ਜਿਹੜੀਆਂ ਸਹੂਲਤਾਂ ਚੰਦਰਸ਼ੇਖਰ ਨੂੰ ਦਿੱਤੀਆਂ, ਉਹੀ ਸਹੂਲਤਾਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਦੇਣ ਦੇ ਮਾਮਲੇ ਵਿਚ ਜੇਲ੍ਹ ਮੰਤਰੀ ਸਤੇਂਦਰ ਜੈਨ ਦੀ ਭੂਮਿਕਾ ਦੀ ਜਾਂਚ ਜ਼ਰੂਰੀ : ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 1 ਨਵੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਹਵਾਲਾਤੀ ਸੁਕੇਸ਼ ਚੰਦਰਸ਼ੇਖਰ ਵੱਲੋਂ ਜੇਲ੍ਹ ਵਿਚ ਸੁਰੱਖਿਆ ਲਈ ਅਤੇ ਆਮ ਆਦਮੀ ਪਾਰਟੀ ਦਾ ਅਹੁਦਾ ਲੈਣ ਲਈ ਰਿਸ਼ਵਤ ਦੇਣ ਦੇ ਮਾਮਲੇ ਦੀ ਸੀ ਬੀ ਆਈ ਵੱਲੋਂ ਫੌਜਦਾਰੀ ਮੁਕੱਦਮਾ ਦਰਜ ਕਰਨ ਉਪਰੰਤ ਡੂੰਘਾਈ ਨਾਲ ਜਾਂਚ ਕੀਤੀ ਜਾਵੇ।
ਚੰਦਰਸ਼ੇਖਰ ਵੱਲੋਂ ਦਿੱਲੀ ਦੇ ਉਪ ਰਾਜਪਾਲ ਨੂੰ ਲਿਖੇ ਪੱਤਰ ’ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਜੇਲ੍ਹ ਮੰਤਰੀ ਸਤੇਂਦਰ ਜੈਨ ਨੇ ਹਵਾਲਾਤੀ ਤੋਂ ਕੱਟੜ ਇਮਾਨਦਾਰ ਆਪ ਕਨਵੀਨਰ ਵੱਲੋਂ ਇਹ ਪੈਸਾ ਪ੍ਰਾਪਤ ਕੀਤਾ ਕਿਉਂਕਿ ਸਿਰਫ ਕੇਜਰੀਵਾਲ ਹੀ ਚੰਦਰਸ਼ੇਖਰ ਨੂੰ ਪਾਰਟੀ ਦੇ ਅਹੁਦੇ ਅਤੇ ਮਸਾਜ (ਮਾਲਿਸ਼) ਸਮੇਤ ਵੀ ਆਈ ਪੀ ਟ੍ਰੀਟਮੈਂਟ ਤਿਹਾੜ ਜੇਲ੍ਹ ਵਿਚ ਉਪਲਬਧ ਕਰਵਾ ਸਕਦੇ ਹਨ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਵਾਲਾਤੀਆਂ ਤੋਂ ਫਿਰੌਤੀਆਂ ਦੀ ਰਕਮ ਲੈ ਕੇ ਭਾਰਤ ਵਿਚ ਸਿਆਸਤ ਨੂੰ ਬਹੁਤ ਹੇਠਲੇ ਪੱਧਰ ’ਤੇ ਪਹੁੰਚਾ ਦਿੱਤਾ ਹੈ ਅਤੇ ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਹਵਾਲਾਤੀ ਨੂੰ ਜੇਲ੍ਹ ਵਿਚ ਸੁਰੱਖਿਅਤ ਰਹਿਣ ਅਤੇ ਵੀ ਆਈ ਪੀ ਸਹੂਲਤਾਂ ਦਾ ਆਨੰਦ ਮਾਣਨ ਲਈ ਕਰੋੜਾਂ ਰੁਪਏ ਜੇਲ੍ਹ ਮੰਤਰੀ ਨੂੰ ਦੇਣੇ ਪਏ ਹਨ। ਉਹਨਾਂ ਕਿਹਾ ਕਿ ਇਹ ਸਭ ਦਿੱਲੀ ਦੇ ਮੁੱਖ ਮੰਤਰੀ ਦੇ ਧਿਆਨ ਹੋਣ ਤੋਂ ਬਿਨਾਂ ਸੰਭਵ ਨਹੀਂ ਹੈ ਤੇ ਇਸ ਅਪਰਾਧ ਵਿਚ ਮੁੱਖ ਮੰਤਰੀ ਦੀ ਭੂਮਿਕਾ ਦੀ ਸੀ ਬੀ ਆਈ ਵੱਲੋਂ ਜਾਂਚ ਹੋਣੀ ਚਾਹੀਦੀ ਹੈ।
ਸਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਤਿਹਾੜ ਜੇਲ੍ਹ ਵਿਚ ਸਹੂਲਤਾਂ ਦੇਣ ਦੇ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਾਂਚ ਵਿਚ ਇਹ ਸਾਹਮਣੇ ਆ ਗਿਆ ਹੈ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਤਿਹਾੜ ਜੇਲ੍ਹ ਵਿਚ ਰਚੀ ਗਈ ਸੀ। ਹੁਣ ਜਦੋਂ ਜੇਲ੍ਹ ਮੰਤਰੀ ਨੂੰ ਰਿਸ਼ਵਤ ਦੇਣ ਵਰਗੇ ਦੋਸ਼ ਸਾਹਮਣੇ ਆ ਗਏ ਹਨ ਤਾਂ ਇਹ ਜ਼ਰੂਰੀਹੈ ਕਿ ਤਿਹਾੜ ਜੇਲ੍ਹ ਵਿਚ ਗੈਂਗਸਟਰਾਂ ਨੂੰ ਸਹੂਲਤਾਂ ਦੇਣ ਦੇ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਮੀਡੀਆ ਵਿਚ ਇਹ ਵੀ ਦੋਸ਼ ਲੱਗੇ ਹਨ ਕਿ ਪੰਜਾਬ ਵਿਚ ਵੀ ਰਾਜ ਸਭਾ ਟਿਕਟਾਂ ਵੇਚੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਵੀ ਜ਼ਰੂਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੀ ਇਕ ਵੀ ਟਿਕਟ ਆਪਣੇ ਕਿਸੇ ਵਰਕਰ ਜਾਂ ਐਸ ਸੀ ਭਾਈਚਾਰੇ ਦੇ ਮੈਂਬਰ ਨੂੰ ਨਹੀਂ ਦਿੱਤੀ ਜਿਹਨਾਂ ਦੀਆਂ ਭਾਵਨਾਵਾਂ ਨੂੰ ਉਹ ਡਾ. ਬੀ ਆਰ ਅੰਬੇਦਕਰ ਦੀਆਂ ਤਸਵੀਰਾਂ ਲਾ ਕੇ ਵਰਤ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਵਿਚ ਗੈਂਗਸਟਰਾਂ ਦੀ ਵਧੀ ਹੋਈ ਗਤੀਵਿਧੀ ਤੇ ਫਿਰੌਤੀਆਂ ਵਸਲੂਣ ਦੇ ਮਾਮਲਿਆਂ ਵਿਚ ਵਾਧਾ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਗੈਂਗਸਟਰਾਂ ਨੂੰ ਜੇਲ੍ਹਾਂ ਵਿਚ ਸੁਰੱਖਿਅਤ ਠਿਕਾਣੇ ਦਿੱਤੇ ਗਏ ਹਨ ਜਿਥੋਂ ਉਹ ਆਪਣੇ ਅਪਰਾਧ ਸਿੰਡੀਕੇਟ ਚਲਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿਚ ਫਰਾਰ ਹੋਣ ਸਮੇਤ ਇਸ ਸਾਰੇ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਫਰਾਰਹੋਣ ਦੀ ਯੋਜਨਾ ਸੂਬੇ ਦੀ ਜੇਲ੍ਹ ਵਿਚ ਘੜੀ ਗਈ।
ਸਰਦਾਰ ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਆਪ ਮੰਤਰੀਆਂ ਤੇ ਵਿਧਾਇਕਾਂ ਦੇ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਵਾਧਾ ਇਹ ਸੰਕੇਤ ਦੇ ਰਿਹਾ ਹੈ ਕਿ ਹਾਈ ਕਮਾਂਡ ਆਪ ਦੀਪੰਜਾਬ ਇਕਾਈ ’ਤੇ ਕਿਵੇਂ ਫੰਡਾਂ ਵਾਸਤੇ ਦਬਾਅ ਬਣਾ ਰਹੀ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਹਾਈ ਕਮਾਂਡ ਨੇ ਹਾਲੇ ਤੱਕ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜੋ ਸ਼ਰ੍ਹੇਆਮ ਫਿਰੌਤੀਆਂ ਮੰਗ ਰਹੇ ਸਨ। ਉਹਨਾਂ ਕਿਹਾ ਕਿ ਆਪ ਦੇ ਆਗੂਆਂ ਦੀ ਰੇਤ ਮਾਇਨਿੰਗ ਵਿਚ ਵੱਡੇ ਪੱਧਰ ’ਤੇ ਸ਼ਮੂਲੀਅਤ ਹੈ ਤੇ ਇਹ ਆਗੂ ਗੈਂਗਸਟਰਾਂ ਤੇ ਗੈਰ ਸਮਾਜੀ ਤੱਤਾਂ ਦੀ ਪੁਸ਼ਤ ਪਨਾਹੀਕਰ ਰਹੇ ਹਨ ਜਿਸ ਕਾਰਨ ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ।
ਉਹਨਾਂ ਕਿਹਾ ਕਿ ਸਰਕਾਰੀ ਫੰਡ ਵੀ ਆਪ ਕੋਲੋਂ ਸੁਰੱਖਿਅਤ ਨਹੀਂ ਹਨ ਤੇ ਕਰੋੜਾਂ ਰੁਪਏ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਇਸ਼ਤਿਹਾਰਬਾਜ਼ੀ ’ਤੇ ਆਪ ਸਰਕਾਰ ਵੱਲੋਂ ਖਰਚੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਸਾਰੇ ਕੇਸਾਂ ਦੀ ਸੱਚਾਈ ਤਾਂ ਹੀ ਬਾਹਰ ਆ ਸਕਦੀ ਹੈ ਜੇਕਰ ਇਹਨਾਂ ਦੀ ਨਿਆਂਇਕ ਜਾਂਚ ਹੋਵੇ।