ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਦੱਸੇ ਕਿ ਆਪਰੇਸ਼ਨ ਬਲਿਊ ਸਟਾਰ ਮੌਕੇ ਉਹ ਕੇਂਦਰ ਨਾਲ ਕਿਉਂ ਗੱਲਬਾਤ ਕਰ ਰਿਹਾ ਸੀ
ਵਿਧਾਨ ਸਭਾ ਨੂੰ ਗੁੰਮਰਾਹ ਕਰਨ ਲਈ ਇਹ ਕਹਿਣ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਬਹਿਬਲ ਕਲਾਂ ਗੋਲੀਬਾਰੀ ਦੇ ਪੀੜਤਾਂ ਨੂੰ ਮਿਲਣ ਨਹੀਂ ਗਏ ਸਨ, ਲਈ ਮੁੱਖ ਮੰਤਰੀ ਨੂੰ ਝਾੜ ਪਾਈ
ਚੰਡੀਗੜ•/31 ਅਗਸਤ: ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਅੱਜ ਕਿਹਾ ਕਿ ਪਾਰਟੀ ਕਾਂਗਰਸ ਵੱਲੋਂ ਗਰਮਖ਼ਿਆਲੀ ਗੁੱਟਾਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਦੁਆਰਾ ਸਿੱਖ ਪੰਥ ਅਤੇ ਪੰਜਾਬ ਲਈ ਪਾਏ ਯੋਗਦਾਨ ਨੂੰ ਛੁਟਿਆਉਣ ਲਈ ਰਚੀ ਸਾਜ਼ਿਸ਼ ਵਿਰੁੱਧ ਇੱਕਜੁੱਟਤਾ ਨਾਲ ਲੜੇਗੀ।
ਸਭ ਤੋਂ ਲੰਬਾ ਸਮਾਂ ਵਿਧਾਇਕ ਅਤੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਬਾਦਲ ਦੇ ਅਕਸ ਨੂੰ ਖਰਾਬ ਕਰਨ ਦੀਆਂ ਤਾਜ਼ੀਆਂ ਕੋਸ਼ਿਸ਼ਾਂ ਬਾਰੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂਆਂ ਸਰਦਾਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ ਅਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਖ ਪੰਥ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਖ਼ਿਲਾਫ ਵੈਰ-ਭਾਵਨਾ ਅਤੇ ਕੂੜ-ਪ੍ਰਚਾਰ ਵਾਲੀ ਮੁਹਿੰਮ ਚਲਾ ਕੇ ਆਪਣੀ ਪਾੜੋ ਤੇ ਰਾਜ ਕਰੋ ਦੀ ਪੁਰਾਣੀ ਨੀਤੀ ਤਹਿਤ ਸਿੱਖਾਂ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਸੇਵਾ ਵਾਸਤੇ 16 ਵਾਰ ਜੇਲ• ਜਾ ਚੁੱਕੀ ਇੱਕ ਅਜਿਹੀ ਉੱਚੀ ਸਖ਼ਸ਼ੀਅਤ ਉੱਤੇ ਉਂਗਲੀ ਉਠਾਉਣ ਦੀ ਬਜਾਇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਆਪਰੇਸ਼ਨ ਬਲਿਊ ਸਟਾਰ ਮੌਕੇ ਉਹ ਕੇਂਦਰ ਨਾਲ ਕਿਉਂ ਗੱਲਬਾਤ ਕਰ ਰਿਹਾ ਸੀ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਸਰਦਾਰ ਬਾਦਲ ਉਸ ਦੇ ਜਾਲ ਵਿਚ ਨਹੀਂ ਸੀ ਆਏ ਅਤੇ ਉਹ ਉਸ ਨਾਲ ਦਿੱਲੀ ਨਹੀਂ ਸੀ ਗਏ।
