ਚੰਡੀਗੜ•/28 ਮਾਰਚ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਜਟ ਤਕਰੀਰ ਉਤੇ ਜੁਆਬ ਦੇਣ ਦੇ ਬਹਾਨੇ ਆਪਣੇ ਸਾਬਕਾ ਮੁਰਸ਼ਦ ਅਤੇ ਸਿਆਸੀ ਗੁਰੂ ਸਰਦਾਰ ਪਰਕਾਸ਼ ਸਿੰਘ ਬਾਦਲ ਖਿਲਾਫ ਕੀਤੀ ਗਈ ਘਟੀਆ ਕਿਸਮ ਦੀ ਫਿਕਰੇਬਾਜ਼ੀ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਉਸ ਦੀ ਵਿੱਤ ਵਿਭਾਗ ਬਾਰੇ ਜਾਣਕਾਰੀ ਬਹੁਤ ਥੋੜ•ੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਸ਼ਰਨਜੀਤ ਸਿੰਘ ਢਿੱਲੋਂ, ਪਵਨ ਕੁਮਾਰ ਟੀਨੂੰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਵਿਧਾਨ ਸਭਾ ਦੇ ਇਤਿਹਾਸ ਵਿਚ ਪਹਿਲਾਂ ਕਦੇ ਵੀ ਕਿਸੇ ਵਿੱਤ ਮੰਤਰੀ ਨੇ ਬੇਸ਼ਰਮੀ ਨਾਲ ਇਹ ਨਹੀਂ ਆਖਿਆ ਕਿ ਉਹ ਬਜਟ ਬਾਰੇ ਬਹਿਸ ਉੱਤੇ ਜੁਆਬ ਦੇਣ ਲਈ ਮਿਲੇ ਸਮੇਂ ਦੀ ਵਰਤੋਂ ਆਪਣੇ ਸ਼ਰੀਕਾਂ ਦੇ ਪਰਿਵਾਰ ਨਾਲ ਨਿੱਜੀ ਰੰਜਿਸ਼ ਕੱਢਣ ਲਈ ਕਰੇਗਾ। ਉਹਨਾਂ ਕਿਹਾ ਕਿ ਵਿੱਤ ਮੰਤਰੀ ਇੰਨਾ ਥੱਲੇ ਡਿੱਗ ਗਿਆ ਕਿ ਉਹ ਆਪਣੀ ਸਕੀ ਤਾਈ ਦੀਆਂ ਅੰਤਿਮ ਰਸਮਾਂ ਅਤੇ ਦੂਜੇ ਪਰਿਵਾਰਕ ਮੁੱਦਿਆਂ ਬਾਰੇ ਵੀ ਟਿੱਪਣੀਆਂ ਕਰਨ 'ਤੇ ਉੱਤਰ ਆਇਆ। ਇਸ ਤੋਂ ਉਸ ਦੇ ਬਤੌਰ ਵਿੱਤ ਮੰਤਰੀ ਮਾੜੇ ਵਤੀਰੇ ਦੇ ਹੀ ਝਲਕ ਨਹੀਂ ਮਿਲਦੀ, ਸਗੋਂ ਉਸ ਦੇ 'ਅਹਿਸਾਨ ਫਰਾਮੋਸ਼' ਸੁਭਾਅ ਬਾਰੇ ਵੀ ਪਤਾ ਚੱਲਦਾ ਹੈ। ਉਸ ਨੇ ਉਹਨਾਂ ਹਸਤੀਆਂ ਪ੍ਰਤੀ ਬੇਹੱਦ ਰੁੱਖੀ ਅਤੇ ਅਪਮਾਨਜਨਕ ਭਾਸ਼ਾ ਵਰਤੀ ਹੈ, ਜਿਹਨਾਂ ਨੇ ਉਸ ਨੂੰ ਪਾਲ ਪੋਸ ਕੇ ਅੱਜ ਵਾਲੇ ਮੁਕਾਮ ਉੱਤੇ ਪਹੁੰਚਾਇਆ ਹੈ।
