ਚੰਡੀਗੜ੍ਹ, 3 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 36000 ਠੇਕਾ ਮੁਲਾਜ਼ਮਾਂ ਨਾਲ ਧੋਖੜਾਧੜੀ ਦਾ ਕੇਸ ਦਰਜ ਕਰਨ ਦੇ ਹੁਕਮ ਦੇਣ ਕਿਉਂਕਿ ਮੁੱਖ ਮੰਤਰੀ ਨੇ ਝੁਠਾ ਵਾਅਦਾ ਕੀਤਾ ਕਿ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਸਿਫਾਰਸ਼ ਵਾਲੀ ਫਾਈਲ ਰਾਜਪਾਲ ਨੇ ਦੱਬੀ ਹੋਈ ਹੈ ਜਦੋਂ ਕਿ ਅਸਲੀਅਤ ਵਿਚ ਫਾਈਲ ਮੁੱਖ ਮੰਤਰੀ ਦਫਤਰ ਪਈ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਇਹ ਮੰਗ ਕਰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਮਾਮਲੇ ਬਾਰੇ ਝੁਠ ਬੋਲਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਦਾਅਵਾ ਕਰਦੇ ਰਹੇ ਕਿ ਜੇਕਰ ਰਾਜਪਾਲ ਨੇ ਸਾਰੇ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਬਾਰੇ ਫਾਈਲ ਨੂੰ ਮਨਜ਼ੂਰੀ ਨਾ ਦਿੱਤੀ ਤਾਂ ਉਹ ਧਰਨੇ ’ਤੇ ਬੈਠ ਜਾਣਗੇ ਜਦੋਂ ਕਿ ਸੱਚਾਈ ਇਹ ਹੈ ਕਿ ਇਹ ਫਾਈਲ ਉਹਨਾਂ ਦੇ ਆਪਣੇ ਦਫਤਰ ਵਿਚ ਪਈ ਹੈ ਤੇ ਉਹ ਇਹ ਦੱਬੀ ਬੈਠੇ ਹਨ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਕਾਂਗਰਸ ਸਰਕਾਰ ਇਹ ਜਾਣਦੀ ਹੈ ਕਿ ਕੁਝ ਦਿਨਾਂ ਵਿਚ ਹੀ ਚੋਣ ਜ਼ਾਬਤਾ ਲੱਗਣ ਵਾਲਾ ਹੈ।
ਡਾ. ਚੀਮਾ ਨੇ ਕਿਹਾ ਕਿ ਰਾਜਪਾਲ ਨੇ ਪਹਿਲਾਂ ਹੀ ਸਾਰੇ ਤੱਥ ਸਪਸ਼ਟ ਕਰ ਦਿੱਤੇ ਹਨ ਤਾਂ ਉਹਨਾਂ ਨੂੰ ਠੇਕਾ ਮੁਲਾਜ਼ਮਾਂ ਨਾਲ ਧੋਖਾ ਕਰਨ ਲਈ ਮੁੱਖ ਮੰਤਰੀ ਦੇ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਸਿੱਧੇ ਤੌਰ ’ਤੇ ਸੰਵਿਧਾਨਕ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਹੈ ਕਿਉਂਕਿ ਰਾਜਪਾਲ ਵੱਲੋਂ ਮੰਗੇ ਗਏ ਸਪਸ਼ਟੀਕਰਨ ਤੋਂ ਸਾਬਤ ਹੁੰਦਾ ਹੈ ਕਿ ਰਾਜ ਸਰਕਾਰ ਨੇ ਇਸ ਮਾਮਲੇ ’ਤੇ ਪਹਿਲਾਂ ਪਾਸ ਕੀਤੇ ਗਏ ਬਿੱਲ ਨੂੰ ਹਾਈ ਕੋਰਟ ਵਿਚ ਦੁਆਏ ਭਰੋਸੇ ਮੁਤਾਬਕ ਵਾਪਸ ਨਹੀਂ ਲਿਆ। ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਜਾਣਦੇ ਸਨ ਕਿ ਉਹ ਪਿਛਲਾ ਬਿੱਲ ਲਏ ਬਗੈਰ ਦੂਜਾ ਬਿੱਲ ਪਾਸ ਕਰ ਕੇ ਧੋਖਾ ਕਰ ਰਹੇ ਹਨ।
ਅਕਾਲੀ ਆਗੂ ਨੇ ਮੰਗ ਕੀਤੀ ਕਿ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਰੈਗੂਲਰ ਕਰਨ ਦੇ ਝੂਠੇ ਇਸ਼ਤਿਹਾਰ ਜਾਰੀ ਕਰਨ ਵਾਸਤੇ ਵੀ ਮੁੱਖ ਮੰਤਰੀ ਦੇ ਖਿਲਾਫ ਕਰਵਾਈ ਆਰੰਭੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਝੁਠੇ ਇਸ਼ਤਿਹਾਰਾਂ ’ਤੇ ਖਰਚ ਹੋਏ ਕਰੋੜਾਂ ਰੁਪਏ ਮੁੱਖ ਮੰਤਰੀ ਦੇ ਨਾਲ ਨਾਲ ਕਾਂਗਰਸ ਪਾਰਟੀ ਤੋਂ ਵਸੁਲੇ ਜਾਣੇ ਚਾਹੀਦੇ ਹਨ।
ਡਾ. ਚੀਮਾ ਨੇ ਇਹ ਵੀ ਮੰਗ ਕੀਤੀ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੈਤਿਕ ਆਧਾਰ ’ਤੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ। ਉਹਨਾਂ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਠੇਕਾ ਮੁਲਾਜ਼ਮਾਂ ਨੂੰ ਧੋਖਾ ਦੇਣ ਲਈ ਉਹਨਾਂ ਤੋਂ ਮੁਆਫੀ ਵੀ ਮੰਗਣ ਕਿਉਂਕਿ ਉਹਨਾਂ ਝੁਠ ਬੋਲਿਆ ਕਿ ਉਹਨਾਂ ਦੀ ਫਾਈਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਦੋਂ ਕਿ ਅਸਲੀਅਤ ਇਹ ਫਾਈਲ ਰਾਜਪਾਲ ਵੱਲੋਂ ਕੁਝ ਸਪਸ਼ਟੀਕਰਨ ਲੈਣ ਵਾਸਤੇ ਵਾਪਸ ਭੇਜੀ ਗਈ ਹੈ।