ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਹਮਲਾ ਨਿੰਦਣਯੋਗ ਹੈ, ਪਰ ਉਹਨਾਂ ਆਪ ਸਮਰਥਕਾਂ ਵੱਲੋਂ ਕੀਤਾ ਗਿਆ ਹੈ, ਜਿਹੜੇ ਆਪ ਵਿਧਾਇਕ ਵੱਲੋਂ ਕੀਤੀਆਂ ਜਾ ਰਹੀਆਂ ਫਿਰੌਤੀਆਂ ਖ਼ਿਲਾਫ ਪ੍ਰਦਰਸ਼ਨ ਕਰ ਰਹੇ ਹਨ
ਚੰਡੀਗੜ•/21 ਜੂਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਨੂਰਪੁਰ ਬੇਦੀ ਦੇ ਇੱਕ ਪਿੰਡ ਵਿਚ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਉੱਤੇ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਇਸ ਹਮਲੇ ਦੀ ਅਸਲੀ ਵਜ•ਾ ਲੱਭਣ ਲਈ ਇੱਕ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਹਮਲੇ ਵਾਲੀ ਥਾਂ ਮਿਲੇ ਵੀਡਿਓਗ੍ਰਾਫਿਕ ਸਬੂਤ ਇਹ ਇਸ਼ਾਰਾ ਕਰਦੇ ਹਨ ਕਿ ਇਹ ਹਮਲਾ ਉਹਨਾਂ ਆਪ ਸਮਰਥਕਾਂ ਨੇ ਕੀਤਾ ਹੈ, ਜਿਹੜੇ ਆਪ ਵਿਧਾਇਕ ਵੱਲੋਂ ਕੀਤੀਆਂ ਜਾ ਰਹੀਆਂ ਫਿਰੌਤੀਆਂ ਖ਼ਿਲਾਫ ਪ੍ਰਦਰਸ਼ਨ ਕਰ ਰਹੇ ਸਨ।
ਇਸ ਬਾਰੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸੇ ਵੀ ਚੁਣੇ ਹੋਏ ਨੁੰਮਾਇੰਦੇ ਉੱਤੇ ਹਿੰਸਕ ਹਮਲੇ ਦੀ ਘਟਨਾ ਨਿੰਦਣਯੋਗ ਹੈ, ਪਰ ਇਸ ਘਟਨਾ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਉੱਥੇ ਰੇਤ ਮਾਈਨਿੰਗ ਕਰਨ ਵਾਲੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿ ਆਪ ਵਿਧਾਇਕ ਉਹਨਾਂ ਕੋਲੋਂ ਲਗਾਤਾਰ ਫਿਰੌਤੀਆਂ ਲੈ ਰਿਹਾ ਸੀ। ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਨੇ ਵਿਧਾਇਕ ਅਤੇ ਉਸ ਦੇ ਸੁਰੱਖਿਆ ਕਰਮਚਾਰੀਆਂ ਨੂੰ ਕੁੱਟਦੇ ਸਮੇਂ ਸ਼ਰੇਆਮ ਇਹ ਦੋਸ਼ ਲਾਇਆ ਹੈ ਕਿ ਵਿਧਾਇਕ 5 ਤੋਂ 8 ਲੱਖ ਰੁਪਏ ਮੰਗ ਰਿਹਾ ਸੀ। ਇਹ ਦੋਸ਼ ਬਹੁਤ ਹੀ ਗੰਭੀਰ ਹਨ ਅਤੇ ਇਹਨਾਂ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ।
ਸਾਰੀ ਘਟਨਾ ਬਾਰੇ ਟਿੱਪਣੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਫੋਟੋਗ੍ਰਾਫਿਕ ਸਬੂਤਾਂ ਤੋਂ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਇਸ ਹਮਲੇ ਦੀ ਅਗਵਾਈ ਕਰਨ ਵਾਲਾ ਵਿਅਕਤੀ ਇੱਕ ਆਪ ਸਮਰਥਕ ਅਤੇ ਆਪ ਵਿਧਾਇਕ ਦਾ ਪੁਰਾਣਾ ਦੋਸਤ ਸੀ। ਡਾਕਟਰ ਚੀਮਾ ਨੇ ਕਿਹਾ ਕਿ ਅਜਵਿੰਦਰ ਸਿੰਘ ਨਾਂ ਦੇ ਇਸ ਵਿਅਕਤੀ ਨੇ 2017 ਦੀਆਂ ਚੋਣਾਂ ਦੌਰਾਨ ਸੰਦੋਆ ਨੂੰ ਨੋਟਾਂ ਦੇ ਹਾਰ ਪਾਏ ਸਨ ਅਤੇ ਉਸ ਦਾ ਸਮਰਥਨ ਕੀਤਾ ਸੀ। ਉਹਨਾਂ ਕਿਹਾ ਕਿ ਅਜਵਿੰਦਰ ਅਤੇ ਉਸ ਦੇ ਸਮਰਥਕ ਇਹ ਕਹਿੰਦੇ ਵੀ ਸੁਣਾਈ ਦਿੰਦੇ ਹਨ ਕਿ ਉਹ ਆਪ ਵਿਧਾਇਕ ਨੂੰ ਹੋਰ ਪੈਸੇ ਨਹੀਂ ਦੇ ਸਕਦੇ। ਇਸ ਘਟਨਾ ਤੋਂ ਬਾਅਦ ਅਜਵਿੰਦਰ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਇੱਕ ਆਪ ਵਲੰਟੀਅਰ ਸੀ ਅਤੇ ਸੰਦੋਆ ਉਸ ਤੋਂ ਪੈਸੇ ਮੰਗ ਰਿਹਾ ਸੀ।
ਇਹ ਕਹਿੰਦਿਆਂ ਕਿ ਸਿਰਫ ਇੱਕ ਸੁਤੰਤਰ ਜਾਂਚ ਹੀ ਇਸ ਮਾਮਲੇ ਦੀ ਅਸਲੀਅਤ ਨੂੰ ਬਾਹਰ ਲਿਆ ਸਕਦੀ ਹੈ, ਅਕਾਲੀ ਆਗੂ ਨੇ ਆਖਿਆ ਕਿ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਇਕ ਸਾਲ ਪਹਿਲਾਂ ਜਿਸ ਪਿੰਡ ਦੇ ਬੰਦਿਆਂ ਨੇ ਆਪ ਆਗੂ ਨੂੰ ਇੰਨਾ ਭਰਵਾਂ ਸਮਰਥਨ ਦਿੱਤਾ ਸੀ, ਹੁਣ ਉਹਨਾਂ ਹੀ ਲੋਕਾਂ ਨੇ ਉਸ ਨੂੰ ਕੁੱਟਿਆ ਕਿਉਂ ਹੈ? ਉਹਨਾਂ ਕਿਹਾ ਕਿ ਇਸ ਤਰ•ਾਂ ਲੱਗਦਾ ਹੈ ਕਿ ਸੰਦੋਆ ਰੇਤ ਮਾਫੀਆ ਕੋਲੋਂ ਪੈਸੇ ਲੈ ਰਿਹਾ ਸੀ। ਪਰੰਤੂ ਉਸ ਨੂੰ ਜਾਂਚ ਪੈਨਲ ਅੱਗੇ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਤਾਂ ਹੀ ਲੋਕ ਇਸ ਘਟਨਾ ਪਿਛਲੇ ਅਸਲੀ ਸੱਚ ਨੂੰ ਜਾਣ ਪਾਉਣਗੇ।