ਵਿਧਾਇਕਾਂ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਮਨਪ੍ਰੀਤ ਬਾਦਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਦੁਰਦਸ਼ਾ ਬਾਰੇ ਬਿਲਕੁੱਲ ਨਹੀਂ ਬੋਲਿਆ ਅਤੇ ਉਹਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦੀਆਂ ਬੇਨਤੀਆਂ ਨੂੰ ਵੀ ਉਸ ਨੇ ਠੁਕਰਾ ਦਿੱਤਾ। ਉਹ ਜੋਜੋ ਟੈਕਸ ਲਾਏ ਜਾਣ ਕਰਕੇ ਬਠਿੰਡਾ ਰਿਫਾਇਨਰੀ ਅਤੇ ਆਈਏਐਫ ਸਟੇਸ਼ਨ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜੁਆਬ ਦੇਣ ਤੋਂ ਟਾਲਾ ਵੱਟ ਗਿਆ। ਮਨਪ੍ਰੀਤ ਨੇ ਇਸ ਗੱਲ ਦਾ ਵੀ ਕੋਈ ਜੁਆਬ ਨਹੀਂ ਦਿੱਤਾ ਕਿ ਉਹ ਆਪਣੇ ਨੇੜਲੇ ਸਹਿਯੋਗੀ ਅਤੇ 80 ਕਰੋੜ ਕਰਜ਼ੇ ਦੇ ਡਿਫਾਲਟਰ ਅਮਰਜੀਤ ਮਹਿਤਾ ਨੂੰ ਕਿਉਂ ਬਚਾ ਰਿਹਾ ਹੈ।
ਇਹ ਟਿੱਪਣੀ ਕਰਦਿਆਂ ਕਿ ਵਿਧਾਨ ਸਭਾ ਵਿਚ ਹੋਈਆਂ ਇਹਨਾਂ ਘਟਨਾਵਾਂ ਨਾਲ ਉਹਨਾਂ ਨੂੰ ਭਾਰੀ ਠੇਸ ਵੱਜੀ ਹੈ, ਅਕਾਲੀ ਦਲ ਦੇ ਵਿਧਾਇਕਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਭੁੱਲਣ ਦੀ ਬੀਮਾਰੀ ਤੋਂ ਪੀੜਤ ਹੈ। ਉਹਨਾਂ ਕਿਹਾ ਕਿ ਉਹ ਇਹ ਗੱਲ ਭੁੱਲ ਗਿਆ ਲੱਗਦਾ ਹੈ ਕਿ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਸਾਲਾਂ ਬੱਧੀ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਹੈ। ਉਸ ਦੇ ਪਿਤਾ ਕੋਲ ਕੋਈ ਸਰਕਾਰੀ ਅਹੁਦਾ ਨਹੀਂ ਹੈ, ਫਿਰ ਵੀ ਉਹ ਆਨੰਦ ਲੈਣ ਵਾਸਤੇ ਸਰਕਾਰੀ ਹੈਲੀਕਾਪਟਰ ਉੱਤੇ ਝੂਟੇ ਲੈਂਦਾ ਹੈ। ਗੁਰਦਾਸ ਬਾਦਲ ਕੋਲ ਸੁਰੱਖਿਆ ਪੈਟਰੋਲ ਦੇ ਰੂਪ ਵਿਚ ਇੱਕ ਵੱਡੀ ਮੌਂਟੈਰੋ ਗੱਡੀ ਅਤੇ ਜਿਪਸੀ ਦੀ ਵੀ ਸਹੂਲਤ ਹੈ। ਮਨਪ੍ਰੀਤ ਬਾਦਲ ਦੇ ਪਿਤਾ ਕੋਲ ਗੰਨਮੈਨ ਦੀ ਵੀ ਸਹੂਲਤ ਬਰਕਰਾਰ ਹੈ। ਮਨਪ੍ਰੀਤ ਦਾ ਪੁੱਤਰ ਵੀ ਗੰਨਮੈਨਾਂ ਨੂੰ ਨਾਲ ਲੈ ਕੇ ਘੁੰਮਦਾ ਅਤੇ ਆਪਣੀ ਨਿੱਜੀ ਰੰਜਿਸ਼ਾਂ ਕੱਢਣ ਲਈ ਸਰਕਾਰੀ ਗੰਨਮੈਨਾਂ ਦੀ ਵਰਤੋਂ ਕਰਦਾ ਹੈ। ਇਹ ਗੱਲ ਕੁੱਝ ਸਮਾਂ ਪਹਿਲਾਂ ਚੰਡੀਗੜ• ਦੇ ਇੱਕ ਹੋਟਲ ਵਿਚ ਵਾਪਰੀ ਸੀ।
