ਮਹਿਤਪੁਰ/20 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਦੀ ਖੰਡ ਮਿਲ ਵਿਚੋਂ ਨਿਕਲੀ ਉਦਯੋਗਿਕ ਰਹਿੰਦ ਖੂੰਹਦ ਨੂੰ ਬਿਆਸ ਦਰਿਆ ਵਿਚ ਛੱਡਣ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ।
ਇੱਥੇ ਨਕੋਦਰ ਟਰੱਕ ਯੂਨੀਅਨ ਤੋਂ ਇਲਾਵਾ ਅਵਾਨ ਖਾਲਸਾ, ਭਗੇਲਾ, ਉਮਰੇਵਾਲ ਬਿੱਲੇ, ਹਰੀਪੁਰ, ਸਾਂਗੋਵਾਲ, ਝੁੱਗੀਆਂ ਅਤੇ ਅਦਰਾਮਨ ਪਿੰਡਾਂ ਵਿਚ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਹਜ਼ਾਰਾਂ ਮੱਛੀਆਂ ਨੂੰ ਮਾਰਨ ਵਾਲੀ ਇਸ ਘਟਨਾ ਮਗਰੋਂ ਅਜੇ ਤਕ ਵੀ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਖੰਡ ਮਿਲ ਵੱਲੋਂ ਜਾਣ ਬੁੱਝ ਕੇ ਉਦਯੋਗਿਕ ਰਹਿੰਦ ਖੂੰਹਦ ਨੂੰ ਬਾਹਰ ਕੱਢਣਾ ਇੱਕ ਅਪਰਾਧਿਕ ਕਾਰਵਾਈ ਦੇ ਬਰਾਬਰ ਹੈ ਅਤੇ ਇਸ ਨੂੰ ਅਪਰਾਧ ਵਜੋਂ ਨਜਿੱਠਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖੰਡ ਮਿਲ ਦੀ ਇਸ ਕਾਰਵਾਈ ਨੇ ਸਿਰਫ ਵਾਤਾਵਰਣ ਨੂੰ ਹੀ ਖਰਾਬ ਨਹੀਂ ਕੀਤਾ, ਸਗੋਂ ਇਸ ਨਾਲ ਮਾਲਵਾ ਖੇਤਰ ਦੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਵੀ ਮਾੜਾ ਪ੍ਰਭਾਵ ਪਵੇਗਾ, ਜਿਹੜੀਆਂ ਕਿ ਪਹਿਲਾਂ ਹੀ ਦਰਿਆਵਾਂ ਵਿਚ ਉਦਯੋਗਿਕ ਰਹਿੰਦ ਖੂੰਹਦ ਛੱਡੇ ਜਾਣ ਕਰਕੇ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਹਨ। ਉਹਨਾਂ ਕੇਂਦਰੀ ਵਾਤਾਵਰਣ ਮੰਤਰਾਲੇ ਨੂੰ ਇਸ ਮਾਮਲੇ ਵਿਚ ਦਖ਼ਲ ਦੇ ਸਰਨਾ ਪਰਿਵਾਰ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ, ਕਿਉਂਕਿ ਮੁੱਖ ਮੰਤਰੀ ਸੂਬੇ ਅਤੇ ਲੋਕਾਂ ਦੀ ਭਲਾਈ ਨੂੰ ਪਾਸੇ ਕਰਕੇ ਆਪਣੇ ਖਾਸ ਮਿੱਤਰ ਨੂੰ ਖੁਸ਼ ਕਰਨ ਦੇ ਰੌਂਅ ਵਿਚ ਜਾਪਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਵਰਕਰਾਂ ਨੂੰ ਡਰਾਉਣ ਅਤੇ ਧਮਕਾਉਣ ਲਈ ਚੋਣ ਕਮਿਸ਼ਨ ਨੂੰ
ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਖਿਲਾਫ ਕਾਰਵਾਈ ਕਰਨ ਦੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਕੱਲ• ਉਹਨਾਂ ਨੂੰ ਪਿੰਡ ਪੱਸਰੀਆਂ ਵਿਚ ਦੁਪਹਿਰ ਦੇ ਖਾਣੇ ਉੱਤੇ ਸੱਦਣ ਵਾਲੇ ਇਕ ਅਕਾਲੀ ਵਰਕਰ ਨੂੰ ਧਮਕਾਇਆ ਗਿਆ ਕਿ ਪੰਜਾਬ ਪੁਲਿਸ ਵਿਚ ਕੰਮ ਕਰਦੇ ਉਸ ਦੇ ਬੇਟੇ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕੈਮਿਸਟਾਂ, ਮਿਠਾਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਅਤੇ ਕਾਰੋਬਾਰੀਆਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਉਹਨਾਂ ਅਕਾਲੀ ਦਲ ਦਾ ਸਮਰਥਨ ਕੀਤਾ ਤਾਂ ਉਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ। ਹਲਕੇ ਵਿਚ ਸੀਨੀਅਰ ਆਬਜ਼ਰਬਰਾਂ ਦੀ ਤਾਇਨਾਤੀ ਦੀ ਮੰਗ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਕਿ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਹਲਕੇ ਅੰਦਰ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣ।
ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਲੋਕਾਂ ਨੂੰ ਹਰਦੇਵ ਲਾਡੀ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਲਾਡੀ ਇੰਨੀ ਜ਼ਿਆਦਾ ਗੈਰ ਕਾਨੂੰਨੀ ਮਾਈਨਿੰਗ ਕਰਨੀ ਸ਼ੁਰੂ ਕਰ ਦੇਵੇਗਾ ਕਿ ਇਸ ਨਾਲ ਦਰਿਆ ਦਾ ਰੁਖ ਹੀ ਬਦਲ ਜਾਵੇਗਾ, ਜਿਸ ਨਾਲ ਬਾਰਿਸ਼ ਦੇ ਮੌਸਮ ਵਿਚ ਭਾਰੀ ਤਬਾਹੀ ਹੋਇਆ ਕਰੇਗੀ। ਉਹਨਾਂ ਇਹ ਵੀ ਦੱਸਿਆ ਕਿ ਕਿਸ ਤਰ•ਾਂ ਲਾਡੀ ਨੇ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਹਨ ਅਤੇ ਇੱਕ ਵਾਰੀ ਕਾਰ ਅੱਗੇ ਲੰਘਾਉਣ ਕਰਕੇ ਇੱਕ ਵਿਅਕਤੀ ਦੀ ਉਸ ਨੇ ਕੁੱਟਮਾਰ ਕੀਤੀ ਸੀ।
ਇਸ ਮੌਕੇ ਉੱਤੇ ਬੋਲਦਿਆਂ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੇ ਉਹਨਾਂ ਦੇ ਪਿਤਾ ਜੀ ਵੱਲੋਂ ਇਸ ਹਲਕੇ ਵਿਚ ਕੀਤੇ ਕੰਮਾਂ ਉੱਤੇ ਚਾਨਣਾ ਪਾਇਆ ਅਤੇ ਲੋਕਾਂ ਨੂੰ ਮੁੜ ਅਕਾਲੀ ਦਲ ਵਿਚ ਭਰੋਸਾ ਪ੍ਰਗਟਾਉਣ ਦੀ ਅਪੀਲ ਕੀਤੀ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਡਾਕਟਰ ਸੁਖਵਿੰਦਰ ਸੁੱਖੀ ਵੀ ਸ਼ਾਮਿਲ ਸਨ।