ਸੀਨੀਅਰ ਆਗੂਆਂ ਨੇ ਕਿਹਾ ਕਿ ਇਹ ਗੱਲ ਰਿਕਾਰਡ ਉੱਤੇ ਪਈ ਹੈ ਕਿ ਇਥੋਂ ਤਕ ਕਿ ਪੱਖਪਾਤੀ ਅਤੇ ਸਿਆਸੀ ਤੌਰ ਤੇ ਪ੍ਰੇਰਿਤ ਰਣਜੀਤ ਸਿੰਘ ਕਮਿਸ਼ਨ, ਜਿਸ ਨੂੰ ਅਕਾਲੀ ਦਲ ਵੱਲੋਂ ਰੱਦ ਕੀਤਾ ਜਾ ਚੁੱਕਿਆ ਹੈ, ਆਪਣੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਰਦਾਰ ਬਾਦਲ ਨੂੰ ਦੋਸ਼ੀ ਨਹੀਂ ਠਹਿਰਾ ਸਕਿਆ। ਉਹਨਾਂ ਕਿਹਾ ਕਿ ਸੇਵਾਮੁਕਤ ਜੱਜ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਸੂਬੇ ਦੀ ਪੁਲਿਸ ਨੇ ਉਸ ਨੂੰ ਜਾਣਕਾਰੀ ਦਿੱਤੀ ਹੈ ਕਿ ਸਰਦਾਰ ਬਾਦਲ ਨੇ ਇਹ ਨਿਰਦੇਸ਼ ਦਿੱਤੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਗਰੋਂ ਦੀ ਸਥਿਤੀ ਅਤੇ ਨਤੀਜੇ ਵਜੋਂ ਹੋ ਰਹੇ ਰੋਸ ਪ੍ਰਦਰਸ਼ਨਾਂ ਨਾਲ ਪੂਰੀ ਸੰਵੇਦਨਸ਼ੀਲਤਾ ਨਾਲ ਨਜਿੱਠਿਆ ਜਾਵੇ ਅਤੇ ਬੇਅਦਬੀ ਲਈ ਜ਼ਿੰਮੇਵਾਰ ਕੋਈ ਵੀ ਵਿਅਕਤੀ ਬਚਣਾ ਨਹੀਂ ਚਾਹੀਦਾ।
ਸਰਦਾਰ ਢੀਂਡਸਾ ਅਤੇ ਸਰਦਾਰ ਭੂੰਦੜ ਨੇ ਕਿਹਾ ਕਿ ਅਸੀਂ ਇਹ ਗੱਲ ਸਾਹਮਣੇ ਰੱਖਣਾ ਚਾਹੁੰਦੇ ਹਾਂ ਕਿ ਕੋਟਕਪੂਰਾ ਧਰਨਾ ਸ਼ਾਂਤਮਈ ਢੰਗ ਨਾਲ ਚੁੱਕਿਆ ਗਿਆ ਸੀ, ਪਰੰਤੂ ਬਾਅਦ ਵਿਚ ਬਹਿਬਲ ਕਲਾਂ ਪਿੰਡ ਵਿਚ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਗਈ, ਜਿਸ ਵਿਚ ਦੋ ਨੌਜਵਾਨਾਂ ਦੀਆਂ ਕੀਮਤੀ ਜ਼ਿੰਦਗੀਆਂ ਚਲੀਆਂ ਗਈਆਂ। ਉਸ ਕੇਸ ਵਿਚ ਅਕਾਲੀ-ਭਾਜਪਾ ਵੱਲੋਂ ਦਰਜ ਕੀਤੀ ਐਫਆਈਆਰ ਵਿਚ 10 ਪੁਲਿਸ ਅਧਿਕਾਰੀਆਂ ਦੇ ਨਾਂ ਸ਼ਾਮਿਲ ਸਨ। ਪਰੰਤੂ ਹੁਣ 6 ਪੁਲਿਸ ਅਧਿਕਾਰੀਆਂ ਨੂੰ ਛੱਡ ਦਿੱਤਾ ਗਿਆ ਹੈ, ਜਿਹਨਾਂ ਵਿੱਚ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਆਗੂਆਂ ਨਾਲ ਸੰਬੰਧ ਰੱਖਣ ਵਾਲੇ ਵੀ ਸ਼ਾਮਿਲ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਨੂੰ ਗੁੰਮਰਾਹ ਕਰਨ ਲਈ ਇਹ ਕਿਹਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਹਿਬਲ ਕਲਾਂ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਨਹੀਂ ਸਨ ਗਏ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨਾ ਸਿਰਫ ਦੋਵਾਂ ਪੀੜਤ ਪਰਿਵਾਰਾਂ ਨੂੰ ਮਿਲੇ ਸਨ, ਸਗੋਂ ਉਹਨਾਂ ਨੂੰ ਮਾਲੀ ਇਮਦਾਦ ਤੋਂ ਇਲਾਵਾ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਸਨ।
ਜਥੇਦਾਰ ਤੋਤਾ ਸਿੰਘ ਅਤੇ ਸੇਵਾ ਸਿੰਘ ਸੇਖਵਾਂ ਨੇ ਕਾਂਗਰਸ ਪਾਰਟੀ ਦੀ ਗਰਮਖ਼ਿਆਲੀ ਗੁੱਟਾਂ ਅਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਝੂਠੇ ਪ੍ਰਦਰਸ਼ਨਾਂ ਰਾਹੀਂ ਅਕਾਲੀ ਆਗੂਆਂ ਉੱਤੇ ਹਮਲੇ ਕਰਵਾਉਣ ਦੀ ਸਾਜ਼ਿਸ਼ ਰਚਣ ਲਈ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਸੀਂ ਕੱਲ• ਤੋਂ 117 ਵਿਧਾਨ ਸਭਾ ਹਲਕਿਆਂ ਵਿਚ ਰਾਜ ਪੱਧਰੀ ਮੁਜ਼ਾਹਰੇ ਸ਼ੁਰੂ ਕਰਕੇ ਇਸ ਚੁਣੌਤੀ ਦਾ ਜੁਆਬ ਦਿਆਂਗੇ। ਇਸ ਤੋਂ ਇਲਾਵਾ 9 ਸਤੰਬਰ ਨੂੰ ਅਬੋਹਰ ਵਿਖੇ ਪੋਲ ਖੋਲ• ਰੈਲੀ ਕੀਤੀ ਜਾਵੇਗੀ।
ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਮਾਮਲਾ ਰਾਜ ਦੀ ਪੁਲਿਸ ਨੂੰ ਸੌਂਪਣ ਦਾ ਫੈਸਲਾ ਕਰਕੇ ਕਾਂਗਰਸ ਸਰਕਾਰ ਵੀ ਰਣਜੀਤ ਕਮਿਸ਼ਨ ਰਿਪੋਰਟ ਰੱਦ ਕਰ ਚੁੱਕੀ ਹੈ, ਜਿਸ ਨੇ ਇਹ ਸਿਫਾਰਿਸ਼ ਕੀਤੀ ਸੀ ਕਿ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿੱਥੋਂ ਤਕ ਅਕਾਲੀ ਦਲ ਦਾ ਸੰਬੰਧ ਹੈ, ਇਹ ਆਪਣੇ ਇਸ ਸਟੈਂਡ ਉੱਤੇ ਕਾਇਮ ਹੈ ਕਿ ਬੇਅਦਬੀ ਦੇ ਸਾਰੇ ਕੇਸਾਂ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ।
ਅਕਾਲੀ ਆਗੂਆਂ ਨੇ ਇਹ ਵੀ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਚਾਰ ਕਾਂਗਰਸੀ ਆਗੂਆਂ ਨੇ ਨਾਂ ਲੈਂਦਿਆਂ ਇਹ ਕਿਹਾ ਸੀ ਕਿ 1984 ਕਤਲੇਆਮ ਤੋਂ ਤੁਰੰਤ ਬਾਅਦ ਜਦੋਂ ਉਹ ਰਾਹਤ ਕੈਪਾਂ ਵਿਚ ਗਏ ਸੀ ਤਾਂ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਚਾਰੇ ਕਾਂਗਰਸੀ ਸਿੱਖਾਂ ਦੇ ਕਤਲੇਆਮ ਲਈ ਸਿੱਧੇ ਤੌਰ ਤੇ ਜ਼ਿੰੰਮੇਵਾਰ ਸਨ। ਉਹਨਾਂ ਕਿਹਾ ਕਿ ਹੁਣ ਉਸ ਨੇ ਇਹ ਖੁਲਾਸਾ ਕੀਤਾ ਹੈ ਤਾਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਉੱਤੇ ਇਸ ਕੇਸ ਦੀ ਜਾਂਚ ਕਰ ਰਹੀ ਸਿਟ ਅੱਗੇ ਕੈਪਟਨ ਅਮਰਿੰਦਰ ਸਿੰਘ ਨੂੰ ਬਤੌਰ ਗਵਾਹ ਪੇਸ਼ ਹੋਣਾ ਚਾਹੀਦਾ ਹੈ।
ਸੀਨੀਅਰ ਅਕਾਲੀ ਆਗੂਆਂ ਨੇ ਕਾਂਗਰਸ ਪਾਰਟੀ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਇਸ ਦੀਆਂ ਸਿੱਖ-ਦੋਖੀ ਨੀਤੀਆਂ ਕਰਕੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਸੀ ਅਤੇ 1984 ਵਿਚ ਦਿੱਲੀ ਅੰਦਰ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਹੋਇਆ ਸੀ। ਉਹਨਾਂ ਨੇ ਕਾਂਗਰਸ ਪਾਰਟੀ ਨੂੰ ਦੁਬਾਰਾ ਤੋਂ ਫੁੱਟ-ਪਾਊ ਤਾਕਤਾਂ ਨੂੰ ਹੱਲਾਸ਼ੇਰੀ ਦੇਣ ਤੋਂ ਵਰਜਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਵਿਚ ਮੁਸ਼ਕਿਲ ਨਾਲ ਹਾਸਿਲ ਕੀਤੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਕਿਸੇ ਵੀ ਕੀਮਤ ਉੱਤੇ ਭੰਗ ਨਹੀਂ ਕਰਨ ਦੇਵੇਗਾ।