ਲੋਹੀਆਂ/18 ਮਈ:ਸ਼ਾਹਕੋਟ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਸ੍ਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਆਪਣੀ ਰਿਹਾਇਸ਼ ਉੱਤੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਬ੍ਰਿਜ ਭੁਪਿੰਦਰ ਲਾਲੀ ਨੇ ਕਿਹਾ ਕਿ ਉਹ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਇਲਾਕੇ ਵਿਚ ਕੀਤੀ ਜਾ ਰਹੀ ਬੇਲੋੜੀ ਦਖ਼ਲਅੰਦਾਜ਼ੀ ਤੋਂ ਅੱਕ ਕੇ ਕਾਂਗਰਸ ਪਾਰਟੀ ਨੂੰ ਛੱਡ ਰਹੇ ਹਨ। ਉਹਨਾਂ ਕਿਹਾ ਕਿ ਉਹ ਅਤੇ ਦੂਜੇ ਵਿਧਾਇਕ ਤੇ ਆਗੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸੀ ਅਤੇ ਉਹਨਾਂ ਨੂੰ ਰਾਣਾ ਗੁਰਜੀਤ ਨੂੰ ਨੱਥ ਪਾਉਣ ਲਈ ਆਖਿਆ ਸੀ, ਪਰ ਉਹਨਾਂ ਦੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ।
ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਕਾਂਗਰਸ ਵੱਲੋਂ ਇੱਕ ਬਦਮਾਸ਼ ਵਿਅਕਤੀ ਅਤੇ ਰੇਤ ਮਾਫੀਆ ਸਰਗਨਾ ਹਰਦੇਵ ਸਿੰਘ ਲਾਡੀ ਨੂੰ ਟਿਕਟ ਦਿੱਤੇ ਜਾਣ ਕਰਕੇ ਵੀ ਪਾਰਟੀ ਤੋਂ ਨਿਰਾਸ਼ ਹੋ ਗਏ ਹਨ। ਉਹਨਾਂ ਕਿਹਾ ਕਿ ਮੈਂ ਅਤੇ ਇਸ ਹਲਕੇ ਦੇ ਦੂਜੇ ਨਾਮੀ ਆਗੂਆਂ ਨੇ ਪਾਰਟੀ ਨੂੰ ਬੇਨਤੀ ਕੀਤੀ ਸੀ ਕਿ ਇਹ ਟਿਕਟ ਲਾਡੀ ਤੋਂ ਬਿਨਾਂ ਕਿਸੇ ਨੂੰ ਵੀ ਦੇ ਦਿਓ, ਪਰ ਪਾਰਟੀ ਨੇ ਇੱਕ ਮਾਫੀਆ ਸਰਗਨੇ ਦੀ ਝੋਲੀ ਟਿਕਟ ਪਾ ਦਿੱਤੀ।ਉਹਨਾਂ ਉਸ ਸਟਿੰਗ ਵੀਡਿਓ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ, ਜਿਸ ਨੇ ਲਾਡੀ ਦਾ ਪਰਦਾਫਾਸ਼ ਕੀਤਾ ਹੈ ਅਤੇ ਸਾਬਿਤ ਕੀਤਾ ਹੈ ਕਿ ਉਹ ਫਿਰੌਤੀਆਂ ਲੈਂਦਾ ਹੈ। ਲਾਲੀ ਨੇ ਕਿਹਾ ਕਿ ਕਾਂਗਰਸੀ ਆਗੂ ਲੋਕਾਂ ਦੀਆਂ ਜ਼ਮੀਨਾਂ ਦੱਬਣ ਲਈ ਵੀ ਬਦਨਾਮ ਹੈ ਅਤੇ ਉਸ ਨੇ ਕਿੰਨੇ ਹੀ ਲੋਕਾਂ ਖ਼ਿਲਾਫ ਝੂਠੇ ਪਰਚੇ ਦਰਜ ਕਰਵਾਏ ਹਨ। ਇਸ ਮੌਕੇ ਉਹਨਾਂ ਨੇ ਲਾਡੀ ਦੇ ਜ਼ੁਲਮਾਂ ਦੇ ਸ਼ਿਕਾਰ ਵਿਅਕਤੀਆਂ ਨੂੰ ਵੀ ਮੀਡੀਆ ਸਾਹਮਣੇ ਪੇਸ਼ ਕੀਤਾ।
ਸਾਬਕਾ ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਵੀ ਗਿਲਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਨਹੀਂ ਮਿਲਦੇ। ਉਹਨਾਂ ਕਿਹਾ ਕਿ ਇਸ ਗੱਲ ਨੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦਾ ਮਨੋਬਲ ਡੇਗ ਦਿੱਤਾ ਹੈ ਅਤੇ ਇਸ ਕਰਕੇ ਹੀ ਮੈਂ ਇਸ ਪਾਰਟੀ ਨੂੰ ਛੱਡ ਰਿਹਾ ਹਾਂ, ਜਿਸ ਦੀ ਮੈਂ 40 ਸਾਲ ਸੇਵਾ ਕੀਤੀ ਹੈ।
ਬ੍ਰਿਜ ਭੁਪਿੰਦਰ ਲਾਲੀ ਦਾ ਅਕਾਲੀ ਦਲ ਵਿਚ ਸਵਾਗਤ ਕਰਦਿਆਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਲਾਲੀ ਦੇ ਸ਼ਾਮਿਲ ਹੋਣ ਨਾਲ ਅਕਾਲੀ ਦਲ ਸਿਰਫ ਸ਼ਾਹਕੋਟ ਵਿਚ ਹੀ ਨਹੀਂ, ਸਗੋਂ ਸਮੁੱਚੇ ਦੁਆਬੇ ਵਿਚ ਮਜ਼ਬੂਤ ਹੋ ਗਿਆ ਹੈ। ਉਹਨਾਂ ਕਿਹਾ ਕਿ ਸ੍ਰੀ ਲਾਲੀ ਇਸ ਖੇਤਰ ਵਿਚ ਇੱਕ ਦਲੇਰ ਆਗੂ ਵਜੋਂ ਜਾਣੇ ਜਾਂਦੇ ਹਨ, ਜਿਹਨਾਂ ਦਾ ਆਧਾਰ ਬਹੁਤ ਮਜ਼ਬੂਤ ਹੈ। ਉਹਨਾਂ ਕਿਹਾ ਕਿ ਲਾਲੀ ਜੀ ਬਤੌਰ ਗ੍ਰਹਿ ਮੰਤਰੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਇਸ ਇਲਾਕੇ ਵਿਚ ਕਰਵਾਏ ਕੰਮਾਂ ਲਈ ਵੀ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਸਾਬਕਾ ਮੰਤਰੀ ਨੂੰ ਅਕਾਲੀ ਦਲ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ, ਮਹਿੰਦਰ ਕੌਰ ਜੋਸ਼,ਸਰਬਜੋਤ ਸਿੰਘ ਸਾਹਬੀ, ਪਾਰਟੀ ਉਮੀਦਵਾਰ ਨਾਇਬ ਸਿੰਘ ਕੋਹਾੜ ਅਤੇ ਵੱਡੀ ਗਿਣਤੀ ਵਿਚ ਬ੍ਰਿਜ ਭੁਪਿੰਦਰ ਲਾਲੀ ਦੇ ਸਮਰਥਕ ਹਾਜ਼ਿਰ ਸਨ।