ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਉਹ ਸਿੱਧੂ ਨੂੰ ਕਿਉਂ ਬਚਾ ਰਹੇ ਹਨ
ਚੰਡੀਗੜ•/06 ਅਪ੍ਰੈਲ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਕਤਲ ਦੇ ਮਾਮਲੇ 'ਚ ਇੱਕ ਨਵਾਂ ਸਬੂਤ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਹਨਾਂ ਨੂੰ ਪੰਜਾਬ ਕੈਬਨਿਟ ਤੋਂ ਤੁਰੰਤ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਨਵੇਂ ਸਬੂਤ ਵਿਚ ਸਿੱਧੂ ਸ਼ਰੇਆਮ ਇਹ ਗੱਲ ਕਬੂਲ ਕਰ ਰਿਹਾ ਹੈ ਕਿ 1988 ਵਿਚ ਉਸ ਨੇ ਇੱਕ ਬੰਦੇ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਸੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ 2010 ਵਿਚ ਰਿਕਾਰਡ ਕੀਤੀ ਸਿੱਧੂ ਦੀ ਇੰਟਰਵਿਊ ਵਾਲੀ ਟੇਪ ਸਾਹਮਣੇ ਆਉਣ ਨਾਲ ਅਖੀਰ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਹੁਣ ਇਸ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਨਵਜੋਤ ਸਿੱਧੂ 1988 ਵਿਚ ਪਟਿਆਲਾ ਵਿਖੇ ਗੁਰਨਾਮ ਸਿੰਘ ਨਾਲ ਘਸੁੰਨਮੁੱਕੀ ਹੋਇਆ ਸੀ ਅਤੇ ਉਹ ਕਬੂਲ ਕਰ ਚੁੱਕਿਆ ਹੈ ਕਿ ਉਸ ਵੱਲੋਂ ਕੁੱਟਣ ਨਾਲ ਪੀੜਤ ਦੀ ਮੌਤ ਹੋ ਗਈ ਸੀ।
ਸਰਦਾਰ ਗਰੇਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਅਦਾਲਤ ਤੋਂ ਬਾਹਰ ਕੀਤਾ ਗਿਆ ਇਕਬਾਲ ਗੁਰਨਾਮ ਸਿੰਘ ਦੀ ਮੌਤ ਦੀ ਜ਼ਿੰਮੇਵਾਰੀ ਪੂਰੀ ਤਰ•ਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਉੱਤੇ ਪਾਉਂਦਾ ਹੈ। ਉਹਨਾਂ ਕਿਹਾ ਕਿ ਸਿੱਧੂ ਤਾਂ ਇੱਥੋਂ ਤਕ ਸਵੀਕਾਰ ਕਰ ਚੁੱਕਿਆ ਹੈ ਕਿ ਉਹ ਕੋਈ ਗੌਤਮ ਬੁੱਧ ਨਹੀਂ ਹੈ ਅਤੇ ਗੁੱਸਾ ਦਿਵਾਉਣ ਉੱਤੇ ਉਹ ਸਾਹਮਣੇ ਵਾਲੇ ਦੇ ਅੱਗੇ ਆਪਣੀ ਦੂਜੀ ਗੱਲ• ਨਹੀਂ ਪੇਸ਼ ਕਰ ਸਕਦਾ ਹੈ। ਉਸ ਨੇ ਘਟਨਾ ਵਾਲੀ ਥਾਂ ਉੱਤੇ ਆਪਣੀ ਮੌਜੂਦਗੀ ਤੋਂ ਇਲਾਵਾ, ਉਸ ਹਿੰਸਾ ਵਿਚ ਸ਼ਮੂਲੀਅਤ ਵੀ ਸਵੀਕਾਰ ਕੀਤੀ ਹੈ, ਜਿਸ ਨਾਲ ਇੱਕ ਨਿਰਦੋਸ਼ ਵਿਅਕਤੀ ਦੀ ਜਾਨ ਗਈ ਸੀ।
