ਉਹਨਾਂ ਦੀ ਲੀਡਰਸ਼ਿਪ ਵਿਚ ਭਰੋਸਾ ਪ੍ਰਗਟ ਕਰਨ ਲਈ ਸਰਬਸੰਮਤੀ ਨਾਲ ਮਤਾ ਕੀਤਾ ਪਾਸ
ਪਾਰਟੀ ਲੋਕਾਂ ਦੇ ਫਤਵੇ ਅੱਗੇ ਨਿਮਰਤਾ ਨਾਲ ਸਿਰ ਝੁਕਾਉਂਦੀ ਹੈ ਪਰ ਪੰਥਕ ਤੇ ਪੰਜਾਬੀ ਹਿੱਤਾਂ ਦੀ ਰਾਖੀ ਵਾਸਤੇ ਸੰਘਰਸ਼ ਜਾਰੀ ਰੱਖੇਗੀ
ਬੀ ਬੀ ਐਮ ਬੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਦੇ ਬਣਦੇ ਹੱਕ ਤੁਰੰਤ ਬਹਾਲ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, 14 ਮਾਰਚ : ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦ੍ਰਿੜ੍ਹ ਅਤੇ ਦੂਰਅੰਦੇਸ਼ੀ ਸੋਚ ਵਾਲੀ ਲੀਡਰਸ਼ਿਪ ’ਤੇ ਪੂਰਨ ਭਰੋਸਾ ਪ੍ਰਗਟ ਕੀਤਾ।
ਕੋਰ ਕਮੇਟੀ ਮੀਟਿੰਗ ਵਿਚ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਕੋਰ ਕਮੇਟੀ ਨੂੰ ਪਾਰਟੀ ਪ੍ਰਧਾਨ ਦੀ ਦਲੇਰੀ, ਨਿਰਸਵਾਰਥ ਅਤੇ ਅਣਥੱਕ ਤਰੀਕੇ ਨਾਲ ਮਿਹਨਤ ਕਰਨ ’ਤੇ ਮਾਣ ਹੈ ਜਿਸ ਸਦਕਾ ਪਾਰਟੀ ਪ੍ਰਧਾਨ ਨੇ ਪੰਜਾਬ ਵਿਧਾਨ ਸਭਾ ਲਈ ਹਾਲ ਹੀ ਵਿਚ ਖਤਮ ਹੋਈਆਂ ਚੋਣਾਂ ਲਈ ਛੇ ਮਹੀਨੇ ਲੰਬੀ ਮੁਹਿੰਮ ਵਿਚ ਸਹੀ ਅਰਥਾਂ ਵਿਚ ਪੰਥਕ ਰਵਾਇਤਾਂ ਮੁਤਾਬਕ ਪਾਰਟੀ ਦੀ ਅਗਵਾਈ ਕੀਤੀ।
ਮੀਟਿੰਗ ਨੁੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਅਤੇ ਖਾਲਸਾ ਪੰਥ ਦੀਆਂ ਮਾਣ ਮੱਤੀਆਂ ਰਵਾਇਤਾਂ ਤੇ ਕਦਰਾਂ ਕੀਮਤਾਂ ਨੁੰ ਬਰਕਰਾਰ ਰੱਖਣ ਵਾਸਤੇ ਆਪਣਾ ਸੰਘਰਸ਼ ਜਾਰੀ ਰੱਖੇਗੀ।
ਪਾਰਟੀ ਨੇ ਕੇਂਦਰ ਸਰਕਾਰ ਨੁੰ ਅਪੀਲ ਕੀਤੀ ਕਿ ਉਹ ਬੀ ਬੀ ਐਮ ਬੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਦੇ ਵਾਜਬ ਹੱਕਾਂ ਵਿਚ ਦਖਲਅੰਦਾਜ਼ੀ ਨਾ ਕਰੇ ਜਦੋਂ ਤੱਕ ਇਹ ਸ਼ਹਿਰ ਸੰਸਦ ਅਤੇ ਸਾਡੇ ਚਾਰ ਵੱਖ ਵੱਖ ਪ੍ਰਧਾਨ ਮੰਤਰੀਆਂ ਦੇ ਵਾਅਦੇ ਮੁਤਾਬਕ ਪੰਜਾਬ ਨੁੰ ਨਹੀਂ ਦੇ ਦਿੱਤਾ ਜਾਂਦਾ।
