾਂ ਆਪਣੀ ਖੁਦ ਦੀ ਕੋਈ ਇੱਕ ਪ੍ਰਾਪਤੀ ਹੀ ਗਿਣਾਵੇ।
ਸਿੱਧੂ ਵੱਲੋਂ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ 2013 ਅਤੇ 2015 ਵਿਚ ਪੰਜਾਬ ਦੇ ਇਤਿਹਾਸ ਵਿਚ ਸਭ ਤੋਂ ਵੱਧ ਕਾਮਯਾਬ ਰਹੇ ਨਿਵੇਸ਼ ਸੰਮੇਲਨਾਂ ਬਾਰੇ ਕੀਤੇ ਚੋਣਵੇਂ ਮਨਘੜਤ ਖੁਲਾਸਿਆਂ ਸੰਬੰਧੀ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਧੂ ਸਿਰਫ ਸਸਤੀ ਸ਼ੋਹਰਤ ਹਾਸਿਲ ਕਰਨ ਲਈ ਝੂਠ ਬੋਲ ਰਿਹਾ ਹੈ।
ਇਹ ਟਿੱਪਣੀ ਕਰਦਿਆਂ ਕਿ ਕਿੰਨੀ ਅਜੀਬ ਗੱਲ ਹੈ ਕਿ ਸਿੱਧੂ ਨੇ ਮੱਲੋਜ਼ੋਰੀ ਸਰਕਾਰ ਦਾ ਬੁਲਾਰਾ ਬਣਨ ਦੀ ਜ਼ਿੰਮੇਵਾਰੀ ਆਪਣੇ ਉੱਤੇ ਲੈ ਲਈ ਹੈ, ਜਦਕਿ ਉਸ ਦੇ ਆਪਣੇ ਵਿਧਾਇਕਾਂ ਨੇ ਉਸ ਦੀ ਕਾਰਗੁਜ਼ਾਰੀ ਨੂੰ ਜ਼ੀਰੋ ਕਰਾਰ ਦਿੱਤਾ ਹੈ, ਇੱਥੋ ਤਕ ਸੂਬੇ ਦੀ ਵਜ਼ਾਰਤ ਨੇ ਵੀ ਉਸ ਦੇ ਸੁਝਾਵਾਂ ਉੱਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਅਕਾਲੀ ਆਗੂ ਨੇ ਸਿੱਧੂ ਕਿਹਾ ਕਿ ਉਹ ਪ੍ਰੈਸ ਕਾਨਫਰੰਸਾਂ ਦੇ ਨਾਂ ਉੱਤੇ ਕਾਮੇਡੀ ਸ਼ੋਅ ਕਰਕੇ ਆਪਣੀ ਨਾਕਾਮੀਆਂ ਨਾ ਛੁਪਾਵੇ। ਉਹਨਾਂ ਕਿਹਾ ਕਿ ਸਿੱਧੂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਸ ਦੇ ਆਪਣੇ ਮੁੱਖ ਮੰਤਰੀ ਨੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ , ਸ਼ਾਨਦਾਰ ਸੜਕਾਂ ਅਤੇ ਹਵਾਈ ਸੇਵਾਵਾਂ ਦਾ ਪਸਾਰ ਕਰਨ ਲਈ ਅਕਾਲੀ-ਭਾਜਪਾ ਸਰਕਾਰ ਦੀ ਪ੍ਰਸੰਸਾ ਕੀਤੀ ਸੀ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਬਣਾਈਆਂ ਯਾਦਗਾਰਾਂ ਨੂੰ ਵੀ 'ਸ਼ਾਨਦਾਰ ਸਮਾਰਕ' ਕਹਿ ਕੇ ਸਰਾਹਨਾ ਕੀਤੀ ਸੀ, ਜਿਹਨਾਂ ਨੂੰ ਤੁਸੀਂ ਸਫੈਦ ਹਾਥੀ ਕਿਹਾ ਸੀ।
