ਚੰਡੀਗੜ੍ਹ, 10 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੁੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ ਜਿਹਨਾਂ ਨੇ ਆਪਣੀ ਗੱਡੀ ਦੇ ਵਿਚ ਦੀ ਉਪਰ ਨਿਕਲ ਕੇ ਮੋਟਰ ਵਹੀਕਲ ਐਕਟ ਦੀ ਉਲੰਘਦਾ ਕੀਤੀ ਤੇ ਨਾਲ ਹੀ ਆਪਣੇ ਸੁਰੱਖਿਆ ਮੁਲਾਜ਼ਮਾਂ ਦੀ ਜਾਨ ਵੀ ਜ਼ੋਖ਼ਮ ਵਿਚ ਪਾਈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੈ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੰਤਰੀ ਨਾ ਸਿਰਫ ਆਪਣੀ ਗੱਡੀ ਦੀ ਸਨ ਰੂਫ ’ਤੇ ਬੈਠਾ ਹੈ ਤੇ ਉਸਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਦੀ ਜਾਨ ਜੋਖ਼ਮ ਵਿਚ ਪਾਈ ਹੈ ਬਲਕਿ ਉਹ ਸ਼ਰਾਬ ਦੇ ਸੇਵਨ ਨੂੰ ਉਜਾਗਰ ਕਰ ਕੇ ਆਪਣੇ ਕਾਰੇ ਨੁੰ ਸਹੀ ਠਹਿਰਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਸ੍ਰੀ ਕੇਜਰੀਵਾਲ ਨੇ ਮੰਤਰੀ ਨੁੰ ਬਰਖ਼ਾਸਤ ਨਾ ਕੀਤਾ ਤਾਂ ਇਹ ਮੰਨਿਆ ਜਾਵੇਗਾ ਕਿ ਸ੍ਰੀ ਕੇਜਰੀਵਾਲ ਉਸਦੇ ਕਾਰੇ ਨਾਲ ਸਹਿਮਤ ਹਨ।
ਡਾ. ਚੀਮਾ ਨੇ ਕਿਹਾ ਕਿ ਪੰਜਾਬੀਆਂ ਨੁੰ ਟਰਾਂਸਪੋਰਟ ਮੰਤਰੀ ਤੋਂ ਅਜਿਹੇ ਵਤੀਰੇ ਦੀ ਆਸ ਨਹੀਂ ਸੀ ਤੇ ਪੰਜਾਬੀ ਸਮਝਦੇ ਸਨ ਕਿ ਮੰਤਰੀ ਟਰੈਫਿਕ ਨਿਯਮਾਂ ਦੀ ਪਾਲਣਾ ਵਿਚ ਉਦਾਹਰਣ ਪੇਸ਼ ਕਰੇਗਾ। ਉਹਨਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਤੇ ਮੋਟਰ ਵਹੀਕਲ ਐਕਟ ਦੀ ਧਾਰਾ 184 ਦੀ ਉਲੰਘਣਾ ਕਰਨ ’ਤੇ ਮੰਤਰੀ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।