ਮਨਪ੍ਰੀਤ ਦੇ ਕਿਰਦਾਰ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਵਿੱਤ ਮੰਤਰੀ 100 ਰੁਪਏ ਦੀ ਰਿਸ਼ਵਤ ਲੈਂਦੇ ਪੁਲਿਸ ਕਰਮਚਾਰੀ ਦੀ ਤਾਂ ਵੀਡਿਓ ਬਣਾ ਲੈਂਦਾ ਹੈ, ਪਰ ਜਦੋਂ ਠੇਕੇਦਾਰ ਉਸ ਦੇ ਪਰਿਵਾਰ ਉੱਤੇ ਬਠਿੰਡਾ ਰਿਫਾਇਨਰੀ ਨੂੰ ਸਪਲਾਈ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਉੱਤੇ ਜੋਜੋ ਟੈਕਸ ਲਾ ਕੇ ਕਰੋੜਾਂ ਰੁਪਏ ਇਕੱਠੇ ਕਰਨ ਦਾ ਦੋਸ਼ ਲਗਾਉਂਦੇ ਹਨ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਦੀ ਹਮਾਇਤ ਵਿਚ ਖੜ•ਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਖੁਦ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਉਹ ਅਣਮਨੁੱਖੀ ਪੱਧਰ ਉੱਤੇ ਕਿੰਨਾ ਥੱਲੇ ਡਿੱਗ ਸਕਦਾ ਹੈ। ਉਸ ਨੇ ਚੰਡੀਗੜ• ਵਿਚ ਇੱਕ ਨਾਮੀ ਇਨਕਮ ਟੈਕਸ ਵਕੀਲ ਦਾ ਸ਼ੋਅਰੂਮ ਜ਼ਬਰਦਸਤੀ ਹਥਿਆਉਣ ਲਈ ਉਸ ਨੇ ਖ਼ਿਲਾਫ ਐਸਸੀ ਪ੍ਰਵੈਨਸ਼ਨ ਆਫ ਐਟਰੌਸਿਟੀਜ਼ ਐਕਟ ਤਹਿਤ ਝੂਠਾ ਕੇਸ ਦਰਜ ਕਰਵਾ ਦਿੱਤਾ ਸੀ।
ਅੱਜ ਕਾਂਗਰਸ ਪਾਰਟੀ ਦੀ ਮਨਪ੍ਰੀਤ ਬਾਦਲ ਵੱਲੋਂ ਕੀਤੀ ਗਈ ਪ੍ਰਸੰਸਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਪਹਿਲਾਂ ਆਪਣੀਆਂ ਪਿਛਲੀਆਂ ਬਜਟ ਤਕਰੀਰਾਂ ਪੜ•ਣੀਆਂ ਚਾਹੀਦੀਆਂ ਹਨ, ਜਿਹਨਾਂ ਵਿਚ ਉਸ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਆਧੁਨਿਕ ਪੰਜਾਬ ਦਾ ਆਰਕੀਟੈਕਟ ਕਿਹਾ ਸੀ। ਉਹਨਾਂ ਕਿਹਾ ਕਿ ਕਿੰਨਾ ਵੱਡਾ ਦੁਖਾਂਤ ਹੈ ਕਿ ਮਨਪ੍ਰੀਤ ਨੇ ਉਸ ਨੂੰ ਅਕਾਲੀ-ਭਾਜਪਾ ਕੈਬਨਿਟ ਵਿਚੋਂ ਕੱਢੇ ਜਾਣ ਦੀ ਵਜ•ਾ ਦਾ ਖੁਲਾਸਾ ਨਹੀਂ ਕੀਤਾ ਹੈ। ਦਰਅਸਲ ਬਾਦਲ ਸਾਹਿਬ ਨੇ ਉਸ ਦੀ ਕਿਸਾਨਾਂ ਨੂੰ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਅਤੇ ਗਰੀਬਾਂ ਲਈ ਚਲਾਈਆਂ ਭਲਾਈ ਸਕੀਮਾਂ ਨੂੰ ਬੰਦ ਕਰਨ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਵਿਧਾਇਕਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਆਪਣੀ ਲੋਕ -ਵਿਰੋਧੀ ਮਾਨਸਿਕਤਾ ਕਰਕੇ ਹੀ ਉਹਨਾਂ ਲੋਕ ਭਲਾਈ ਕਦਮਾਂ ਨੂੰ ਚੁੱਕਣ ਤੋਂ ਇਨਕਾਰ ਕਰ ਰਿਹਾ ਹੈ, ਜਿਸ ਦਾ ਉਸ ਨੇ ਕਾਂਗਰਸ ਮੈਨੀਫੈਸਟੋ ਵਿਚ ਜ਼ਿਕਰ ਕੀਤਾ ਸੀ। ਉਹਨਾਂ ਕਿਹਾ ਕਿ ਇਹਨਾਂ ਚੀਜ਼ਾਂ ਦਾ ਉਸ ਦੀ ਨਜ਼ਰ ਵਿਚ ਕੋਈ ਮੁੱਲ ਨਹੀਂ ਹੈ। ਉਸ ਨੇ 2007 ਵਿਚ ਅਕਾਲੀ-ਭਾਜਪਾ ਦਾ ਮੈਨੀਫੈਸਟੋ ਤਿਆਰ ਕੀਤਾ ਸੀ। 2012 ਵਿਚ ਪੀਪੀਪੀ ਦਾ ਮੈਨੀਫੈਸਟੋ ਬਣਾਇਆ ਸੀ, ਅਤੇ 2017 ਵਿਚ ਕਾਂਗਰਸ ਦਾ ਮੈਨੀਫੈਸਟੋ ਤਿਆਰ ਕੀਤਾ ਸੀ। ਉਹ 2022 ਵਿਚ ਬਸਪਾ ਦਾ ਮੈਨੀਫੈਸਟੋ ਤਿਆਰ ਕਰ ਸਕਦਾ ਹੈ।
ਇਹ ਟਿੱਪਣੀ ਕਰਦਿਆਂ ਕਿ ਪੰਜਾਬੀ ਉਸ ਦੇ ਗਿਰਗਿਟੀ ਸੁਭਾਅ ਤੋਂ ਜਾਣੂ ਹਨ, ਜਿਸ ਨੇ ਅੱਜ ਖੁਦ ਨੂੰ ਇੱਕ ਸ਼ੇਖ਼ੀਖ਼ੋਰਾ ਵੀ ਸਾਬਿਤ ਕਰ ਦਿੱਤਾ ਹੈ, ਵਿਧਾਇਕਾਂ ਨੇ ਕਿਹਾ ਕਿ ਜਿਸ ਵਿਅਕਤੀ ਨੇ ਆਪਣੇ ਘਰ ਵਿਚ ਆਪਣੇ ਪਿਓ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਹੋਵੇ ਅਤੇ ਜਿਸ ਨੇ ਅੰਮ੍ਰਿਤ ਛਕਣ ਤੋਂ ਬਾਅਦ ਆਪਣੇ ਧਰਮ ਅਤੇ ਗੁਰੂ ਨਾਲ ਧੋਖਾ ਕੀਤਾ ਜਾਵੇ, ਉਸ ਉੱਤੇ ਕੋਈ ਵੀ ਭਰੋਸਾ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਜੇਕਰ ਉਹ ਵਿੱਤ ਮੰਤਰੀ ਦੀ ਕੁਰਸੀ ਨੂੰ ਤੁਰੰਤ ਛੱਡ ਦੇਵੇ, ਜਿਸ ਨੂੰ ਉਸ ਨੇ ਝੂਠਾਂ, ਧੋਖਿਆਂ ਅਤੇ ਵਿਸ਼ਵਾਸ਼ਘਾਤਾਂ ਨਾਲ ਮੈਲਾ ਕਰ ਦਿੱਤਾ ਹੈ