ਸਿੱਧੂ ਨੂੰ ਆਪਣੇ ਤੱਥਾਂ ਨੂੰ ਦਰੁਸਤ ਕਰਨ ਲਈ ਆਖਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਕਾਂਗਰਸੀ ਹਕੂਮਤ ਦੌਰਾਨ ਪੰਜਾਬ ਵਿਚ ਕਪੂਰਥਲਾ ਵਿਖੇ ਲਾਏ ਜਾਣ ਵਾਲੇ ਸਭ ਤੋਂ ਵੱਡੇ ਪ੍ਰਾਜੈਕਟ ਸੋਨਾਲੀਕਾ ਨਿਊ ਪਲਾਂਟ ਅਤੇ ਆਈਟੀਸੀ ਫੂਡ ਪਾਰਕ ਨੂੰ ਵੀ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਹੀ ਮਨਜ਼ੂਰ ਅਤੇ ਸ਼ੁਰੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਤੱਥਾਂ ਨੂੰ ਤੋੜ-ਮਰੋੜ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨ ਦੀ ਥਾਂ ਤੁਹਾਡੇ ਲਈ ਚੰਗਾ ਹੋਵੇਗਾ ਕਿ ਤੁਸੀਂ ਤੁਹਾਡੇ ਜਾਂ ਤੁਹਾਡੀ ਸਰਕਾਰ ਵੱਲੋਂ ਪੰਜਾਬ ਵਿਚ ਲਿਆਂਦੇ ਗਏ ਕਿਸੇ ਇੱਕ ਵੱਡੇ ਨਿਵੇਸ਼ ਬਾਰੇ ਸਾਨੂੰ ਦੱਸੋ।
ਅੰਮ੍ਰਿਤਸਰ ਵਿਖੇ ਕਰੋੜਾਂ ਰੁਪਏ ਦੇ ਬੀਆਰਟੀਸੀ ਪ੍ਰਾਜੈਕਟ ਸਮੇਤ ਸਾਰੇ ਪ੍ਰਾਜੈਕਟਾਂ ਨੂੰ ਰੋਕਣ ਵਾਸਤੇ ਇੱਕ ਮੰਤਰੀ ਵਜੋਂ ਸਿੱਧੂ ਤੋਂ ਉਸ ਦੀ ਨਾਕਾਮੀ ਦਾ ਜੁਆਬ ਮੰਗਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਦੇ ਮੰਤਰਾਲਿਆਂ ਵਿਚ ਸਾਰਾ ਕੰਮ ਠੱਪ ਹੋਇਆ ਪਿਆ ਹੈ, ਕਿਉਂਕਿ ਸਾਰੇ ਸੀਨੀਅਰ ਅਧਿਕਾਰੀਆਂ ਨੇ ਉਸ ਨਾਲੋ ਕੰਮ ਕਰਨ ਤੋਂ ਪਾਸਾ ਵੱਟ ਲਿਆ ਹੈ। ਉਹਨਾਂ ਕਿਹਾ ਕਿ ਸਰਕਾਰ ਵਿਚ ਸਿੱਧੂ ਦਾ ਰੁਤਬਾ ਇੱਕ ਜੋਕਰ ਦਾ ਹੈ, ਕਿਉਂਕਿ ਉਹ ਦੋਸ਼ ਮੜ•ਣ, ਮੰਦਾ ਬੋਲਣ ਅਤੇ ਮੌਕਾ ਆਉਣ ਤੇ ਪਾਲਾ ਬਦਲਣ ਲਈ ਮਸ਼ਹੂਰ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਜਿੱਥੋਂ ਤਕ ਨਿਵੇਸ਼ ਸੰਮੇਲਨਾਂ ਦਾ ਸੰਬੰਧ ਹੈ, ਉਹਨਾਂ ਬਾਰੇ ਬੋਲਣ ਤੋਂ ਪਹਿਲਾਂ ਸਿੱਧੂ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਨਿਵੇਸ਼ ਦੇ ਕੰਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਅਤੇ ਫਿਰ ਉਹਨਾਂ ਉੱਤੇ ਟਿੱਪਣੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹਨਾਂ ਕੰਮਾਂ ਵਿਚ ਨਿਵੇਸ਼ਾਂ ਨੂੰ ਪ੍ਰਵਾਨਗੀ ਲਈ ਸਿੰਗਲ ਵਿੰਡੋ ਸਿਸਟਮ ਬਣਾਉਣਾ, ਪੰਜਾਬ ਨਿਵੇਸ਼ ਵਿਭਾਗ ਕਾਇਮ ਕਰਨਾ, ਵਿਸ਼ਵ ਬੈਂਕ ਦੀ ਦਰਜਾਬੰਦੀ ਅਨੁਸਾਰ ਨਵੇਂ ਕਾਰੋਬਾਰ ਸਥਾਪਤ ਕਰਨ ਦੀ ਸੌਖ ਦੀ ਕੈਟਾਗਰੀ ਵਿਚ ਪੰਜਾਬ ਨੂੰ ਪਹਿਲੀ ਪੁਜ਼ੀਸ਼ਨ ਉੱਤੇ ਲੈ ਕੇ ਜਾਣਾ ਆਦਿ ਸ਼ਾਮਿਲ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਹਕੂਮਤ ਦੌਰਾਨ ਪੰਜਾਬ ਤਿਲਕ ਕੇ 20ਵੇਂ ਨੰਬਰ ਉੱਤੇ ਆ ਗਿਆ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਸੱਚ ਇਹ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਵਿਚ ਬੇਮਿਸਾਲ ਨਿਵੇਸ਼ ਵਾਸਤੇ ਇੱਕ ਮਾਹੌਲ ਤਿਆਰ ਕੀਤਾ ਸੀ। ਉਹਨਾਂ ਕਿਹਾ ਕਿ ਇਨਫੋਸੇਜ਼, ਕਾਰਗਿਲ, ਕਨਸਾਈ, ਨੈਰੋਲੈਕ, ਅਡਾਨੀ, ਅਪੋਲੋ ਹਸਪਤਾਲ ਅਤੇ ਸੈਚੁਰੀ ਪਲਾਈਵੁੱਡ ਵਰਗੀਆਂ ਨਾਮੀ ਕਾਰੋਬਾਰੀ ਕੰਪਨੀਆਂ ਨੇ ਪੰਜਾਬ ਵਿਚ ਆਪਣੇ ਯੂਨਿਟ ਲਗਾਏ ਸਨ। ਪਰ ਕਾਂਗਰਸ ਸਰਕਾਰ ਪੰਜਾਬ ਅੰਦਰ ਅਜਿਹੇ ਉਦਯੋਗ-ਪੱਖੀ ਵਾਤਾਵਰਣ ਨੂੰ ਕਾਇਮ ਨਹੀਂ ਰੱਖ ਸਕੀ, ਜਿਸ ਨਾਲ ਨਾ ਸਿਰਫ ਸੂਬੇ ਵਿਚ ਨਿਵੇਸ਼ ਥੱਲੇ ਨੂੰ ਚਲਾ ਗਿਆ ਹੈ, ਸਗੋਂ ਸੂਬੇ ਤੋਂ ਬਾਹਰ ਨੂੰ ਵੀ ਜਾਣਾ ਸ਼ੁਰੂ ਹੋ ਗਿਆ ਹੈ। ਉਹਨਾਂ ਕਿਹਾ ਕਿ ਸਿੱਧੂ ਨੂੰ ਇਸ ਮਾਮਲੇ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਝੂਠ ਬੋਲਣ ਦੀ ਥਾਂ ਨਿਵੇਸ਼ ਨੂੰ ਮੁੜ ਲੀਹ ਉੱਤੇ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।