ਰਾਜਪਾਲ ਨੂੰ ਬੇਨਤੀ ਕੀਤੀ ਕਿ ਸੂਬਾ ਸਰਕਾਰ ਨੂੰ ਉਹਨਾਂ ਅਧਿਕਾਰੀਆਂ ਦੀ ਜਾਨ ਅਤੇ ਮਾਲ ਦੀ ਰਾਖੀ ਦਾ ਹੁਕਮ ਦੇਣ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਸੰਜੀਦਗੀ ਨਾਲ ਕੰਮ ਕਰ ਰਹੇ ਹਨ
ਵਫਦ ਨੇ ਰਾਜਪਾਲ ਨੂੰ ਦੱਸਿਆ ਕਿ ਰੇਤ ਮਾਈਨਿੰਗ ਨੂੰ ਕਾਂਗਰਸ ਪਾਰਟੀ ਦੀ ਪੁਸ਼ਤਪਨਾਹੀ ਹਾਸਿਲ ਹੈ
ਚੰਡੀਗੜ•/21 ਜੂਨ:ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਦੇ ਇੱਕ ਸਾਂਝੇ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਇੱਕ ਮੰਗ-ਪੱਤਰ ਦੇ ਕੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਮੁਹਾਲੀ ਵਿਚ ਰੇਤ ਮਾਫੀਆ ਵੱਲੋਂ ਜੰਗਲਾਤ ਅਧਿਕਾਰੀਆਂ ਉਤੇ ਕੀਤੇ ਜਾਨਲੇਵਾ ਹਮਲੇ ਅਤੇ ਇਸ ਮਾਫੀਏ ਦੀਆਂ ਪੰਜਾਬ ਵਿਚ ਵਧ ਰਹੀਆਂ ਗੈਰਕਾਨੂੰਨੀ ਗਤੀਵਿਧੀਆਂ ਦੀ ਨਿਆਂਇਕ ਜਾਂਚ ਕਰਵਾਉਣ ਦਾ ਨਿਰਦੇਸ਼ ਦੇਣ, ਜਿਸ ਕਰਕੇ ਪੰਜਾਬ ਵਿਚ ਜੰਗਲ ਰਾਜ ਦਾ ਬੋਲਬਾਲਾ ਹੋ ਗਿਆ ਹੈ।
ਅਕਾਲੀ ਦਲ ਦੇ ਸਾਂਸਦ ਅਤੇ ਸਕੱਤਰ ਜਨਰਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਦੀ ਅਗਵਾਈ ਵਿਚ ਗਏ ਅਕਾਲੀ-ਭਾਜਪਾ ਦੇ ਇਸ ਸਾਂਝੇ ਵਫ਼ਦ ਨੇ ਰਾਜਪਾਲ ਨੂੰ ਦੋ ਦਿਨ ਪਹਿਲਾਂ ਮੁਹਾਲੀ ਵਿਚ ਰੇਤ ਮਾਫੀਆ ਵੱਲੋਂ ਦੋ ਜੰਗਲਾਤ ਅਧਿਕਾਰੀਆਂ ਉੱਤੇ ਕੀਤੇ ਜਾਨਲੇਵਾ ਹਮਲੇ ਅਤੇ ਕਾਂਗਰਸ ਪਾਰਟੀ ਵੱਲੋਂ ਇਸ ਮਾਫੀਆ ਦੀ ਸ਼ਰੇਆਮ ਕੀਤੀ ਜਾ ਰਹੀ ਪੁਸ਼ਤਪਨਾਹੀ ਬਾਰੇ ਦੱਸਿਆ।
ਵਫ਼ਦ ਨੇ ਰਾਜਪਾਲ ਨੂੰ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ ਨਿਰਦੇਸ਼ ਦੇਣ ਕਿ ਉਹ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸੰਜੀਦਗੀ ਨਾਲ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਦੇ ਜਾਨ ਅਤੇ ਮਾਲ ਦੀ ਰਾਖੀ ਨੂੰ ਯਕੀਨੀ ਬਣਾਏ। ਇਸ ਦੇ ਨਾਲ ਹੀ ਅਜਿਹੇ ਘਿਨੌਣੇ ਅਪਰਾਧਾਂ ਵਿਚ ਸ਼ਾਮਿਲ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਤੁਰੰਤ ਕੇਸ ਦਰਜ ਕਰੇ।
