ਸੁਖਬੀਰ ਸਿੰਘ ਬਾਦਲ ਨੇ ਪਿਤਾ ਦੀ ਵਿਰਾਸਤ ਸੰਭਾਲੀ, ਕਿਹਾ ਕਿ ਆਪਣੇ ਪਿਤਾ ਦੀਆਂ ਕਦਰਾਂ ਕੀਮਤਾਂ ਨੂੰ ਬੁਲੰਦ ਰੱਖਣ ਲਈ ਕੰਮ ਕਰਨਗੇ, ਜਾਣੇ ਅਣਜਾਣੇ ਵਿਚ ਹੋਈਆਂ ਭੁੱਲਾਂ ਲਈ ਖਿਮਾ ਮੰਗੀ
ਅਕਾਲੀ ਦਲ ਦੇ ਸਰਪ੍ਰਸਤ ਨੂੰ ਸ਼ਰਧਾਂਜਲੀ ਦੇਣ ਲਈ ਸਿਆਸੀ ਆਗੂ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਪਹੁੰਚੇ, ਅਮਿਤ ਸ਼ਾਹ ਨੇ ਬਾਦਲ ਸਾਹਿਬ ਨੂੰ ਅਸਲ ਦੇਸ਼ ਭਗਤ ਦੱਸਿਆ
ਬਾਦਲ (ਸ੍ਰੀ ਮੁਕਤਸਰ ਸਾਹਿਬ), 4 ਅਗਸਤ: ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘਬਾਦਲ ਦੀ ਅੰਤਿਮ ਅਰਦਾਸ ਵਿਚ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਿੰਡ ਬਾਦਲ ਵਿਚ ਜਨ ਸੈਲਾਬ ਉਮੜ ਪਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੇ ਦਿਲਾਂ ਤੱਕ ਪਹੁੰਚਦਿਆਂ ਸਿੱਖ ਕੌਮ ਤੋਂ ਬੀਤੇ ਸਮੇਂ ਵਿਚ ਜਾਣੇ ਅਣਜਾਣੇ ਹੋਈਆਂ ਗਲਤੀਆਂ ਦੀ ਖਿਮਾ ਮੰਗੀ।
ਭੋਗ ’ਤੇ ਡੂੰਘੇ ਦੁੱਖ ਵਿਚ ਡੁੱਬੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੇਹੱਦ ਨਿਮਰਤਾ ਵਿਖਾਈ ਤੇ ਕਿਹਾ ਕਿ ਮੇਰੇ ਤੇ ਮੇਰੇ ਪਰਿਵਾਰ ਕੋਲ ਪੰਥ ਤੇ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ ਤੇ ਅਸੀਂ ਇਹਨਾਂ ਔਖੇ ਦਿਨਾਂ ਵਿਚ ਵਿਖਾਏ ਪਿਆਰ ਤੇ ਸਤਿਕਾਰ ਲਈ ਪੂਰੀ ਨਿਮਰਤਾ ਨਾਲ ਸਭ ਦੇ ਧੰਨਵਾਦੀ ਰਹਾਂਗੇ। ਸੰਗਤ ਨਾਲ ਇਹ ਪਵਿੱਤਰ ਰਿਸ਼ਤਾ ਉਹਨਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਰਿਹਾ ਹੈ ਕਿ ਬੀਤੇ ਸਮੇਂ ਵਿਚ ਮੇਰੇ ਕੋਲੋਂ, ਮੇਰੀ ਪਾਰਟੀ ਕੋਲੋਂ ਜਾਂ ਸਾਡੇ ਪਰਿਵਾਰ ਵਿਚ ਕਿਸੇ ਕੋਲੋਂ ਵੀ ਜਾਣੇ ਅਣਜਾਣੇ ਵਿਚ ਜੇਕਰ ਕੋਈ ਗਲਤੀ ਹੋਈ ਹੈ ਤਾਂ ਅਸੀਂ ਉਸ ਲਈ ਖਿਮਾ ਦੇ ਜਾਚਕ ਹਾਂ। ਸਾਡੇ ਲਈ ਸੰਗਤ ਹਮੇਸ਼ਾ ਸਰਵਉਚ ਰਹੀ ਹੈ ਤੇ ਹਮੇਸ਼ਾ ਰਹੇਗੀ ਤੇ ਅਸੀਂ ਹਮੇਸ਼ਾ ਸਾਡੇ ਮਹਾਨ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਕੀਤਾ ਹੈ ਤੇ ਹਮੇਸ਼ਾ ਉਹਨਾਂ ਮੁਤਾਬਕ ਚਲਦੇ ਰਹਾਂਗੇ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੂੰ ਦਿਨ ਰਾਤ ਆਪਣੇ ਪਿਤਾ ਦੀਆਂ ਕਦਰਾਂ ਕੀਮਤਾਂ ਨੂੰ ਬੁਲੰਦ ਰੱਖਣ ਵਾਸਤੇ ਕੰਮ ਕਰਨ ਦੀ ਲੋੜ ਹੈ ਅਤੇ ਉਹ ਅਜਿਹਾ ਯਤਨ ਕਰਦੇ ਰਹਿਣਗੇ।
