ਕਿਹਾ ਕਿ ਉਹ ਇਸ ਅਪਮਾਨ ਨੂੰ ਕਦੇ ਨਹੀਂ ਭੁੱਲਣਗੇ
ਸ਼ਾਹਕੋਟ/25 ਮਈ:ਸ਼੍ਰੋਮਣੀ ਅਕਾਲੀ ਦਲ ਦੇ ਕੰਬੋਜ ਭਾਈਚਾਰੇ ਨਾਲ ਸੰਬੰਧਿਤ ਸੀਨੀਅਰ ਆਗੂਆਂ ਨੇ ਅੱਜ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਕੰਬੋਜ ਦੀ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਭਾਈਚਾਰੇ ਨੂੰ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਪੂਰੀ ਤਰ•ਾਂ ਤਿਆਗ ਦੇਣ ਕਿਉਂਕਿ ਇਸ ਪਾਰਟੀ ਦੀ ਸਰਕਾਰ ਪਛੜੇ ਵਰਗਾਂ ਦੀ ਭਲਾਈ ਲਈ ਕੁੱਝ ਵੀ ਨਹੀਂ ਕਰ ਰਹੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਡਾਕਟਰ ਉਪਿੰਦਰਜੀਤ ਕੌਰ, ਕਰਨਲ (ਸੇਵਾਮੁਕਤ) ਸੀਡੀ ਸਿੰਘ ਕੰਬੋਜ ਅਤੇ ਜਰਨੈਲ ਸਿੰਘ ਕਰਤਾਰਪੁਰ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ਕਿੰਨੇ ਹੀ ਵਾਰ ਕੰਬੋਜ ਭਾਈਚਾਰੇ ਬਾਰੇ ਅਪਮਾਨਜਨਕ ਟਿੱਪਣੀਆਂ ਕਰ ਚੁੱਕਿਆ ਹੈ। ਆਗੂਆਂ ਨੇ ਕਿਹਾ ਕਿ ਉਹਨਾਂ ਦਾ ਭਾਈਚਾਰਾ ਇਸ ਅਪਮਾਨ ਨੂੰ ਕਦੇ ਨਹੀਂ ਭੁੱਲੇਗਾ ਅਤੇ 28 ਮਈ ਨੂੰ ਲਾਡੀ ਨੂੰ ਕਰਾਰਾ ਸਬਕ ਸਿਖਾਏਗਾ।
ਡਾਕਟਰ ਉਪਿੰਦਰਜੀਤ ਕੌਰ ਨੇ ਕਿਹਾ ਕਿ ਲਾਲੀ ਆਪਣੀ ਮਾੜੀਆਂ ਗਤੀਵਿਧੀਆਂ ਕਰਕੇ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਉਸ ਸਟਿੰਗ ਆਪਰੇਸ਼ਨ ਨੂੰ ਸਾਰੇ ਲੋਕ ਵੇਖ ਚੁੱਕੇ ਹਨ, ਜਿਸ ਵਿਚ ਲਾਡੀ ਫਿਰੌਤੀਆਂ ਮੰਗਦਾ ਨਜ਼ਰ ਆ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਗੈਰ ਕਾਨੂੰਨੀ ਮਾਈਨਿੰਗ ਕਰਨ ਲਈ ਵੀ ਬਦਨਾਮ ਹੈ ਅਤੇ ਇਸ ਸੰਬੰਧੀ ਉਸ ਖਿਲਾਫ ਇੱਕ ਪਰਚਾ ਵੀ ਦਰਜ ਹੋ ਚੁੱਕਿਆ ਹੈ। ਹੁਣ ਇੱਕ ਨਵਾਂ ਸਬੂਤ ਸਾਹਮਣੇ ਆਇਆ ਹੈ ਕਿ ਲਾਡੀ ਕੰਬੋਜ ਭਾਈਚਾਰੇ ਅਤੇ ਦੂਜੇ ਪਛੜੇ ਵਰਗਾਂ ਦਾ ਬਿਲਕੁੱਲ ਵੀ ਸਤਿਕਾਰ ਨਹੀਂ ਕਰਦਾ ਹੈ।
ਕਰਨਲ (ਸੇਵਾਮੁਕਤ) ਸੀਡੀ ਸਿੰਘ ਕੰਬੋਜ ਨੇ ਕਿਹਾ ਕਿ ਕਾਂਗਰਸ ਪਾਰਟੀ ਮੰਤਰੀ ਮੰਡਲ ਵਿਚ ਪਛੜੇ ਵਰਗਾਂ ਨੂੰ ਇੱਕ ਵੀ ਨੁੰਮਾਇਦਗੀ ਨਾ ਦੇ ਕੇ ਪਹਿਲਾਂ ਹੀ ਉਹਨਾਂ ਨਾਲ ਵਿਤਕਰਾ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਅਜਿਹੇ ਵਤੀਰੇ ਕਰਕੇ ਹੀ ਹਰਦੇਵ ਲਾਡੀ ਕੰਬੋਜ ਭਾਈਚਾਰੇ ਦੇ ਮੈਂਬਰਾਂ ਦਾ ਅਪਮਾਨ ਕਰਨਾ ਆਪਣਾ ਅਧਿਕਾਰ ਸਮਝਦਾ ਹੈ। ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਪਛੜੇ ਵਰਗਾਂ ਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ 200 ਯੂਨਿਟ ਮੁਫਤ ਬਿਜਲੀ ਸਮੇਤ ਦਿੱਤੀਆਂ ਸਾਰੀਆਂ ਸਹੂਲਤਾਂ ਵਾਪਸ ਖੋਹ ਕੇ ਉਹਨਾਂ ਨਾਲ ਵਿਤਕਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਆਟਾ ਦਾਲ ਸਕੀਮ ਅਤੇ ਬੁਢਾਪਾ ਪੈਨਸ਼ਨ ਬੰਦ ਹੋਣ ਨਾਲ ਵੀ ਇਸ ਭਾਈਚਾਰੇ ਨੂੰ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਕੰਬੋਜ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਮਾਜ ਦੇ ਹਰ ਵਰਗ ਨੂੰ ਧੋਖਾ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਕਿਸਾਨਾਂ ਦੇ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਤੋਂ ਮੁਕਰਨ ਕਰਕੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰ•ਾਂ ਨੌਜਵਾਨਾਂ ਨੂੰ ਨਾ ਨੌਕਰੀਆਂ ਮਿਲੀਆਂ ਹਨ ਅਤੇ ਨਾ ਹੀ ਬੇਰੁਜ਼ਗਾਰੀ ਭੱਤਾ। ਇੱਥੋਂ ਤਕ ਕਿ ਸਮਾਜ ਭਲਾਈ ਸਕੀਮਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਦਿੱਤੇ ਜਾਣਾ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸ਼ਾਹਕੋਟ ਦੀ ਚੋਣ ਹਾਰ ਗਈ ਤਾਂ ਇਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਹੋ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ,ਜਰਨੈਲ ਸਿੰਘ ਕਰਤਾਰਪੁਰ, ਸੁਰਜੀਤ ਸਿੰਘ,ਸੁਰਜੀਤ ਸਿੰਘ ਲੋਹੀਆਂ, ਸਵਰਨ ਸਿੰਘ, ਰਵੀਪਾਲ ਸਿੰਘ ਬੀਬੀ ਗੁਰਪ੍ਰੀਤ ਕੌਰ, ਗਿਆਨ ਸਿੰਘ ਜੋਕੋਪੁਰ,ਕੰਵਲ ਸਿੰਘ ਸੋਢੀ, ਕਸ਼ਮੀਰ ਸਿੰਘ ਕਿੱਲੀ, ਜਸਵਿੰਦਰ ਸਿੰਘ ਲੋਹੀਆਂ, ਜਥੇਦਾਰ ਸਾਧੂ ਸਿੰਘ, ਜਰਨੈਲ ਸਿੰਘ, ਬੀਬੀ ਜਸਵਿੰਦਰ ਕੌਰ, ਅਜੀਤ ਸਿੰਘ ਠੇਕੇਦਾਰ, ਅਮਰਜੀਤ ਸਿੰਘ,ਵਿਜੇਪਾਲ ਸਿੰਘ, ਮੇਹਰ ਸਿੰਘ,ਕਰਨਵੀਰ ਸਿੰਘ, ਸੁਰਤਾ ਸਿੰਘ, ਸਰਵਨ ਸਿੰਘ, ਕੁਲਵੰਤ ਸਿੰਘ, ਬਲਵੰਤ ਸਿੰਘ, ਓਮਪ੍ਰਕਾਸ਼,ਪ੍ਰੇਮ ਸਿੰਘ, ਭੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਲੋਕਾਂ ਨੂੰ ਅਕਾਲੀ ਦਲ ਦੇ ਉਮੀਦਵਾਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ।