ਮੁੱਖ ਮੰਤਰੀ ਪੀ ਏ ਯੂ ਨੂੰ ਸਥਾਈ ਆਮਦਨ ਲਈ ਢੁਕਵੇਂ ਫੰਡ ਵੀ ਪ੍ਰਦਾਨ ਕਰਨ : ਮਹੇਸ਼ਇੰਦਰ ਸਿੰਘ ਗਰੇਵਾਲ
ਚੰਡੀਗੜ੍ਹ, 8 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਇਹ ਦਾਅਵੇ ਕਰ ਰਹੀ ਹੈ ਕਿ ਉਹ ਖੇਤੀਬਾੜੀ ਵਾਸਤੇ ਵੱਡਾ ਕੰਮ ਕਰ ਰਹੀ ਹੈ ਪਰ ਪੰਜਾਬ ਖੇਤੀਬਾੜੀ ਵਰਸਿਟੀ ਦਾ ਹਾਲ ਇਸ ਵੇਲੇ ਹੁਣ ਤੱਕ ਦਾ ਸਭ ਤੋਂ ਮੰਦਾ ਹਾਲ ਹੈ ਕਿਉਂਕਿ ਵਾਈਸ ਚਾਂਸਲਰ ਸਮੇਤ ਇਸਦੀਆਂ ਸਾਰੀਆਂ ਸਿਖ਼ਰਲੀਆਂ ਪੋਸਟਾਂ ਖਾਲੀ ਪਈਆਂ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਵਾਈਸ ਚਾਂਸਲਰ ਤੋਂ ਇਲਾਵਾ ਰਜਿਸਟਰਾਰ, ਡੀਨ ਰਿਸਰਚ ਅਤੇ ਡਾਇਰੈਕਟਰ ਐਕਸ਼ਟੈਂਸ਼ਨ ਐਜੂਕੇਸ਼ਨ ਦੀਆ ਪੋਸਟਾਂ ਵੀ ਡੇਢ ਸਾਲ ਤੋਂ ਰੈਗੂਲਰ ਆਧਾਰ ’ਤੇ ਨਹੀਂ ਭਰੀਆਂ ਗਈਆਂ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਕੋਈ ਇਹ ਤਾਂ ਆਖ ਸਕਦਾ ਹੈ ਕਿ ਪਿਛਲੀ ਕਾਂਗਰਸ ਪਾਰਟੀ ਸਰਕਾਰ ਆਪਸੀ ਧੜੇਬੰਦੀ ਦੀ ਲੜਾਈ ਵਿਚ ਲੱਗੀ ਸੀ ਪਰ ਹੁਣ ਤੁਹਾਨੂੰ ਕੌਣ ਪੰਜ ਮਹੀਨਿਆਂ ਤੋਂ ਪੀ ਏ ਯੂ ਵਿਚ ਸਿਖਰਲੀਆਂ ਪੋਸਟਾਂ ਰੈਗੂਲਰ ਆਧਾਰ ’ਤੇ ਭਰਨ ਤੋਂ ਰੋਕ ਰਿਹਾ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਅਧਿਆਪਨ ਕਾਰਜ ਨਾਲ ਵੀ ਸਮਝੌਤਾ ਕੀਤਾ ਗਿਆ ਹੈ ਤੇ ਵੱਡੀ ਗਿਣਤੀ ਵਿਚ ਆਸਾਮੀਆਂ ਭਰੀਆਂ ਨਹੀਂ ਜਾ ਰਹੀਆਂ। ਉਹਨਾਂ ਕਿਹਾ ਕਿ ਜੋ ਸਹਾਇਕ ਪ੍ਰੋਫੈਸਰ ਦੋ ਸਾਲ ਪਹਿਲਾਂ ਨਿਯੁਕਤ ਕੀਤੇ ਗਏ ਸਨ, ਉਹਨਾਂ ਨੂੰ ਹੁਣ ਤੱਕ ਰੈਗੂਲਰ ਤਨਖਾਹਾਂ ਨਹੀਂ ਮਿਲ ਰਹੀਆਂ। ਉਹਨਾਂ ਕਿਹਾ ਕਿ ਟੀਚਿੰਗ ਸਟਾਫ ਨੂੰ ਬਣਦੇ ਸਕੇਲ ਨਹੀਂ ਦਿੱਤੇ ਜਾ ਰਹੇ ਜਿਸ ਕਾਰਨ ਉਹ ਯੂਨੀਵਰਸਿਟੀ ਵਿਚ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਉਹਨਾਂ ਦੀਆਂ ਸ਼ਿਕਾਇਤਾਂ ਹੱਲ ਕਰਨ ਵਾਸਤੇ ਕੱਖ ਨਹੀਂ ਕੀਤਾ ਗਿਆ।
ਸਰਦਾਰ ਗਰੇਵਾਲ ਨੇ ਕਿਹਾ ਕਿ ਸਿਰਫ ਗੱਲਾਂ ਦਾ ਕੜਾਹ ਬਣਾਉਣ ਨਾਲ ਇਸ ਪ੍ਰਤੀਸ਼ਠਤ ਯੂਨੀਵਰਸਿਟੀ ਦੇ ਮਾੜੇ ਹਾਲਾਤ ਸੁਧਰਣ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਜੇਕਰ ਪੀ ਏ ਯੂ ਦਾ ਭੋਗ ਪੈ ਗਿਆ ਤਾਂ ਸਾਰਾ ਖੇਤੀਬਾੜੀ ਰਿਸਰਚ ਪ੍ਰੋਗਰਾਮ ਹੀ ਢਹਿ ਢੇਰੀ ਹੋ ਜਾਵੇਗਾ ਤੇ ਕਿਸਾਨ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਇਹਨਾਂ ਮਿਆਰੀ ਸਹੂਲਤਾਂ ਤੋਂ ਵਾਂਝੇ ਹੋ ਜਾਣਗੇ।
ਉਹਨਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਯੂਨੀਵਰਸਿਟੀ ਦਾ ਰੈਗੂਲਰ ਵੀ ਸੀ ਨਿਯੁਕਤ ਕਰੇ ਅਤੇ ਸਾਰੀਆਂ ਸਿਖ਼ਰਲੀਆਂ ਪੋਸਟਾਂ ਦੇ ਨਾਲ ਨਾਲ ਸਾਰੀਆਂ ਖਾਲੀ ਆਸਾਮੀਆਂ ਵੀ ਭਰੇ। ਉਹਨਾਂ ਇਹ ਵੀ ਮੰਗ ਕੀਤੀ ਕਿ ਜਿਸ ਤਰੀਕੇ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਯੂਨੀਵਰਸਿਟੀ ਨੂੰ 300 ਕਰੋੜ ਰੁਪਏ ਦਿੱਤੇ ਸਨ ਤਾਂ ਜੋ ਇਹ ਸਹੀ ਢੰਗ ਨਾਲ ਕੰਮ ਕਰ ਸਕੇ, ਉਸੇ ਤਰੀਕੇ ਯੂਨੀਵਰਸਿਟੀ ਨੂੰ ਵੀ ਢੁਕਵੇਂ ਆਮਦਨ ਫੰਡ ਪ੍ਰਦਾਨ ਕਰੇ।
ਅਕਾਲੀ ਆਗੂ ਨੇ ਇਸ ਗੱਲ ’ਤੇ ਅਫਸੋਸ ਪ੍ਰਗਟ ਕੀਤਾ ਕਿ ਮੁੱਖ ਮੰਤਰੀ ਖੇਤੀਬਾੜੀ ਤੇ ਬਾਗਵਾਨੀ ਵਿਭਾਗ ਵਿਚ 1000 ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਹਾਲਾਤਾਂ ਵੱਲ ਵੀ ਬੇਰੁਖ ਬਣੇ ਹੋਏ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਾ ਆਮ ਆਦਮੀ ਪਾਰਟੀ ਦਾ ਮੁੱਖ ਚੋਣ ਮੁੱਦਾ ਸੀ ਪਰ ਮੰਦੇ ਭਾਗਾਂ ਨੂੰ ਸਰਕਾਰ ਨੇ ਨਵੀਂਆਂ ਆਸਾਮੀਆਂ ਦੀ ਰਚਨਾ ਤਾਂ ਕੀ ਕਰਨੀ ਸੀ ਸਗੋਂ ਖਾਲੀ ਆਸਾਮੀਆਂ ਵੀ ਨਹੀਂ ਭਰ ਰਹੀ।