ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਕੋਲਿਆਂਵਾਲੀ ਖਿਲਾਫ ਝੂਠੇ ਦੋਸ਼ ਲਗਾਏ ਜਾ ਰਹੇ ਹਨ
ਚੰਡੀਗੜ•/01 ਜੁਲਾਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਖ਼ਿਲਾਫ ਅਸਾਸਿਆਂ ਤੋਂ ਵੱਧ ਆਮਦਨ ਦਾ ਕੇਸ ਦਰਜ ਕਰਕੇ ਬਦਲੇਖੋਰੀ ਦੀ ਸਿਆਸਤ ਕਰਨ ਵਾਸਤੇ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਅਕਾਲੀ ਆਗੂ ਖ਼ਿਲਾਫ ਕੇਸ ਮੜ•ਣ ਦੀ ਇੰਨੀ ਕਾਹਲ ਸੀ ਕਿ ਇਸ ਨੇ ਕੋਲਿਆਂਵਾਲੀ ਨੂੰ ਸੰਬੰਧਿਤ ਅਧਿਕਾਰੀਆਂ ਅੱਗੇ ਆਪਣੀ ਆਮਦਨ ਦੇ ਸਰੋਤਾਂ ਬਾਰੇ ਜਾਣਕਾਰੀ ਦੇਣ ਦਾ ਵੀ ਮੌਕਾ ਨਹੀਂ ਦਿੱਤਾ। ਉਹਨਾਂ ਕਿਹਾ ਕਿ ਇਹ ਕਹਿੰਦਿਆਂ ਕੋਲਿਆਂਵਾਲੀ ਖ਼ਿਲਾਫ ਝੂਠੇ ਦੋਸ਼ ਮੜ•ੇ ਗਏ ਹਨ ਕਿ ਉਹਨਾਂ ਦੀ ਉੱਤਰਾਖੰਡ ਅਤੇ ਰਾਜਸਥਾਨ ਵਿਚ ਜ਼ਮੀਨ ਅਤੇ ਇੱਕ ਹੋਟਲ ਹੈ। ਇਸ ਸਭ ਕੋਲਿਆਂਵਾਲੀ ਨੂੰ ਲੋਕਾਂ 'ਚ ਬਦਨਾਮ ਕਰਨ ਦੀ ਨੀਅਤ ਨਾਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੋਲਿਆਂਵਾਲੀ ਵੱਲੋਂ ਆਪਣੀਆਂ ਸੰਪਤੀਆਂ ਅਤੇ ਆਮਦਨ ਬਾਰੇ ਆਮਦਨ ਕਰ ਅਧਿਕਾਰੀਆਂ ਕੋਲ ਜਮ•ਾਂ ਕਰਵਾਏ ਵੇਰਵਿਆਂ ਤਕ ਨੂੰ ਵੀ ਸਰਕਾਰ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੋਲਿਆਂਵਾਲੀ ਦੇ ਸਪੁੱਤਰ ਪਰਮਿੰਦਰ ਉੱਤੇ ਇੱਕ ਕਾਤਲਾਨਾ ਹਮਲਾ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਕੋਲਿਆਂਵਾਲੀ, ਉਹਨਾਂ ਦੇ ਬੇਟੇ ਅਤੇ ਭਤੀਜੇ ਖਿਲਾਫ ਇੱਕ ਝੂਠਾ ਕੇਸ ਦਰਜ ਕਰਨ ਲਈ ਪੁਲਿਸ ਦੀ ਦੁਰਵਰਤੋਂ ਕੀਤੀ ਸੀ। ਉਹਨਾਂ ਕਿਹਾ ਕਿ ਹੁਣ ਜਿਸ ਢੰਗ ਨਾਲ ਸਰਕਾਰ ਅਕਾਲੀ ਆਗੂ ਦੇ ਖ਼ਿਲਾਫ ਕਾਰਵਾਈ ਕਰਨ ਲਈ ਵਿਜੀਲੈਂਸ ਵਿਭਾਗ ਦਾ ਇਸਤੇਮਾਲ ਕਰ ਰਹੀ ਹੈ, ਇਸ ਨਾਲ ਲੋਕਾਂ ਦਾ ਕਾਨੂੰਨ ਦੀ ਨਿਰਪੱਖਤਾ ਤੋਂ ਭਰੋਸਾ ਤਿੜਕ ਜਾਣਾ ਸੁਭਾਵਿਕ ਹੈ। ਉਹਨਾਂ ਕਿਹਾ ਕਿ ਇਸ ਤਰ•ਾਂ ਜਾਪਦਾ ਹੈ ਕਿ ਸੂਬੇ ਦੀ ਸਰਕਾਰੀ ਮਸ਼ੀਨਰੀ ਨੂੰ ਕੋਲਿਆਂਵਾਲੀ ਪਰਿਵਾਰ ਖ਼ਿਲਾਫ ਨਿੱਜੀ ਕਿੜਾਂ ਕੱਢਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਇਸ ਕੇਸ ਦੀ ਦਰਜ ਕਰਨ ਦਾ ਸਮਾਂ ਵੀ ਅਜਿਹਾ ਚੁਣਿਆ ਗਿਆ ਹੈ ਤਾਂ ਕਿ ਲੋਕਾਂ ਦਾ ਧਿਆਨ ਕਾਂਗਰਸ ਪਾਰਟੀ ਅਤੇ ਇਸ ਦੀ ਸਰਕਾਰ ਦੀਆਂ ਨਾਕਾਮੀਆਂ ਤੋਂ ਲਾਂਭੇ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ 90 ਹਜ਼ਾਰ ਕਰੋੜ ਰੁਪਏ ਦੀ ਮੁਕੰਮਲ ਕਰਜ਼ਾ ਮੁਆਫੀ ਸਮੇਤ ਆਪਣਾ ਕੋਈ ਵੀ ਵਾਅਦਾ ਪੂਰਾ ਕਰਨ ਵਿਚ ਪੂਰੀ ਤਰ•ਾਂ ਨਾਕਾਮ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਠੱਗਿਆ ਗਿਆ ਹੈ ਅਤੇ ਕਿਸੇ ਵੀ ਨੌਜਵਾਨ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ ਗਿਆ ਹੈ। ਅਮਨ ਕਾਨੂੰਨ ਦੀ ਹਾਲਤ ਇੰਨੀ ਨਿੱਘਰ ਗਈ ਹੈ ਕਿ ਇੰਝ ਜਾਪਦਾ ਹੈ ਕਿ ਜਿਵੇਂ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੋਵੇ। ਉਹਨਾਂ ਕਿਹਾ ਕਿ ਸਿਆਸੀ ਬਦਲੇਖੋਰੀ ਤੋਂ ਇਲਾਵਾ, ਸਮਾਜ-ਵਿਰੋਧੀ ਅਤੇ ਰਾਸ਼ਟਰ -ਵਿਰੋਧੀ ਤੱਤਾਂ ਨੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ ਜਿਸ ਕਰਕੇ ਸਨਸਨੀਖੇਜ਼ ਕਤਲ ਹੋ ਰਹੇ ਹਨ। ਤਾਜ਼ਾ ਖੁਲਾਸਿਆਂ ਤੋਂ ਸੰਕੇਤ ਮਿਲਿਆ ਹੈ ਕਿ ਨਸ਼ਾਖੋਰੀ ਅਤੇ ਨਸ਼ਾ ਤਸਕਰੀ ਦੀਆਂ ਘਟਨਾਵਾਂ ਵਧ ਗਈਆਂ ਹਨ, ਕਿਉਂਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਿਆ ਜਾ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਆਪਣੇ ਸਿਆਸੀ ਵਿਰੋਧੀਆਂ ਉੱਤੇ ਜ਼ੁਲਮ ਢਾਹੁਣ ਦੀ ਥਾਂ ਪਹਿਲਾਂ ਆਪਣੇ ਪ੍ਰਸਾਸ਼ਨ ਵਿਚ ਕੁਸ਼ਲਤਾ ਲਿਆਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਬਦਲੇਖੋਰੀ ਦੀ ਸਿਆਸਤ ਨੂੰ ਪੰਜਾਬ ਦੇ ਲੋਕ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਸਰਕਾਰ ਨੂੰ ਇਹ ਗੱਲ ਸਮਝਣ ਦੀ ਜਰੂਰਤ ਹੈ ਅਤੇ ਨਾਲ ਹੀ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਵਾਸਤੇ ਕੰਮ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਬਦਲੇਖੋਰੀ ਦੀ ਸਿਆਸਤ ਕਰਨ ਦੀ ਥਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।