ਮਿਤੀ 4 ਮਈ, 2018
ਪਰਮ ਸਤਿਕਾਰਯੋਗ ਸ਼੍ਰੀ ਵੀ.ਪੀ ਸਿੰਘ ਬਦਨੌਰ ……ਜੀਓ,
ਮਾਨਯੋਗ ਰਾਜਪਾਲ, ਪੰਜਾਬ
ਅੱਜ ਅਸੀਂ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਪੰਜਾਬ ਅਤੇ ਸਿੱਖ ਕੌਮ ਦੇ ਇਤਿਹਾਸ ਉਤੇ ਲਕੀਰ ਮਾਰਕੇ ਮਹਾਨ ਗੁਰੂ ਸਾਹਿਬਾਨ ਵਲੋਂ ਸਮੁੱਚੀ ਮਾਨਵਤਾ ਨੂੰ ਬਖਸ਼ੇ ਗੌਰਵਮਈ ਅਤੇ ਸ਼ਾਨਾਮੱਤੇ ਵਿਰਸੇ ਨੂੰ ਸਦਾ ਸਦਾ ਲਈ ਮਿਟਉਣ ਦੀ ਅਤਿਅੰਤ ਘਿਨਾਉਣੀ ਅਤੇ ਖਤਰਨਾਕ ਸਾਜ਼ਿਸ਼ ਅਤੇ ਉਸ ਸਾਜ਼ਿਸ਼ ਕਾਰਣ ਸਮੂਹ ਦੇਸ਼ ਵਾਸੀਆਂ, ਸਾਰੇ ਪੰਜਾਬੀਆਂ ਅਤੇ ਸਮੁੱਚੇ ਖਾਲਸਾ ਪੰਥ ਵਿਚ ਸਮ੍ਹੂਹ ਸੰਗਤਾਂ ਦੇ ਮਨਾਂ ਵਿਚ ਉਠੀ ਗਹਿਰੀ ਪੀੜਾ, ਚਿੰਤਾਂ ਅਤੇ ਰੋਹ ਦੀ ਲਹਿਰ ਵੱਲ ਆਪ ਜੀ ਦਾ ਧਿਆਨ ਦੁਆਉਣ ਹਿੱਤ ਆਪ ਜੀ ਦੇ ਸਨਮੁੱਖ ਹਾਜ਼ਰ ਹੋਏ ਹਾਂ।
ਅਸੀਂ ਆਪ ਜੀ ਨੂੰ ਇਹ ਬੇਨਤੀ ਕਰਨ ਆਏ ਹਾਂ ਕਿ ਆਪ ਜੀ ਵੱਲੋਂ ਇਸ ਨਾਜ਼ੁਕ ਅਤੇ ਅਹਿਮ ਮੁੱਦੇ ਉਤੇ ਤੁਰੰਤ, ਸਿੱਧੀ ਅਤੇ ਨਿਰਣਾਇਕ ਦਖਲ ਅੰਦਾਜ਼ੀ ਕਰਨ ਦੀ ਕ੍ਰਿਪਾਲਤਾ ਕੀਤੀ ਜਾਏ ਜੀ ।
ਜਿਵੇਂ ਕਿ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਆਪ ਜੀ ਨੂੰ ਪਹਿਲੋਂ ਹੀ ਜਾਣਕਾਰੀ ਪਹੁੰਚ ਚੁੱਕੀ ਹੋਵੇਗੀ, ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਸੂਬੇ ਵਿਚ ਬਾਹਰਵੀਂ ਜਮਾਤ ਦੇ ਬੱਚਿਆਂ ਨੂੰ ਪੜਾਏ ਜਾਣ ਵਾਲੀਆਂ ਇਤਿਹਾਸ ਦੀਆਂ ਪੁਸਤਕਾਂ ਅਤੇ ਉਹਨਾਂ ਪੁਸਤਕਾਂ ਵਿਚ ਸ਼ਾਮਿਲ ਕੀਤੇ ਜਾਣ ਵਾਲੇ ਸਾਰੇ ਸਿਲੇਬਸ ਵਿਚੋਂ ਮਹਾਨ ਗੁਰੂ ਸਾਹਿਬਾਨ ਅਤੇ ੳੱਚ-ਕੋਟੀ ਦੀਆਂ ਸਿੱਖ ਸਖਸ਼ੀਅਤਾਂ ਦੇ ਇਤਹਾਸ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ ਗਿਆ ਹੈ। ਪੰਜਾਬ ਅਤੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ, ਜੋ ਕਿ ਅੱਜ ਤੱਕ ਪੂਰੇ ਵੇਰਵਿਆਂ ਅਤੇ ਇਤਿਹਾਸਿਕ ਤਸਵੀਰਾਂ ਸਹਿਤ ਪੜਾਇਆ ਜਾ ਰਿਹਾ ਸੀ, ਉਤੇ ਹੁਣ ਪੂਰੀ ਤਰਾਂ ਲਕੀਰ ਮਾਰਨ ਦੀ ਇਸ ਕਾਰਵਾਈ ਵਿਰੁੱਧ ਸੂਬੇ ਵਿਚ ਮੀਡੀਆਂ ਦੇ ਪ੍ਰਭਾਵਸ਼ਾਲੀ ਹਲਕਿਆਂ ਅਤੇ ਅਹਿਮ ਵਿਦਅਕ, ਬੁੱਧੀਜੀਵੀ ਅਤੇ ਧਾਰਮਿਕ ਸ਼ਖਸੀਅਤਾਂ ਅਤੇ ਅਦਾਰਿਆਂ ਵਲੋਂ ਅਤੇ ਸ਼੍ਰ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਲੋਂ ਪੁਰਜ਼ੋਰ ਤਰੀਕੇ ਨਾਲ ਸਰਕਾਰ ਦੇ ਧਿਆਨ ਵਿਚ ਲਿਆ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸਨਿਮਰ ਬੇਨਤੀ ਕੀਤੀ ਗਈ ਕਿ ਉਹ ਇਸ ਸਬੰਧ ਵਿਚ ਪ੍ਰਸਿੱਧ ਅਤੇ ਮਹਾਨ ਸਿੱਖ ਇਤਿਹਾਸਕਾਰਾਂ ਅਤੇ ਹੋਰ ਗਿਆਨੀ ਮਾਹਿਰਾਂ ਤੋਂ ਰਾਏ ਲੈ ਕੇ ਇਸ ਅਤਿਅੰਤ ਸੰਗੀਨ, ਘਿਨਾਉਣੀ ਅਤੇ ਖਤਰਨਾਕ ਸਾਜ਼ਿਸ਼ ਉਤੇ ਕੀਤੇ ਜਾ ਰਹੇ ਅਮਲ ਉਤੇ ਤੁਰੰਤ ਰੋਕ ਲਾ ਕੇ ਸਮੁੱਚੇ ਮਾਮਲੇ ਦੀ ਵਿਆਪਕ ਜਾਂਚ ਕਰਵਾਉਣ ਤਾਂ ਕਿ ਇਸ ਸ਼ਰਮਨਾਕ ਅਤੇ ਖਤਰਨਾਕ ਸਜ਼ਿਸ਼ ਨੂੰ ਜੜੋਂ ਖਤਮ ਕਰਨ ਦੇ ਨਾਲ ਨਾਲ ਇਸ ਸਾਜ਼ਿਸ਼ ਦੇ ਦੋਸ਼ੀ ਵਿਅਕਤੀਆਂ ਨੂੰ ਢੁਕਵੀਆਂ ਸਜ਼ਾਵਾਂ ਦੇਣਾ ਵੀ ਯਕੀਨੀ ਬਣਾਇਆ ਜਾਏ।
ਮੁੱਖ ਮੰਤਰੀ ਜੀ ਨੂੰ ਇਹ ਬੇਨਤੀ ਵੀ ਕੀਤੀ ਗਈ ਸੀ ਕਿ ਇਸ ਜਾਂਚ ਦੇ ਅਮਲ ਦੇ ਪੂਰੇ ਹੋਣ ਤੱਕ 11 ਵੀਂ ਅਤੇ 12ਵੀ ਕਲਾਸ ਦੇ ਵਿਦਿਅਰਥੀਆਂ ਨੂੰ ਪਹਿਲੇ ਵਾਲੇ ਸਿਲੇਬਸ ਅਨੁਸਾਰ ਮੌਜੂਦਾ ਕਿਤਾਬਾਂ ਰਾਹੀਂ ਪੜਾਉਣ ਦਾ ਅਮਲ ਜਾਰੀ ਰੱਖਿਆ ਜਾਏ ਤਾਂ ਜੋ ਸਰਕਾਰ ਜਾਂ ਸਕੂਲ ਸਿੱਖਿਆ ਬੋਰਡ ਦੀ ਗਲਤੀ ਦਾ ਖਮਿਆਜ਼ਾ ਬੱਚਿਆਂ ਨੂੰ ਨਾ ਭੁਗਤਣਾ ਪਵੇ। ਇਥੇ ਆਪ ਜੀ ਦੀ ਜਾਣਕਾਰੀ ਹਿੱਤ ਇਹ ਦੱਸਣਾ ਜ਼ਰੂਰੀ ਅਤੇ ਯੋਗ ਹੋਵੇਗਾ ਜੀ ਕਿ ਪੁਰਾਣੇ ਸਿਲੇਬਸ ਵਿਚ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਪੂਰੀ ਸੰਵੇਦਨਾਂ , ਸੰਜੀਦਗੀ ਅਤੇ ਗਹਿਰਾਈ ਨਾਲ ਪੇਸ਼ ਕੀਤਾ ਗਿਆ ਹੈ ।ਉਸ ਤੋਂ ਇਲਾਵਾ 11ਵੀਂ ਅਤੇ 12ਵੀਂ ਕਲਾਸ ਵਿਚ ਵਿਸ਼ਵ ਇਤਿਹਾਸ ਤੇ ਭਾਰਤ ਦੇ ਇਤਿਹਾਸ ਨੂੰ ਵੀ ਵਿਸਥਾਰ ਸਹਿਤ ਅਤੇ ਗਹਿਰਾਈ ਵਿਚ ਪੜ੍ਹਾਇਆ ਜਾ ਰਿਹਾ ਸੀ।
ਪਰ ਹੁਣ ਬੋਰਡ ਨੇ ਕਿਸੇ ਜਾਇਜ਼ ਅਤੇ ਠੋਸ ਵਜ੍ਹਾ, ਤਰਕ ਜਾਂ ਕਿਸੇ ਵੀ ਹੋਰ ਅਕਾਦਮਿਕ ਕਾਰਨ ਤੋਂ ਬਿਨਾਂ ਹੀ 12ਵੀ ਕਲਾਸ ਵਿਚੋਂ ਸਿੱਖ ਇਤਿਹਾਸ ਉੱਤੇ ਸਿਰਿੳੁਂ ਹੀ ਲੀਕ ਫੇਰ ਦਿਤੀ ਹੈ ।
ਹੁਣ ਇਸ ਕਾਰਵਾਈ ਨੂੰ ਇਹ ਕਹਿ ਕੇ ਜਾਇਜ਼ ਠਹਿਰਾਉਣ ਦੀ ਕੋਝੀ ਅਤੇ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਇਤਿਹਾਸ 12 ਵੀਂ ਜਮਾਤ ਵਿਚ ਪੜ੍ਹਾਇਆ ਜਾ ਰਿਹਾ ਸੀ , ਉਸ ਨੂੰ 11 ਵੀਂ ਜਮਾਤ ਦੇ ਪਾਠ ਕ੍ਰਮ ਵਿਚ ਸ਼ਾਮਿਲ ਕਰ ਦਿਤਾ ਗਿਆ ਹੈ। ਪਹਿਲੀ ਗੱਲ ਤਾਂ ਇਹ ਕਿ ਇਹ ਦਲੀਲ ਵੀ ਪੂਰੀ ਤਰਾਂ ਝੂਠੀ ਅਤੇ ਨਿਰਾਧਾਰ ਹੈ ਕਿਉਂਕਿ ਬੋਰਡ ਵੱਲੋਂ ਵੰਡੇ ਗਏ ਸਿਲੇਬਸ ਅਨੁਸਾਰ ਸਿੱਖ ਇਤਿਹਾਸ ਦੇ ਜਿਹੜੇ 23 ਚੈਪਟਰਾਂ ਨੂੰ 12ਵੀਂ ਦੀਆਂ ਕਿਤਾਬਾਂ ਤੇ ਸਿਲੇਬਸ ਵਿਚੋਂ ਕੱਢ ਦਿੱਤਾ ਗਿਆ ਹੈ, ਉਹ 11ਵੀ ਦੇ ਸਿਲੇਬਸ ਵਿਚ ਸ਼ਾਮਿਲ ਨਹੀਂ ਕੀਤੇ ਗਏ ਹਨ। ਦੂਜੇ, 11ਵੀਂ ਕਲਾਸ ਲਈ ਸਿੱਖ ਇਤਿਹਾਸ ਦੇ ਜਿਹੜੇ ਚੈਪਟਰਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਉਹ ਤਾਂ ਪਹਿਲੋਂ ਵੀ 11ਵੀਂ ਕਲਾਸ ਦੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਲੇਕਿਨ ਜਿਹੜੇ 23 ਚੈਪਟਰ ਕੱਢ ਦਿੱਤੇ ਗਏ ਹਨ, ਉਹਨਾਂ ਨੂੰ 11ਵੀਂ ਦੇ ਪਾਠਕ੍ਰਮ ਵਿਚ ਸ਼ਾਮਿਲ ਨਹੀਂ ਕੀਤਾ ਗਿਆ।