ਰਾਜਪਾਲ ਨੂੰ ਜੰਗਲਾਤ ਅਧਿਕਾਰੀਆਂ ਉੱਤੇ ਹੋਏ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਵਫ਼ਦ ਨੇ ਦੱਸਿਆ ਕਿ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੋ ਰਿਹਾ ਹੈ, ਕਿਉਂਕਿ ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਈਮਾਨਦਾਰੀ ਨਾਲ ਡਿਊਟੀ ਕਰ ਰਹੇ ਅਧਿਕਾਰੀਆਂ ਉੱਤੇ ਜਾਨਲੇਵਾ ਹਮਲੇ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਮੋਹਾਲੀ ਦੇ ਪਿੰਡ ਸਿਉਂਕ ਵਿਚ ਗੈਰਕਾਨੂੰਨੀ ਢੰਗ ਨਾਲ ਕੱਢਿਆ ਰੇਤਾ ਟਰੈਕਟਰ ਟਰਾਲੀ ਰਾਂਹੀ ਢੋਅ ਰਹੇ ਮਾਫੀਆ ਗਿਰੋਹ ਵੱਲੋਂ18 ਜੂਨ ਨੂੰ ਬਲਾਕ ਜੰਗਲਾਤ ਅਧਿਕਾਰੀ ਦਵਿੰਦਰ ਸਿੰਘ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ। ਵਫ਼ਦ ਨੇ ਦੱਸਿਆ ਕਿ ਦਵਿੰਦਰ ਸਿੰਘ ਇਸ ਸਮੇਂ ਪੀਜੀਆਈ ਹਸਪਤਾਲ ਦੇ ਆਈਸੀਯੂ ਵਾਰਡ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਜਦਕਿ ਇਸ ਹਮਲੇ ਵਿਚ ਜ਼ਖ਼ਮੀ ਹੋਇਆ ਦੂਜਾ ਜੰਗਲਾਤ ਅਧਿਕਾਰੀ ਬੇਲਦਾਰ ਕਰਨੈਲ ਸਿੰਘ ਵੀ ਪੀਜੀਆਈ ਵਿਚ ਜੇਰੇ-ਇਲਾਜ ਹੈ।
ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਰਾਜਪਾਲ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ 19 ਨਵੰਬਰ 2017 ਨੂੰ ਰੇਤ ਮਾਫੀਆ ਵੱਲੋਂ ਮਾਈਨਿੰਗ ਵਿਭਾਗ ਦੇ ਜਨਰਲ ਮੈਨੇਜਰ ਸਰਦਾਰ ਟਹਿਲ ਸਿੰਘ ਸੇਖੋਂ ਉੱਤੇ ਉਸ ਸਮੇਂ ਸ਼ਰੇਆਮ ਹਮਲਾ ਕੀਤਾ ਗਿਆ ਸੀ, ਜਦੋਂ ਉਸ ਨੇ ਘੱਗਰ ਦਰਿਆ ਦੇ ਨੇੜੇ ਪੈਂਦੇ ਪਿੰਡ ਰਾਜਗੜ• ਵਿਚ ਗੈਰਕਾਨੂੰਨੀ ਤੌਰ ਤੇ ਕੱਢੇ ਰੇਤੇ ਨਾਲ ਭਰੇ ਇੱਕ ਟਿੱਪਰ ਨੂੰ ਰੋਕਿਆ ਸੀ। ਇੰਨਾ ਹੀ ਨਹੀਂ ਉਸ ਨੂੰ ਟਿੱਪਰ ਥੱਲੇ ਕੁਚਲਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਉਹਨਾਂ ਕਿਹਾ ਕਿ ਹਾਲਾਤ ਇੰਨੇ ਮਾੜੇ ਹਨ ਕਿ ਜਦੋਂ ਸੇਖੋਂ ਨੇ ਸ਼ੰਭੂ ਪੁਲਿਸ ਸਟੇਸ਼ਨ ਵਿਖੇ ਐਫਆਈਆਰ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਐਸਐਚਓ ਨੇ ਨਾ ਸਿਰਫ ਉਸ ਦੀ ਕੁੱਟਮਾਰ ਕੀਤੀ ਸਗੋਂ ਉਸ ਉੱਤੇ ਦੋਸ਼ੀਆਂ ਨਾਲ ਸਮਝੌਤਾ ਕਰਨ ਲਈ ਵੀ ਦਬਾਅ ਪਾਇਆ, ਜਿਹਨਾਂ ਉੱਤੇ ਘਨੌਰ ਦੇ ਵਿਧਾਇਕ ਦਾ ਹੱਥ ਸੀ।
ਸ੍ਰੀ ਸ਼ਵੇਤ ਮਲਿਕ ਨੇ ਕਿਹਾ ਕਿ ਸਪੱਸ਼ਟ ਹੈ ਕਿ ਕਾਂਗਰਸ ਦੇ ਖੁੱਲ•ੇ ਸਮਰਥਨ ਕਰਕੇ ਸੂਬੇ ਅੰਦਰ ਰੇਤ ਮਾਫੀਆ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਵਧ ਫੁੱਲ ਰਹੀਆਂ ਹਨ। ਉਹਨਾਂ ਕਿਹਾ ਕਿ ਲੋਕਾਂ ਅੰਦਰ ਇਹ ਡਰ ਘਰ ਕਰ ਗਿਆ ਹੈ ਕਿ ਮਾਫੀਆ ਰਾਜ ਨੂੰ ਰੋਕਣ ਵਾਸਤੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸੱਤਾ ਸੰਭਾਲਦੇ ਹੀ ਉਸ ਸਮੇਂ ਦੇ ਬਿਜਲੀ ਮੰਤਰੀ ਨੇ ਆਪਣੇ ਨੇਪਾਲੀ ਖਾਨਸਾਮੇ ਅਤੇ ਕਰਮਚਾਰੀਆਂ ਦੇ ਨਾਂ ਉਤੇ ਰੇਤ ਖੱਡਾਂ ਹਾਸਿਲ ਕਰ ਲਈਆਂ ਸਨ। ਉਹਨਾਂ ਕਿਹਾ ਕਿ 16 ਕਾਂਗਰਸੀ ਵਿਧਾਇਕਾਂ ਨੇ ਰਲ ਕੇ ਇਕਹਿਰੀਆਂ ਬੋਲੀਆਂ ਰਾਹੀਂ ਆਪਣੇ ਸਾਥੀਆਂ ਅਤੇ ਰਿਸ਼ਤੇਦਾਰਾਂ ਦੇ ਨਾਂ ਉੱਤੇ ਰੇਤ ਦੀਆਂ ਖੱਡਾਂ ਅਲਾਟ ਕਰਵਾਈਆਂ ਸਨ, ਜੋ ਕਿ ਪੂਰੀ ਤਰ•ਾਂ ਗੈਰਕਾਨੂੰਨੀ ਸਨ।
ਵਫ਼ਦ ਨੇ ਇਹ ਖੁਲਾਸਾ ਕੀਤਾ ਕਿ ਕਾਂਗਰਸ ਦੇ ਸ਼ਾਹਕੋਟ ਜ਼ਿਮਨੀ ਚੋਣ ਲਈ ਉੰਮੀਦਵਾਰ ਹਰਦੇਵ ਸਿੰਘ ਲਾਡੀ ਦੀ ਗੈਰਕਾਨੂੰਨੀ ਮਾਈਨਿੰਗ ਵਿਚ ਸ਼ਮੂਲੀਅਤ ਬਾਰੇ ਮੀਡੀਆ ਵਿਚ ਰੌਲਾ ਪੈਣ ਦੇ ਬਾਵਜੂਦ ਉਸ ਖਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਉਹਨਾਂ ਕਿਹਾ ਕਿ ਉਸ ਸਮੇਂ ਮਹਿਤਪੁਰ ਦੇ ਐਸਐਚਓ ਨੇ ਦਲੇਰੀ ਵਿਖਾਉਂਦੇ ਹੋਏ ਲਾਡੀ ਖ਼ਿਲਾਫ ਗੈਰਕਾਨੂੰਨੀ ਮਾਈਨਿੰਗ ਕਰਨ ਲਈ ਪਰਚਾ ਦਰਜ ਕੀਤਾ ਸੀ, ਬਾਅਦ ਵਿਚ ਜਿਸ ਦੀ ਪੁਲਿਸ ਅਧਿਕਾਰੀ ਨੂੰ ਭਾਰੀ ਕੀਮਤ ਚੁਕਾਉਣੀ ਪਈ।
ਵਫ਼ਦ ਨੇ ਕਿਹਾ ਕਿ ਇਹ ਸਭ ਸੱਤਾਧਾਰੀ ਪਾਰਟੀ ਅਤੇ ਸੂਬੇ ਦੇ ਅਪਰਾਧੀਆਂ ਵਿਚਕਾਰ ਹੋਏ ਨਾਪਾਕ ਗਠਜੋੜ ਕਰਕੇ ਵਾਪਰ ਰਿਹਾ ਹੈ। ਜਦੋਂ ਵੀ ਕਿਸੇ ਗੰਭੀਰ ਅਪਰਾਧ ਦੀ ਜਾਂਚ ਸ਼ੁਰੂ ਹੁੰਦੀ ਹੈ ਤਾਂ ਸੱਤਾਧਾਰੀ ਪਾਰਟੀ ਦੇ ਮੈਂਬਰ ਆਪਣਾ ਰਸੂਖ ਵਰਤ ਕੇ ਉਸ ਨੂੰ ਅਧਵਿਚਾਲੇ ਹੀ ਰੁਕਵਾ ਦਿੰਦੇ ਹਨ।
ਵਫ਼ਦ ਨੇ ਰਾਜਪਾਲ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਕਿ ਜਦੋ ਤੋਂ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਹੈ, ਸੂਬੇ ਅੰਦਰ ਅਮਨ ਕਾਨੂੰਨ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਡਕੈਤੀਆਂ, ਕਤਲ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਆਮ ਵਰਤਾਰਾ ਬਣ ਗਈਆਂ ਹਨ। ਉਹਨਾਂ ਕਿਹਾ ਕਿ ਹਾਲਾਤ ਇਹ ਹੋ ਚੁੱਕੇ ਹਨ ਕਿ ਜੇਲ•ਾਂ ਵਿਚ ਬੈਠੇ ਖਤਰਨਾਕ ਅਪਰਾਧੀ ਸ਼ਰੇਆਮ ਮੁੱਖ ਮੰਤਰੀ ਨੂੰ ਧਮਕੀਆਂ ਦੇ ਰਹੇ ਹਨ, ਬਾਕੀ ਮੰਤਰੀਆਂ ਅਤੇ ਸੂਬੇ ਦੇ ਡੀਜੀਪੀ ਨੂੰ ਧਮਕਾਉਣਾ ਤਾਂ ਆਮ ਗੱਲ ਹੋ ਚੁੱਕੀ ਹੈ।
ਇਸ ਵਫ਼ਦ ਵਿਚ ਅਕਾਲੀ ਦਲ ਵੱਲੋਂ ਸਰਦਾਰ ਬਲਵਿੰਦਰ ਸਿੰਘ ਭੂੰਦੜ, ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਸਰਦਾਰ ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ ਭਾਜਪਾ ਵੱਲੋਂ ਸ੍ਰੀ ਮਦਨ ਮੋਹਨ ਮਿੱਤਲ, ਸ੍ਰੀ ਰਾਜਿੰਦਰ ਭੰਡਾਰੀ, ਸ੍ਰੀ ਮਨੋਰੰਜਨ ਕਾਲੀਆ, ਸ੍ਰੀ ਅਸ਼ਵਨੀ ਸ਼ਰਮਾ ਅਤੇ ਸ੍ਰੀ ਰਾਕੇਸ਼ ਰਾਠੌਰ ਵੀ ਸ਼ਾਮਿਲ ਸਨ।