ਅਕਾਲੀ ਦਲ ਦੇ ਪ੍ਰਧਾਨ ਆਪਣੇ ਭਾਸ਼ਣ ਵਿਚ ਕਈ ਵਾਰ ਭਾਵੁਕ ਹੋਏ ਤੇ ਪੀੜਾ ਵਿਚੋਂ ਉਭਰਨ ਦੇ ਯਤਨ ਵੀ ਕੀਤੇ। ਉਹਨਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਬਾਦਲ ਸਾਹਿਬ ਵਰਗਾ ਨਹੀਂ ਬਣ ਸਕਦਾ ਪਰ ਉਹ ਵਚਨ ਦਿੰਦੇ ਹਨ ਤੇ ਉਹ ਆਪਣੇ ਜੀਵਨ ਵਿਚ ਹਰ ਪਲ ਉਹਨਾਂ ਦੀ ਵਿਰਾਸਤ ਨੂੰ ਸੰਭਾਲ ਦੇ ਰੱਖਣ ਲਈ ਕੰਮ ਕਰਨਗੇ। ਸਿਆਸਤ ਵਿਚ ਆਦਰਸ਼ਾਂ ਤੇ ਧਰਮ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਭਾਸ਼ਣ ਵਿਚ ਵਾਰ ਵਾਰ ਖਾਲਸਾ ਪੰਥ, ਪੰਥਕ ਕਦਰਾਂ ਕੀਮਤਾਂ, ਪੰਜਾਬ, ਪੰਜਾਬੀਅਤ ਤੇ ਰਾਸ਼ਟਰਵਾਦ ਦੀ ਗੱਲ ਕੀਤੀ।
ਉਹਨਾਂ ਕਿਹਾ ਕਿ ਉਹ ਖਾਲਸਾ ਪੰਥ, ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਵਾਅਦਾ ਕਰਦੇ ਹਨ ਕਿ ਉਹ ਸਾਡੇ ਮਹਾਨ ਗੁਰੂਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਹੀਂ ਦਰਸਾਏ ਪਵਿੱਤਰ ਆਦਰਸ਼ਾਂ ਅਨੁਸਾਰ ਦਿਨ ਰਾਤ ਮਿਹਨਤ ਕਰਾਂਗਾ। ਉਹਨਾਂ ਕਿਹਾ ਕਿ ਸੇਵਾ ਤੋਂ ਲੈ ਕੇ ਅਧਿਆਤਮ ਧਰਮ ਨਿਰਪੱਖਤਾ ਜੋ ਸਰਬੱਤ ਦੇ ਭਲੇ ਵਿਚ ਹੈ, ਅਨੁਸਾਰ ਮੈਂ ਕੰਮ ਕਰਦਾ ਰਹਾਂਗਾ। ਉਹਨਾਂ ਕਿਹਾ ਕਿ ਪੰਜਾਬੀ ਹਮੇਸ਼ਾ ਸਰਦਾਰ ਬਾਦਲ ਦੇ ਦ੍ਰਿਸ਼ਟੀਕੋਣ ’ਤੇ ਮਾਣ ਮਹਿਸੂਸ ਕਰਦੇ ਹਨ ਤੇ ਉਹ ਵਿਸ਼ਵਾਸ ਦੁਆਉਂਦੇ ਹਨ ਮੈਂ ਉਹਨਾਂ ਦੇ ਇਸ ਮਾਣ ਨੂੰ ਕਮਜ਼ੋਰ ਨਹੀਂ ਪੈਣ ਦਿਆਂਗਾ।
ਪੰਜ ਵਾਰ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਅੱਜ ਜਨ ਸੈਲਾਬ ਉਮੜ ਪਿਆ। ਧਰਤੀ ਦੇ ਪੁੱਤਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਲੋਕ ਅਨੇਕਾਂ ਕਿਲੋਮੀਟਰ ਤੁਰ ਕੇ ਪਹੁੰਚੇ। ਸਾਬਕਾ ਮੁੱਖ ਮੰਤਰੀ ਲਈ ਪੰਜਾਬਰੀਆਂ ਦੇ ਦਿਲਾਂ ਵਿਚ ਜੋ ਪਿਆਰ ਸੀ, ਉਹ ਅੱਜ ਹਰ ਪਾਸੇ ਵੇਖਿਆ ਜਾ ਸਕਦਾ ਸੀ। ਸਮਾਜ ਦੇ ਹਰ ਵਰਗ ਤੇ ਹਰ ਧਰਮ ਦੇ ਲੋਕਾਂ ਨੇ ਅਕਾਲੀ ਦਲ ਦੇ ਸਰਪ੍ਰਸਤ ਵੱਲੋਂ ਸ਼ਾਂਤੀ, ਫਿਰਕੂ ਸਦਭਾਵਨਾ ਤੇ ਆਪਸੀ ਸਾਂਝ ਲਈ ਕੀਤੇ ਕੰਮ ਦੀ ਸ਼ਲਾਘਾ ਕੀਤੀ ਜੋ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਬੱਤ ਦੇ ਭਲੇ ਦੇ ਫਲਸਫੇ ਅਨੁਸਾਰ ਸਨ।
