ਡਾਕਟਰ ਚੀਮਾ ਨੇ ਸੂਬੇ ਅਤੇ ਦੇਸ਼ ਦਾ ਨਾਂ ਉੱਚਾ ਕਰਨ ਲਈ ਪਹਿਲਵਾਨ ਨੂੰ ਦੋ ਲੱਖ ਰੁਪਏ ਦਾ ਚੈੱਕ ਸੌਂਪਿਆ
ਚੰਡੀਗੜ•/25 ਜੂਨ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਰਾਸ਼ਟਰਮੰਡਲ ਖੇਡਾਂ ਵਿਚ ਦੋ ਵਾਰ ਸੋਨੇ ਦਾ ਤਗਮਾ ਜਿੱਤਣ ਵਾਲੇ ਨਾਮੀ ਪਹਿਲਵਾਨ ਹਰਪ੍ਰੀਤ ਸਿੰਘ ਸੰਧੂ ਦਾ ਸਨਮਾਨ ਕਰਨ ਦੇ ਕੀਤੇ ਐਲਾਨ ਮੁਤਾਬਿਕ ਅੱਜ ਪਾਰਟੀ ਵੱਲੋਂ ਮੁੱਖ ਪਾਰਟੀ ਦਫ਼ਤਰ ਚੰਡੀਗੜ• ਵਿਖੇ ਉਹਨਾਂ ਨੂੰ ਦੋ ਲੱਖ ਰੁਪਏ ਦਾ ਚੈਕ ਦੇ ਦਿੱਤਾ ਗਿਆ ਹੈ।
ਪਾਰਟੀ ਪ੍ਰਧਾਨ ਦੀ ਤਰਫੋਂ ਪਹਿਲਵਾਨ ਸੰਧੂ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਵਿਖਾ ਕੇ ਸੂਬੇ ਅਤੇ ਦੇਸ਼ ਦਾ ਗੌਰਵ ਵਧਾਉਣ ਵਾਲੇ ਖਿਡਾਰੀਆਂ ਦਾ ਹਮੇਸ਼ਾਂ ਹੀ ਸਨਮਾਨ ਕੀਤਾ ਹੈ ਅਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਹੈ। ਉਹਨਾਂ ਕਿਹਾ ਕਿ ਹਰਪ੍ਰੀਤ ਸੰਧੂ ਰਾਸ਼ਟਰ ਮੰਡਲ ਖੇਡਾਂ ਅਤੇ ਏਸ਼ੀਅਨ ਚੈਪੀਅਨਸ਼ਿਪ ਮੁਕਾਬਲਿਆਂ ਵਿਚ ਕਈ ਵਾਰ ਭਾਰਤ ਦੀ ਨੁੰਮਾਇਦਗੀ ਕਰ ਚੁੱਕੇ ਹਨ। 2016 ਅਤੇ 2017 ਵਿਚ ਉਹਨਾਂ ਨੇ ਲਗਾਤਾਰ ਗਰੀਕੋ-ਰੋਮਨ 80 ਕਿਲੋ ਕੈਟਾਗਰੀ ਵਿਚ ਦੋ ਸੋਨੇ ਦੇ ਤਗਮੇ ਜਿੱਤੇ ਸਨ। ਇੰਨਾ ਹੀ ਨਹੀਂ ਏਸ਼ੀਅਨ ਚੈਪੀਅਨਸ਼ਿਪ ਵਿਚ ਉਹ ਗਰੀਕੋ-ਰੋਮਨ 82 ਕਿਲੋ ਕੈਟਾਗਰੀ ਵਿਚ ਲਗਾਤਾਰ ਤਿੰਨ ਸਾਲ 2016, 2017 ਅਤੇ 2018 ਵਿਚ ਦੇਸ਼ ਲਈ ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ।
ਹਰਪ੍ਰੀਤ ਸੰਧੂ ਦੀ ਇੱਕ ਲਾਜਵਾਬ ਪਹਿਲਵਾਨ ਅਤੇ ਚੰਗੇ ਮਨੁੱਖ ਵਜੋਂ ਪ੍ਰਸੰਸਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਸ ਵਾਰ 18 ਅਗਸਤ ਤੋਂ 02 ਸਤੰਬਰ 2018 ਤਕ ਇੰਡੋਨੇਸ਼ੀਆ ਦੇ ਸ਼ਹਿਰਾਂ ਜਕਾਰਤਾ ਅਤੇ ਪੈਲਮਬੈਂਗ ਵਿਚ ਹੋ ਰਹੀਆਂ ਏਸ਼ੀਅਨ ਖੇਡਾਂ ਵਿਚ ਹਰਪ੍ਰੀਤ ਸੰਧੂ ਗਰੀਕੋ-ਰੋਮਨ 87 ਕਿਲੋ ਕੈਟਾਗਰੀ ਵਿਚ ਭਾਰਤ ਦੀ ਨੁੰਮਾਇਦਗੀ ਕਰਨਗੇ। ਉਹਨਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਹਰਪ੍ਰੀਤ ਸੰਧੂ ਏਸ਼ੀਅਨ ਖੇਡਾਂ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਦੇਸ਼ ਦਾ ਨਾਂ ਹੋਰ ਉੱਚਾ ਕਰਨਗੇ।
ਸੰਗਰੂਰ ਜ਼ਿਲ•ੇ ਦੇ ਪਿੰਡ ਕੜੈਲ ਨਾਲ ਸੰਬੰਧ ਰੱਖਣ ਵਾਲੇ ਹਰਪ੍ਰੀਤ ਸੰਧੂ ਨੇ ਆਪਣੀ ਕੁਸ਼ਤੀ ਦੀ ਮੁੱਢਲੀ ਸਿਖਲਾਈ ਬਾਬਾ ਫਰੀਦ ਕੁਸ਼ਤੀ ਅਖਾੜਾ ਫਰੀਦਕੋਟ ਵਿਖੇ ਲਈ ਹੈ, ਜੋ ਕਿ ਨਵਜੋਤ ਕੌਰ ਅਤੇ ਉਲੰਪੀਅਨ ਗੁਰਵਿੰਦਰ ਵਰਗੇ ਨਾਮੀ ਪਹਿਲਵਾਨ ਪੈਦਾ ਕਰਨ ਲਈ ਮਸ਼ਹੂਰ ਹੈ।
ਇਸ ਮੌਕੇ ਫਰੀਦਕੋਟ ਦੇ ਯੂਥ ਅਕਾਲੀ ਆਗੂ ਸਰਦਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਮੌਜ਼ੂਦ ਸਨ।