ਚੋਣ ਕਮਿਸ਼ਨ ਆਪ ਦੇ ਖਿਲਾਫ ਸਖ਼ਤ ਕਾਰਵਾਈ ਕਰੇ : ਡਾ. ਚੀਮਾ
ਚੰਡੀਗੜ੍ਹ, 9 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚੋਣਾਂ ਵਿਚ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਵੋਟਰਾਂ ਨੁੰ ਰਿਸ਼ਵਤ ਲੈਣ ਅਤੇ ਝੂਠੀਆਂ ਸਹੁੰਆਂ ਖਾਣ ਵਾਸਤੇ ਕਹਿਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਚੋਣ ਕਮਿਸ਼ਨ ਨੁੰ ਪਾਰਟੀ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਵਾਸਤੇ ਆਖਿਆ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਵਿਚ ਪੈਂਫਲੈਟ ਸੁੱਟਵਾ ਕੇ ਲੋਕਾਂ ਨੂੰ ਦੂਜਿਆਂ ਪਾਰਟੀਆਂ ਤੋਂ ਪੈਸੇ ਲੈ ਕੇ ਆਪ ਨੁੰ ਵੋਟਾਂ ਪਾਉਣ ਵਾਸਤੇ ਆਖਿਆ ਹੈ। ਉਹਨਾਂ ਕਿਹਾ ਕਿ ਇਹ ਚੋਣ ਕਮਿਸ਼ਨ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ। ਉਹਨਾਂ ਕਿਹਾ ਕਿ ਇਹ ਹੋਰ ਵੀ ਨਿੰਦਣਯੋਗ ਗੱਲ ਹੈ ਕਿ ਆਪ ਵੱਲੋਂ ਵੰਡੇ ਪਰਚਿਆਂ ਵਿਚ ਪ੍ਰਕਾਸ਼ਤਾਂ ਦਾ ਨਾਂ ਵੀ ਨਹੀਂ ਹੈ ਤੇ ਨਾ ਹੀ ਕਿਸੇ ਪਾਰਟੀ ਆਗੂ ਦਾ ਨਾਂ ਹੈ ਜਿਸਨੇ ਇਹ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਆਪ ਵੱਲੋਂ ਲੋਕਾਂ ਨੁੰ ਹੋਰ ਪਾਰਟੀਆਂ ਤੋਂ ਪੈਸੇ ਲੈਣ ਲਈ ਕਹਿਣਾ ਚੋਣ ਪ੍ਰਕਿਰਿਆ ਵਿਚ ਭ੍ਰਿਸ਼ਟਾਚਾਰ ਨੁੰ ਉਤਸ਼ਾਹਿਤ ਕਰਨਾ ਹੈ।
ਡਾ. ਚੀਮਾ ਨੇ ਕਿਹਾ ਕਿ ਆਪ ਕੇਡਰ ਨੇ ਪਹਿਲਾਂ ਹੀ ਇਸਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਪੰਜਾਬ ਚੋਣਾਂ ਲਈ ਟਿਕਟਾਂ ਵੇਚਣ ਦੇ ਦੋਸ਼ ਲਗਾਏ ਹਨ।
ਉਹਨਾਂ ਕਿਹਾ ਕਿ ਆਪ ਨੇ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਸਿਆਸੀ ਪਾਰਟੀਆਂ ਤੋਂ ਪੈਸੇ ਲੈਣ ਵਾਸਤੇ ਝੂਠੀਆਂ ਸਹੁੰਆਂ ਖਾ ਲੈਣ। ਉਹਨਾਂ ਨੇ ਸ੍ਰੀ ਕੇਜਰੀਵਾਲ ਨੂੰ ਚੇਤੇ ਕਰਵਾਇਆ ਕਿ ਇਹ ਪੰਜਾਬ ਦਾ ਸਭਿਆਚਾਰ ਨਹੀਂ ਹੈ ਅੇਤ ਸੂਬੇ ਦੇ ਵੋਟਰ ਪੈਸੇ ਦੀ ਤਾਕਤ ਨਾਲ ਨਹੀਂ ਖਰੀਦੇ ਜਾ ਸਕਦੇ। ਉਹਨਾਂ ਕਿਹਾ ਕਿ ਪਾਰਟੀ ਦੀਆਂ ਇਹਨਾਂ ਕੋਝੀਆਂ ਹਰਕਤਾਂ ਨਾਲ ਇਸਦੇ ਕੰਮ ਕਰਨ ਦਾ ਤਰੀਕਾ ਬੇਨਕਾਬ ਹੋ ਗਿਆ ਹੈ ਤੇ ਇਸਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਡਾ. ਚੀਮਾ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਨਾਲੋਂ ਉਹ ਆਪਣੇ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜਵਾਬ ਦੇਣ।