ਅੱਜ ਦੀ ਮੀਟਿੰਗ ਦੀ ਸ਼ੁਰੂਆਤ ਪਵਿੱਤਰ ਮੂਲ ਮੰਤਰ ਨਾਲ ਹੋਈ ਜਿਸ ਮਗਰੋਂ ਹਾਲ ਹੀ ਵਿਚ ਖਤਮ ਹੋਈਆਂ ਪੰਜਾਬ ਚੋਣਾਂ ਵਿਚ ਪੰਜਾਬ ਦੇ ਲੋਕਾਂ ਦੇ ਫਤਵੇ ਅੱਗੇ ਸੀਸ ਨਿਵਾਇਆ ਗਿਆ।
ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ।
ਪਾਰਟੀ ਨੇ ਕਿਹਾ ਕਿ ਉਸਨੂੰ ਇਸ ਸਾਰੀ ਮੁਹਿੰਮ ਦੌਰਾਨ ਪਾਰਟੀ ਦੇ ਆਗੂਆਂ, ਉਮੀਦਵਾਰਾਂ ਤੇ ਵਰਕਰਾਂ ਵੱਲੋਂ ਕੀਤੀ ਅਣਥੱਕ ਮਿਹਨਤ ’ਤੇ ਮਾਣ ਹੈ।
ਇਕ ਹੋਰ ਮਤੇ ਰਾਹੀਂ ਮੀਟਿੰਗ ਨੇ ਉਹਨਾਂ ਲੱਖਾਂ ਪੰਜਾਬੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਇਸਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾ ਕੇ ਪਾਰਟੀ ’ਤੇ ਵਿਸ਼ਵਾਸ ਪ੍ਰਗਟ ਕੀਤਾ।
ਮੀਟਿੰਗ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਹਰਚਰਨ ਸਿੰਘ ਬੈਂਸ ਨੇ ਕਿਹਾ ਕਿ ਚੋਣ ਫਤਵੇ ਦਾ ਵਿਸ਼ਲੇਸ਼ਣ ਕਰਨ ਵਾਸਤੇ ਵਿਚਾਰ ਵਟਾਂਦਰਾ ਕੱਲ੍ਹ ਹੋਵੇਗਾ ਜਦੋਂ ਸੀਨੀਅਰ ਆਗੂ ਪਾਰਟੀ ਦੇ ਮੁੱਖ ਦਫਤਰ ਵਿਚ ਪਾਰਟੀ ਪ੍ਰਧਾਨ ਨਾਲ ਚੋਣ ਨਤੀਜਿਆਂ ਬਾਰੇ ਵਿਸਥਾਰ ਵਿਚ ਵਿਚਾਰ ਵਟਾਂਦਰਾ ਕਰਨਗੇ। ਉਹਨਾਂ ਕਿਹਾ ਕਿ ਇਸ ਮਗਰੋਂ ਆਉਂਦੇ ਦਿਨਾਂ ਵਿਚ ਹੋਰ ਸੀਨੀਅਰ ਆਗੂਆਂ ਦੀਆਂ ਮੀਟਿੰਗਾਂ ਹੋਣਗੀਆਂ ਤੇ ਪਾਰਟੀ ਪ੍ਰਧਾਨ ਵੱਲੋਂ ਕੱਲ੍ਹ ਚੋਣਾਂ ਦੇ ਨਤੀਜਿਆਂ ਬਾਰੇ ਸੀਨੀਅਰ ਆਗੂਆਂ ਨਾਲ ਘੋਖ ਕੀਤੀ ਜਾਵੇਗੀ।
ਇਸ ਮੀਟਿੰਗ ਮਗਰੋਂ 16 ਮਾਰਚ ਨੁੰ ਦੁਪਹਿਰ ਬਾਅਦ 2.00 ਵਜੇ ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਹੋਵੇਗੀ। ਇਹਨਾਂ ਚੋਣਾਂ ਵਿਚ ਪਾਰਟੀ ਦੇ ਉਮੀਦਵਾਰਾਂ ਨਾਲ ਪਾਰਟੀ ਪ੍ਰਧਾਨ ਦੀ ਮੀਟਿੰਗ 17 ਮਾਰਚ ਨੁੰ ਦੁਪਹਿਰ ਬਾਅਦ 2.00 ਵਜੇ ਹੋਵੇਗੀ।
ਇਸ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਉਮੀਦਵਾਰਾਂ ਨੁੰ ਆਖਿਆ ਕਿ ਉਹ ਚੰਡੀਗੜ੍ਹ ਦੀ ਮੀਟਿੰਗ ਤੋਂ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਵਾਸਤੇ ਹਲਕਿਆਂ ਵਿਚ ਮੀਟਿੰਗਾਂ ਕਰਨੀਆਂ ਸ਼ੁਰੂ ਕਰਨ।
ਅੱਜ ਪਾਸ ਕੀਤੇ ਮਤੇ :
ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਇਹ ਇਕੱਤਰਤਾ ਪੰਜਾਬ ਵਿਚ ਹੁਣੇ ਹੋਈਆਂ ਚੋਣਾਂ ਵਿਚ ਪੰਜਾਬੀਆਂ ਵੱਲੋਂ ਦਿੱਤੇ ਫਤਵੇ ਅੱਗੇ ਪੂਰੀ ਨਿਮਰਤਾ ਨਾਲ ਸੀਸ ਨਿਵਾਉਂਦੀ ਹੈ ਅਤੇ ਇਸ ਫਤਵੇ ਨੂੰ ਸੱਚੇ ਮਨੋਂ ਸਵੀਕਾਰ ਕਰਦੀ ਹੈ।
ਇਹ ਇਕੱਤਰਤਾ ਪਾਰਟੀ ਦੇ ਸਮੂਹ ਲੀਡਰ ਸਾਹਿਬਾਨ, ਉਮੀਦਵਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਵੱਲੋਂ ਦਿਨ ਰਾਤ ਇਕ ਕੀਤੀ ਸਿਰਤੋੜ ਮਿਹਨਤ ਅਤੇ ਇਹਨਾਂ ਵੱਲੋਂ ਵਿਖਾਏ ਪੰਥਕ ਜ਼ਜ਼ਬੇ ਦੀ ਭਰਪੂਰ ਪ੍ਰਸ਼ੰਸਾ ਕਰਦੀ ਹੈ ਅਤੇ ਉਹਨਾਂ ’ਤੇ ਫਖ਼ਰ ਮਹਿਸੂਸ ਕਰਦੀ ਹੈ।
ਇਹ ਇਕੱਤਰਤਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਨੂੰ ਦਿੱਤੀ ਜਾ ਰਹੀ ਮਜ਼ਬੂਤ, ਸਪਸ਼ਟ ਅਤੇ ਦੂਰਅੰਦੇਸ਼ੀ ਅਗਵਾਈ ਦੀ ਭਰਪੂਰ ਪ੍ਰਸੰਸਾ ਕਰਦੀ ਹੈ।
ਇਹ ਇਕੱਤਰਤਾ ਉਹਨਾਂ ਦੀ ਅਗਵਾਈ ਵਿਚ ਭਰਪੂਰ ਵਿਸ਼ਵਾਸ ਦਾ ਪ੍ਰਗਟਾਵਾ ਕਰਦੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮਹਾਨ ਪੰਥਕ ਰਵਾਇਤਾਂ ਅਤੇ ਕਦਰਾਂ ਕੀਮਤਾਂ ’ਤੇ ਪਹਿਰਾ ਦਿੰਦੇ ਹੋਏ ਜਿਸ ਜ਼ਜ਼ਬੇ ਨਾਲ ਪਾਰਟੀ ਦੀ ਅਗਵਾਈ ਕਰ ਰਹੇ ਹਨ, ਇਹ ਇਕੱਤਰਤਾ ਉਸ ’ਤੇ ਫਖ਼ਰ ਮਹਿਸੂੁਸ ਕਰਦੀ ਹੈ।
ਪਾਰਟੀ ਉਹਨਾਂ ਲੱਖਾਂ ਪੰਜਾਬੀਆਂ, ਪੰਥ ਦਰਦੀਆਂ ਦਾ ਦਿਲੋਂ ਧੰਨਵਾਦੀ ਕਰਦੀ ਹੈ ਜਿਹਨਾਂ ਨੇ ਪਾਰਟੀ ਵਿਚ ਭਰਪੂਰ ਵਿਸ਼ਵਾਸ ਪ੍ਰਗਟ ਕਰ ਕੇ ਵੋਟਾਂ ਪਾਈਆਂ। ਪਾਰਟੀ ਅੱਗੇ ਵੀ ਉਹਨਾਂ ਦੀਆਂ ਆਸਾਂ ਉਮੀਦਾਂ ’ਤੇ ਪੂਰਾ ਉਤਰਣ ਲਈ ਸੱਚੇ ਮਨੋਂ ਯਤਨਸ਼ੀਲ ਰਹੇਗੀ।