ਉਹਨਾਂ ਕਿਹਾ ਕਿ ਇਹ ਸਾਰੀਆਂ ਗੱਲਾਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਖਿਲਾਫ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਸੁੱਟ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਵੱਡੇ ਮੁੱਦੇ ਦੋਵੇਂ ਆਗੂਆਂ ਦੀ ਚੁੱਪੀ ਹੈਰਾਨ ਕਰਨ ਵਾਲੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਇੱਕ ਅਜਿਹੇ ਵਿਅਕਤੀ ਨੂੰ ਬਚਾਉਣ ਪਿੱਛੇ ਲੁਕੀ ਆਪਣੀ ਮਜ਼ਬੂਰੀ ਦਾ ਖੁਲਾਸਾ ਕਰਨਾ ਚਾਹੀਦਾ ਹੈ, ਜਿਸ ਨੂੰ ਇਹ ਗੱਲ ਸਵੀਕਾਰ ਕਰਨ ਵਿਚ ਕੋਈ ਝਿਜਕ ਨਹੀ ਹੈ ਕਿ ਉਸ ਤੋਂ ਹਿੰਸਾ ਹੋਈ ਸੀ ਅਤੇ ਉਸ ਵੱਲੋਂ ਆਪਾ ਖੋਹ ਬੈਠਣ ਕਰਕੇ ਇੱਕ ਬਜ਼ੁਰਗ ਬੰਦੇ ਦੀ ਮੌਤ ਹੋ ਗਈ ਸੀ। ਕਾਂਗਰਸ ਪਾਰਟੀ ਅਤੇ ਖਾਸ ਕਰਕੇ ਰਾਹੁਲ ਗਾਂਧੀ ਜਨਤਕ ਜੀਵਨ ਵਿਚ ਨੈਤਿਕਤਾ ਅਤੇ ਅਸੂਲਾਂ ਦੀਆਂ ਗੱਲਾਂ ਕਰਨ ਦੇ ਬਹੁਤ ਸ਼ੌਕੀਨ ਹਨ। ਹੁਣ ਰਾਹੁਲ ਗਾਂਧੀ ਨੂੰ ਪੰਜਾਬੀਆਂ ਅਤੇ ਪੀੜਤ ਦੇ ਵਾਰਸਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਨਵਜੋਤ ਸਿੱਧੂ ਦੇ ਖ਼ਿਲਾਫ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ। ਇਸੇ ਤਰ•ਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੇ ਅਜਿਹੇ ਦਾਗੀ ਵਿਅਕਤੀ ਨੂੰ ਆਪਣੇ ਮੰਤਰੀ ਮੰਡਲ ਵਿਚ ਕਿਉਂ ਰੱਖਿਆ ਹੋਇਆ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਕੋਲ ਸਿੱਧੂ ਖ਼ਿਲਾਫ ਕਾਰਵਾਈ ਕਰਨ ਲਈ ਲੋੜੀਂਦੇ ਸਬੂਤ ਹਨ ਅਤੇ ਬਹੁਤ ਹੀ ਅਜੀਬ ਗੱਲ ਹੈ ਕਿ ਇਹ ਉਸ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ, ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਨੂੰ ਆਮਦਨ ਕਰਨ ਵਿਭਾਗ ਵੱਲੋਂ ਪਹਿਲਾਂ ਹੀ ਟੈਕਸ ਚੋਰੀ ਦਾ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਸਿਆਸੀ ਤੌਰ ਤੇ ਉਸ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਕਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਧਾਰਮਿਕ ਅਕੀਦਿਆਂ ਨੂੰ ਨਿਸ਼ਾਨਾ ਬਣਾ ਕੇ ਮਜ਼ਾਕ ਉਡਾਉਣ ਵਾਲਾ ਸਿੱਧੂ ਹੁਣ ਉਹਨਾਂ ਦੀਆਂ ਤਾਰੀਫਾਂ ਕਰਦਾ ਨਹੀਂ ਥੱਕਦਾ। ਉਸ ਦੇ ਕਿਰਦਾਰ ਅਤੇ ਭਰੋਸੇਯੋਗਤਾ ਦੋਵਾਂ ਦਾ ਹੀ ਭਾਂਡਾ ਫੁੱਟ ਚੁੱਕਿਆ ਹੈ। ਉਸ ਕੋਲ ਮੰਤਰੀ ਦੇ ਅਹੁਦੇ ਉੱਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਬਚਿਆ ਹੈ।