ਕੇਂਦਰੀ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸਾਬਕਾ ਮੁੱਖ ਮੰਤਰੀ ਦੀ ਵਡਿਆਈ ਕਰਦਿਆਂ ਉਹਨਾਂ ਨੂੰ ਵੱਡੇ ਦਿਲ ਵਾਲਾ ਇਨਸਾਨ ਦੱਸਿਆ ਜੋ ਐਮਰਜੰਸੀ ਦੇ ਖਿਲਾਫ ਡਟੇ ਤੇ ਹਮੇਸ਼ਾ ਸਿਧਾਂਤਾਂ ਵਾਸਤੇ ਲੜੇ। ਸ੍ਰੀ ਸ਼ਾਹ ਨੇ ਕਿਹਾ ਕਿ ਸਰਦਾਰ ਬਾਦਲ ਦੇ ਦਹਾਕਿਆਂ ਦੇ ਸਿਆਸੀ ਜੀਵਨ ਦੌਰਾਨ ਉਹਨਾਂ ਨੇ ਆਪਣਾ ਜੀਵਨ ਕਿਸਾਨਾਂ ਤੇ ਗਰੀਬ ਦੀ ਭਲਾਈ ਵਾਸਤੇ ਲਗਾਇਆ ਤੇ ਉਹਨਾਂ ਦੇ ਅਕਾਲ ਚਲਾਣੇ ਨਾਲ ਸਿੱਖ ਪੰਥ ਤੇ ਦੇਸ਼ ਨੇ ਇਕ ਸੱਚਾ ਦੇਸ਼ ਭਗਤ ਗੁਆ ਲਿਆ ਹੈ। ਉਹਨਾਂ ਨੇ ਸਾਬਕਾ ਮੁੱਖ ਮੰਤਰੀ ਵੱਲੋਂ ਆਪਸੀ ਭਾਈਚਾਰਕ ਸਾਂਝ ਸਥਾਪਿਤ ਕਰਨ ਵਾਸਤੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹਨਾਂ ਨੇ ਪਿੰਡ ਵਿਚ ਗੁਰਦੁਆਰਾ ਸਾਹਿਬ ਵੀ ਬਣਵਾਇਆ, ਮੰਦਿਰ ਵੀ ਤੇ ਮਸਜਿਦ ਵੀ ਬਣਵਾਈ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਤੁਰ ਜਾਣ ਨਾਲ ਉਹਨਾਂ ਨੂੰ ਨਿੱਜੀ ਤੌਰ ’ਤੇ ਵੱਡਾ ਘਾਟਾ ਪਿਆ ਹੈ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨਾਲ ਵੀ ਦੁੱਖ ਸਾਂਝਾ ਕੀਤਾ।
ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਅਤੇ ਰਾਜਸਥਾਨ ਦੇ ਉਪ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਸ੍ਰੀ ਸਚਿਨ ਪਾਇਲਟ ਨੇ ਵੀ ਅਕਾਲੀ ਦਲ ਦੇ ਘਾਗ ਸਿਆਸਤਦਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਦੇ ਨਾਲ ਹੀ ਅਸਮ ਗਣ ਪ੍ਰੀਸ਼ਦ ਦੇ ਪ੍ਰਧਾਨ ਅਤੁਲ ਬੋਰਾ, ਇਨੈਲੋ ਦੇ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਚੌਟਾਲਾ ਨੇ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਦਾਰ ਬਾਦਲ ਆਪਣੀ ਸਾਰੀ ਉਮਰ ਸੰਘੀ ਢਾਂਚੇ ਦੇ ਹਮਾਇਤ ਰਹੇ। ਉਹਨਾਂ ਕਿਹਾ ਕਿ ਬਾਦਲ ਸਾਹਿਬ ਹਮੇਸ਼ਾ ਮਜ਼ਬੂਤ ਰਾਜਾਂ ਵਿਚ ਵਿਸ਼ਵਾਸ ਕਰਦੇ ਸਨ ਤੇ ਆਖਦੇ ਸਨ ਕਿ ਮਜ਼ਬੂਤ ਰਾਜਾਂ ਦੇ ਕਾਰਨ ਹੀ ਦੇਸ਼ ਮਜ਼ਬੂਤ ਹੋ ਸਕਦਾ ਹੈ ਤੇ ਉਹ ਮਹਿਸੂਸ ਕਰਦੇ ਸਨ ਕਿ ਰਾਜਾਂ ਵਿਚ ਕੇਂਦਰ ਦੀ ਬੇਲੋੜੀ ਦਖਲਅੰਦਾਜ਼ੀ ਦੇਸ਼ ਨੂੰ ਕਮਜ਼ੋਰ ਕਰਦੀ ਹੈ। ਉਹਨਾਂ ਕਿਹਾ ਕਿ ਮਰਹੂਮ ਆਗੂ ਦਾ ਇਹ ਮਜ਼ਬੂਤ ਵਿਸ਼ਵਾਸ ਸੀ ਕਿ ਖੇਤਰੀ ਪਾਰਟੀਆਂ ਦੀ ਆਪਣੀ ਅਹਿਮੀਅਤ ਹੈ ਤੇ ਇਹੀ ਇਲਾਕੇ ਦੇ ਲੋਕਾਂ ਦੀਆਂ ਆਸਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਕਾਲੀ ਦਲ ਦੇ ਘਾਗ ਸਿਆਸਤਦਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਇਹ ਸਰਦਾਰ ਬਾਦਲ ਦੀ ਇੱਛਾ ਸੀ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਆਪਣੀ ਲੰਬੀ ਉਮਰ ਕੈਦ ਕੱਟ ਲਈ ਹੈ। ਉਹਨਾਂ ਨੇ ਇਸ ਸੰਬੰਧ ਵਿਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਜਿਸ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਤੇ ਦੱਸਿਆ ਗਿਆ ਕਿ ਕੇਂਦਰ ਸਰਕਾਰ ਨੇ 2019 ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਅਜਿਹਾ ਸਿਧਾਂਤਕ ਫੈਸਲਾ ਵੀ ਲਿਆ ਸੀ।
ਸੀਨੀਅਰ ਅਕਾਲੀ ਆਗੂਆਂ ਨੇ ਸਰਦਾਰ ਬਾਦਲ ਦੇ ਮਿਸ਼ਨ ਅਤੇ ਉਹਨਾਂ ਵੱਲੋਂ ਭਵਿੱਖ ਲਈ ਤੈਅ ਟੀਚਿਆਂ ਤੇ ਆਦਰਸ਼ਾਂ ਨੂੰ ਪੂਰਾ ਕਰਨ ਵਾਸਤੇ ਏਕਤਾ ਦਾ ਸੱਦਾ ਦਿੱਤਾ। ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮਰਹੂਮ ਆਗੂ ਅਜੋਕੇ ਪੰਜਾਬ ਦੇ ਸੰਸਥਾਪਕ ਸਨ ਤੇ ਉਹਨਾਂ ਕਿਸਾਨਾਂ ਤੇ ਕਮਜ਼ੋਰ ਵਰਗਾਂ ਵਾਸਤੇ ਹਮੇਸ਼ਾ ਵੱਧ ਚੜ੍ਹ ਕੇ ਕੰਮ ਕੀਤਾ।
ਆਪਣੇ ਤਾਇਆ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੀਨੀਅਰ ਆਗੂ ਤੇ ਪਰਿਵਾਰਕ ਮੈਂਬਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮਰਹੂਮ ਅਕਾਲੀ ਆਗੂ ਨੇ ਸਾਰੀ ਉਮਰ ਕਿਸਾਨਾਂ ਤੇ ਗਰੀਬਾਂ ਦੇ ਹੱਕਾਂ ਦੀ ਰਾਖੀ ਕੀਤੀ, ਆਪਸੀ ਭਾਈਚਾਰਕ ਸਾਂਝ ਤੇ ਰਾਸ਼ਟਰਵਾਦ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਇਹ ਮਹਿਸੂਸ ਕਰ ਲਿਆ ਕਿ ਅਕਾਲੀ ਦਲ ਦੇ ਸਰਪ੍ਰਸਤ ਨੇ ਆਪਣੇ ਮੂਲ ਸਿਧਾਂਤਾਂ ਨਾਲ ਸਮਝੌਤਾ ਕਰਨ ਦੀ ਥਾਂ ਸੱਤਾ ਛੱਡਣ ਨੂੰ ਤਰਜੀਹ ਦਿੱਤੀ।
