ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਨਵੀਂ ਕਿਤਾਬ ਨੂੰ ਰੱਦ ਕਰਨ ਵਾਸਤੇ ਨਿਗਰਾਨ ਕਮੇਟੀ ਦਾ ਧੰਨਵਾਦ ਕੀਤਾ
ਡਾਕਟਰ ਚੀਮਾ ਨੇ ਕਿਹਾ ਕਿ ਇਸ ਵੱਡੀ ਕੁਤਾਹੀ ਲਈ ਕਸੂਰਵਾਰ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ
ਕਾਂਗਰਸ ਸਰਕਾਰ ਨੂੰ ਇਸ ਘਟਨਾ ਤੋਂ ਸਬਕ ਸਿੱਖ ਕੇ ਭਵਿੱਖ ਅੜੀਅਲ ਸਟੈਂਡ ਲੈਣ ਤੋਂ ਗੁਰੇਜ਼ ਕਰਨ ਲਈ ਆਖਿਆ
ਚੰਡੀਗੜ੍ਹ/09 ਜੂਨ:ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੀ ਛੱਤਰ ਛਾਇਆ ਥੱਲੇ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੀ ਇਤਿਹਾਸ ਦੀ ਨਵੀਂ ਕਿਤਾਬ ਨੂੰ ਰੱਦ ਕਰਕੇ ਪੰਜਾਬ ਅਤੇ ਇਸ ਦੇ ਸਿੱਖ ਇਤਿਹਾਸ ਤੇ ਸੱਭਿਆਚਾਰ ਨਾਲ ਕੀਤੀ ਜਾ ਰਹੀ ਛੇੜਛਾੜ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਅੱਜ ਛੇ ਮੈਂਬਰੀ ਨਿਗਰਾਨ ਕਮੇਟੀ ਦਾ ਧੰਨਵਾਦ ਕੀਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਬਣਾਈ ਕਮੇਟੀ ਨੇ ਸਾਡੇ ਸਟੈਂਡ ਦੀ ਪੁਸ਼ਟੀ ਕਰ ਦਿੱਤੀ ਹੈ। ਅਸੀਂ ਇਹੋ ਗੱਲ ਕਹਿੰਦੇ ਆ ਰਹੇ ਹਾਂ ਕਿ ਸਿੱਖਿਆ ਵਿਭਾਗ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਇਤਿਹਾਸ ਨੂੰ ਗਾਇਬ ਕਰਨ ਪਿੱਛੇ ਸਾਡੀਆਂ ਧਾਰਮਿਕ ਜੜ੍ਹਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਹੈ। ਕਮੇਟੀ ਵੱਲੋਂ ਪੁਰਾਣੀ ਕਿਤਾਬ ਨੂੰ ਜਾਰੀ ਰੱਖਣ ਦਾ ਫੈਸਲਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਸਾਡੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿੱਜੀ ਸਖ਼ਸ਼ੀਅਤ ਦੇ ਵਿਕਾਸ ਦੇ ਅਹਿਮ ਪੜਾਅ ਉੱਤੇ ਸਿੱਖ ਗੁਰੂ ਸਾਹਿਬਾਨਾਂ ਬਾਰੇ ਅਧਿਐਨ ਕਰਨ ਤੋਂ ਰੋਕਿਆ ਨਹੀਂ ਜਾਵੇਗਾ।
ਡਾਕਟਰ ਚੀਮਾ ਨੇ ਕਿਹਾ ਕਿ ਕਮੇਟੀ ਵੱਲੋਂ ਨਵੀ ਇਤਿਹਾਸ ਦੀ ਕਿਤਾਬ ਰੱਦ ਕੀਤੇ ਜਾਣ ਨਾਲ ਸਿੱਖਿਆ ਵਿਭਾਗ ਦੇ ਉਹਨਾਂ ਉੱਚ ਅਧਿਕਾਰੀਆਂ ਦਾ ਪਰਦਾਫਾਸ਼ ਹੋ ਗਿਆ ਹੈ, ਜਿਹਨਾਂ ਨੇ ਨਾ ਸਿਰਫ ਇੰਨੀ ਵੱਡੀ ਕੁਤਾਹੀ ਕੀਤੀ ਸੀ, ਸਗੋਂ ਝੂਠੇ ਬਿਆਨ ਦੇ ਕੇ ਆਪਣੇ ਸਟੈਂਡ ਨੂੰ ਸਹੀ ਵੀ ਠਹਿਰਾਇਆ ਸੀ। ਉਹਨਾਂ ਕਿਹਾ ਕਿ ਹੁਣ ਪ੍ਰੋਫੈਸਰ ਕਿਰਪਾਲ ਸਿੰਘ ਦੀ ਅਗਵਾਈ ਵਿਚ ਬਣੀ ਪ੍ਰੋਫੈਸਰ ਪ੍ਰਿਥੀਪਾਲ ਕਪੂਰ, ਪ੍ਰੋਫੈਸਰ ਜੇਐਸ ਗਰੇਵਾਲ, ਪ੍ਰੋਫੈਸਰ ਇੰਦੂ ਬੰਗਾ, ਆਈਐਸ ਗੋਗੋਈ ਅਤੇ ਬੀਐਸ ਢਿੱਲੋਂ ਆਦਿ ਮੈਂਬਰਾਂ ਵਾਲੀ ਇਹ 6 ਮੈਂਬਰੀ ਕਮੇਟੀ ਸਰਬਸੰਮਤੀ ਨਾਲ ਇਸ ਨਤੀਜੇ ਉੱਤੇ ਪੁੱਜੀ ਹੈ ਕਿ ਨਵੀ ਇਤਿਹਾਸ ਦੀ ਕਿਤਾਬ ਵਿਚ ਬਹੁਤ ਸਾਰੀਆਂ ਗਲਤੀਆਂ ਹਨ ਅਤੇ ਇਸ ਨੂੰ ਹਟਾਏ ਜਾਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਨਵੀਂ ਕਿਤਾਬ ਨੂੰ ਤਿਆਰ ਕਰਵਾਉਣ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਅਧਿਕਾਰੀ ਇੰਨੇ ਦਲੇਰ ਰਹੇ ਹਨ ਕਿ ਉਹਨਾਂ ਨੇ ਨਵੀਂ ਇਤਿਹਾਸ ਦੀ ਕਿਤਾਬ ਦੇ ਮੁਖਬੰਧ ਉੱਤੇ ਆਪਣੇ ਨਾਂ ਵੀ ਛਪਵਾਏ ਹਨ। ਇਹਨਾਂ ਅਧਿਕਾਰੀਆਂ ਖ਼ਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
ਅਕਾਲੀ ਆਗੂ ਨੇ ਨਵੀਂ ਇਤਿਹਾਸ ਦੀ ਕਿਤਾਬ ਦੀ ਵਕਾਲਤ ਕਰਨ ਅਤੇ ਇਹ ਝੂਠ ਬੋਲਣ ਲਈ ਕਾਂਗਰਸ ਪਾਰਟੀ ਦੀ ਨਿਖੇਧੀ ਕੀਤੀ ਕਿ ਸਿੱਖ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ 23 ਚੈਪਟਰਾਂ ਨੂੰ ਹਟਾਇਆ ਨਹੀਂ ਗਿਆ, ਸਗੋਂ ਬਦਲ ਕੇ 10ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਸ਼ਾਮਿਲ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਸਾਰੇ ਝੂਠ ਨੰਗੇ ਹੋ ਚੁੱਕੇ ਹਨ। ਕਾਂਗਰਸ ਸਰਕਾਰ ਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਭਵਿੱਖ ਵਿਚ ਅਜਿਹੇ ਝੂਠੇ ਸਟੈਂਡ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ,ਜਿਹਨਾਂ ਨੂੰ ਸਹੀ ਨਾ ਸਾਬਿਤ ਕੀਤਾ ਜਾ ਸਕਦਾ ਹੋਵੇ।
ਡਾਕਟਰ ਚੀਮਾ ਨੇ ਕਿਹਾ ਕਿ ਜਿੱਥੋਂ ਤਕ ਕਿ ਅਕਾਲੀ ਦਾ ਸੰਬੰਧ ਹੈ, ਇਸ ਨੇ ਇੱਕ ਪਵਿੱਤਰ ਫਰਜ਼ ਸਮਝ ਕੇ ਇਸ ਮਸਲੇ ਨੂੰ ਉਠਾਇਆ ਸੀ, ਕਿਉਂਕਿ ਇਹ ਸਾਡੇ ਮਹਾਨ ਲੋਕਾਂ ਦੀ ਬੌਧਿਕ ਅਤੇ ਰੂਹਾਨੀ ਵਿਰਾਸਤ ਨਾਲ ਸੰਬੰਧਤ ਮਸਲਾ ਸੀ, ਜਿਸ ਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਮਾਨਸਿਕਤਾ ਅਤੇ ਨੈਤਿਕਤਾ ਉੱਤੇ ਹੋਣਾ ਸੀ। ਉਹਨਾਂ ਕਿਹਾ ਕਿ ਕਮੇਟੀ ਦੀਆਂ ਲੱਭਤਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਸਾਡਾ ਸਟੈਂਡ ਸਹੀ ਅਤੇ ਬਿਲਕੁੱਲ ਹੀ ਗੈਰ-ਸਿਆਸੀ ਸੀ। ਸਾਨੂੰ ਉਮੀਦ ਹੈ ਕਿ ਇਸ ਸਹੀ ਕਦਮ ਨਾਲ ਸਿੱਖਾਂ ਦੀਆਂ ਜ਼ਖ਼ਮੀ ਭਾਵਨਾਵਾਂ ਉੱਤੇ ਮੱਲ੍ਹਮ ਲੱਗੇਗੀ।
ਅਕਾਲੀ ਆਗੂ ਨੇ 12ਵੀ ਦੀ ਇਤਿਹਾਸ ਦੀ ਕਿਤਾਬ ਵਿਚ ਗੁਰੂ ਸਾਹਿਬਾਨਾਂ, ਸਿੱਖ ਯੋਧਿਆਂ ਅਤੇ ਸ਼ਹੀਦਾਂ ਦੇ ਇਤਿਹਾਸ ਨੂੰ ਮੁੜ ਤੋਂ ਸ਼ਾਮਿਲ ਕਰਵਾਉਣ ਲਈ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਨ ਵਾਸਤੇ ਵਿਦਵਾਨਾਂ, ਸਕੂਲ ਤੇ ਕਾਲਜ ਅਧਿਆਪਕਾਂ, ਯੂਨੀਵਰਸਿਟੀ ਦੇ ਪ੍ਰੋਫੈਸਰਾਂ, ਬੁੱਧੀਜੀਵੀਆਂ, ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਤੋਂ ਇਲਾਵਾ ਮੀਡੀਆ ਦਾ ਵੀ ਧੰਨਵਾਦ ਕੀਤਾ।