ਤਰਸਯੋਗ ਹਾਲਤ ਵਿਚ ਹਸਪਤਾਲ ਦੇ ਗਲਿਆਰੇ ਅੰਦਰ ਸਟੈਚਰ ਉੱਤੇ ਲਿਟਾਏ ਬਲਾਕ ਜੰਗਲਾਤ ਅਧਿਕਾਰੀ ਲਈ ਢੁੱਕਵੇਂ ਬੈਡ ਦਾ ਪ੍ਰਬੰਧ ਨਾ ਕਰਨ ਲਈ ਸੂਬਾ ਸਰਕਾਰ ਦੀ ਨਿਖੇਧੀ ਕੀਤੀ
ਚੰਡੀਗੜ•/ 20 ਜੂਨ: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਦੇ ਇੱਕ ਸਾਂਝੇ ਵਫ਼ਦ ਨੇ ਅੱਜ ਪੀਜੀਆਈ ਵਿਚ ਉਹਨਾਂ ਦੋ ਜੰਗਲਾਤ ਅਧਿਕਾਰੀਆਂ ਦੀ ਖ਼ੈਰ-ਖ਼ਬਰ ਪੁੱਛੀ, ਜਿਹਨਾਂ ਉੱਤੇ ਕੱਲ• ਮੁਹਾਲੀ ਦੇ ਮਾਜਰੀ ਬਲਾਕ ਵਿਚ ਰੇਤ ਮਾਫੀਆ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਭਾਜਪਾ ਦੇ ਜਨਰਲ ਸਕੱਤਰ ਆਰਗੇਨਾਈਜੇਸ਼ਨ, ਦਿਨੇਸ਼ ਕੁਮਾਰ ਦੀ ਅਗਵਾਈ ਵਿਚ ਪੀਜੀਆਈ ਹਸਪਤਾਲ ਪਹੁੰਚੇ ਇਸ ਵਫ਼ਦ ਨੇ ਕੱਲ• ਹਮਲੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਬਲਾਕ ਜੰਗਲਾਤ ਅਧਿਕਾਰੀ ਦਵਿੰਦਰ ਸਿੰਘ, ਜਿਹਨਾਂ ਦਾ ਅੱਜ ਸਵੇਰੇ ਸਿਰ ਦਾ ਆਪਰੇਸ਼ਨ ਹੋਇਆ ਸੀ, ਦੀ ਖ਼ੈਰ-ਖ਼ਬਰ ਪੁੱਛੀ। ਉਹਨਾਂ ਨੇ ਦੋਵੇਂ ਜੰਗਲਾਤ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ।
ਇਸ ਮੌਕੇ ਡਾਕਟਰ ਚੀਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਦੋਂ ਵਫ਼ਦ ਮਿਲਣ ਗਿਆ ਤਾਂ ਦਵਿੰਦਰ ਸਿੰਘ ਪੀਜੀਆਈ ਦੇ ਸਰਜਰੀ ਵਾਰਡ ਦੇ ਗਲਿਆਰੇ ਵਿਚ ਇੱਕ ਸਟਰੈਚਰ ਉੱਤੇ ਬਹੁਤ ਹੀ ਤਰਸਯੋਗ ਹਾਲਤ ਵਿਚ ਲੇਟਿਆ ਹੋਇਆ ਸੀ। ਉਹਨਾਂ ਕਿਹਾ ਕਿ ਦਵਿੰਦਰ ਦੇ ਨੇੜਲੇ ਰਿਸ਼ਤੇਦਾਰ ਰਮਣੀਕ ਸਿੰਘ ਨੇ ਵਫ਼ਦ ਨੂੰ ਦੱਸਿਆ ਕਿ ਸਰਕਾਰ ਨੇ ਦਵਿੰਦਰ ਨੂੰ ਸਰਜਰੀ ਤੋਂ ਬਾਅਦ ਠੀਕ ਹੋਣ ਵਾਸਤੇ ਇੱਕ ਕਮਰਾ ਦਿਵਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਅਤੇ ਉਹਨਾਂ ਉੱਤੇ ਦਵਿੰਦਰ ਦੀ ਹਸਪਤਾਲੋਂ ਛੁੱਟੀ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਡਾਕਟਰ ਚੀਮਾ ਅਤੇ ਸ੍ਰੀ ਦਿਨੇਸ਼ ਕੁਮਾਰ ਨੇ ਪੀਜੀਆਈ ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਦਵਿੰਦਰ ਦੇ ਜਲਦੀ ਤੰਦਰੁਸਤ ਹੋਣ ਵਾਸਤੇ ਇਕ ਕਮਰੇ ਦਾ ਪ੍ਰਬੰਧ ਕਰਨ ਲਈ ਆਖਿਆ। ਭਾਜਪਾ ਦੇ ਸਕੱਤਰ ਨੇ ਕੇਂਦਰੀ ਸਿਹਤ ਮੰਤਰੀ ਦੇ ਦਫ਼ਤਰ ਵਿਚ ਵੀ ਫੋਨ ਕੀਤਾ ਅਤੇ ਉਹਨਾਂ ਦੇ ਓਐਸਡੀ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਬੇਨਤੀ ਕੀਤੀ ਕਿ ਜੰਗਲਾਤ ਅਧਿਕਾਰੀਆਂ ਦਵਿੰਦਰ ਸਿੰਘ ਅਤੇ ਬੇਲਦਾਰ ਕਰਨੈਲ ਸਿੰਘ ਦੇ ਸਹੀ ਇਲਾਜ ਲਈ ਉਹਨਾਂ ਵਾਸਤੇ ਢੁੱਕਵੇਂ ਬੈਡਾਂ ਦਾ ਪ੍ਰਬੰਧ ਕੀਤਾ ਜਾਵੇ।
ਅਕਾਲੀ ਭਾਜਪਾ ਵਫ਼ਦ ਦੇ ਮੈਬਰਾਂ, ਜਿਹਨਾਂ ਵਿਚ ਖਰੜ ਤੋਂ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਗਿੱਲ ਅਤੇ ਦਫਤਰ ਸਕੱਤਰ ਚਰਨਜੀਤ ਸਿੰਘ ਬਰਾੜ ਵੀ ਸ਼ਾਮਿਲ ਸਨ, ਨੇ ਇਸ ਮੌਕੇ ਜ਼ਖਮੀ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਅਕਾਲੀ ਦਲ ਆਪਣੀ ਪੂਰੀ ਵਾਹ ਲਾਏਗਾ।