ਅਜੀਤ ਅਖਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੇ ਚੇਤੇ ਕੀਤਾ ਕਿ ਕਿਵੇਂ ਮਰਹੂਮ ਆਗੂ ਹਰੇਕ ਤੱਕ ਪਹੁੰਚ ਕਰਦੇ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਨੇ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਆਈ ਕੇ ਗੁਜਰਾਲ ਨੂੰ ਸੂਬੇ ਸਿਰ ਅਤਿਵਾਦ ਸਿਰ ਚੜ੍ਹਿਆ 60 ਹਜ਼ਾਰ ਰੁਪਏ ਦਾ ਕਰਜ਼ਾ ਮੁਆਫ ਕਰਨ ਲਈ ਰਾਜ਼ੀ ਕੀਤਾ ਤੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਰਦਾਰ ਬਾਦਲ ਦੇ ਕਹਿਣ ’ਤੇ ਸ਼੍ਰੋਮਣੀ ਕਮੇਟੀ ਦੇ ਟੁਕੜੇ ਨਹੀਂ ਹੋਣ ਦਿੱਤੇ।
ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅਕਾਲੀ ਦਲ ਦੇ ਸਰਪ੍ਰਸਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਉਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਦਾ ਮਸੀਹਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਸਰਦਾਰ ਬਾਦਲ ਨੇ ਪੰਜਾਬ ਨਾਲ ਹੋਏ ਅਨਿਆਂ ਖਿਲਾਫ ਸੰਘਰਸ਼ ਕੀਤਾ ਭਾਵੇਂ ਉਹ ਪੰਜਾਬੀ ਬੋਲਦੇ ਇਲਾਕੇ ਸਨ, ਦਰਿਆਈ ਪਾਣੀ ਜਾਂ ਫਿਰ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮਾਮਲਾ ਹੋਵੇ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਕਾਲੀ ਦਲ ਦੇ ਸਰਪ੍ਰਸਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਪੰਜਾਬ ਵਿਚ ਫਿਰਕੂ ਸਦਭਾਵਨਾ ਤੇ ਆਪਸੀ ਭਾਈਚਾਰਾ ਕਾਇਮ ਕਰਨ ਵਿਚ ਸਭ ਤੋਂ ਵੱਡਾ ਰੋਲ ਨਿਭਾਇਆ। ਉਹਨਾਂ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਨੇ ਐਮਰਜੰਸੀ ਦਾ ਵਿਰੋਧ ਕਰਨ ਵਾਸਤੇ ਵਿਰੋਧੀ ਧਿਰ ਨੂੰ ਪ੍ਰੇਰਿਤ ਕੀਤਾ ਅਤੇ 1997 ਵਿਚ ਵਾਜਪਾਈ ਸਰਕਾਰ ਸਥਾਪਿਤ ਕਰਨ ਵਿਚ ਵੀ ਉਹਨਾਂ ਦਾ ਸਭ ਤੋਂ ਵੱਡਾ ਹੱਥ ਸੀ।
ਪੰਜਾਬ ਦੇ ਸੀ ਪੀ ਆਈ ਆਗੂ ਹਰਦੇਵ ਅਰਸ਼ੀ ਨੇ ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਨੂੰ ਇਕ ਨਿਮਾਣਾ ਵਰਕਰ ਦੱਸਿਆ ਜਿਸਨੇ ਹਮੇਸ਼ਾ ਲੋਕਾਂ ਨੂੰ ਸਭ ਤੋਂ ਉਪਰ ਰੱਖਿਆ ਤੇ ਆਪਣੀ ਧੀ ਦੇ ਵਿਆਹ ਵਾਸਤੇ ਵੀ ਪੈਰੋਲ ਲੈਣ ਤੋਂ ਨਾਂਹ ਕਰ ਦਿੱਤੀ। ਸੀ ਪੀ ਆਈ ਐਮ ਦੇ ਸੁਖਵਿੰਦਰ ਸਿੰਘ ਨੇ ਵੀ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।