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ 12ਵੀਂ ਕਲਾਸ, ਜਿਸ ਦਾ ਇਮਤਿਹਾਨ ਬੋਰਡ ਵੱਲੋਂ ਲਿਆ ਜਾਂਦਾ ਹੈ, ਦੀ ਤੁਲਨਾ 11ਵੀਂ ਕਲਾਸ ਨਾਲ ਨਹੀਂ ਕੀਤੀ ਜਾ ਸਕਦੀ । ਵਿਦਆਰਥੀਆਂ ਲਈ ਜੋ ਅਹਿਮੀਅਤ ਅਤੇ ਸੰਜੀਦਗੀ ਬੋਰਡ ਦੇ ਇਮਿਤਹਾਨ ਅਤੇ ਉਹਨਾਂ ਕਲਾਸਾਂ ਲਈ ਹੁੰਦੀ ਹੈ, ਉਹ ਹੇਠਲੀਆਂ ਕਲਾਸਾਂ ਲਈ ਨਹੀ ਹੁੰਦੀ ਹੈ ਤੇ ਨਾ ਹੋ ਸਕਦੀ ਹੈ।
ਇਸ ਲਈ ਮਹਾਨ ਗੁਰੂ ਸਾਹਿਬਾਨ ਸਮੇਤ ਸਮੁੱਚੇ ਸਿੱਖ ਇਤਿਹਾਸ ਨੂੰ 12ਵੀ ਕਲਾਸ ਤੋਂ ਕੱਢ ਕੇ ਛੋਟੀਆਂ ਕਲਾਸਾਂ ਵਿਚ ਪਾਉਣਾ ਸਿਧੇ ਤੌਰ 'ਤੇ ਉਹਨਾਂ ਦੇ ਇਤਿਹਾਸ ਨੂੰ ਛੋਟਾ ਕਰਨ ਅਤੇ ਉਹਨਾਂ ਦੇ ਮਹਾਨ ਵਿਰਸੇ ਦੀ ਤੌਹੀਨ ਕਰਨ ਵਾਲੀ ਕਰਤੂਤ ਹੈ, ਜਿਸ ਨੂੰ ਸਿੱਖ ਹਿਰਦੇ ਕਦੇ ਵੀ ਮੁਆਫ ਨਹੀ ਕਰਨਗੇ।
(ਇਸ ਸਾਰੇ ਮੁੱਦੇ ਉਤੇ ਇਕ ਵਿਆਪਕ ਨੋਟ ਆਪ ਜੀ ਦੇ ਧਿਆਨ ਹਿੱਤ ਅਲੱਗ ਤੌਰ ਦਿੱਤਾ ਜਾ ਰਿਹਾ ਹੈ ਜੀ )
ਮਾਨਯੋਗ ਰਾਜਪਾਲ ਜੀ, ਅਸੀਂ ਆਪ ਜੀ ਦੇ ਸਨਮੁੱਖ ਇਹ ਬੇਨਤੀ ਲੈ ਕੇ ਹਾਜ਼ਰ ਹੋਏ ਹਾਂ ਕਿ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਮਿਟਾਉਣ ਦੀ ਇਸ ਸਾਜ਼ਿਸ਼ ਨੂੰ ਸਮੇਂ ਸਿਰ ਸਿਰੇ ਚੜ੍ਹਣ ਤੋਂ ਰੋਕਿਆ ਜਾਏ । ਸਾਡੀ ਸਨਿਮਰ ਬੇਨਤੀ ਹੈ ਕਿ ਇਸ ਬੇਹੱਦ ਗੰਭੀਰ, ਅਹਿਮ, ਅਕਾਦਿਮਕ, ਧਾਰਮਿਕ ਅਤੇ ਭਾਵਨਾਤਮਿਕ ਮੁੱਦੇ ਉਤੇ ਆਪ ਜੀ ਵੱਲੋਂ ਤੁਰੰਤ ਸਿੱਧੀ ਦਖਲਅੰਦਾਜ਼ੀ ਅਤੇ ਲੋੜੀਂਦੀ ਕਾਰਵਾਈ ਕਰ ਕੇ ਸਿੱਖ ਇਤਿਹਾਸ ਉਤੇ ਪਹਿਰਾ ਦਿੱਤਾ ਜਾਏ।
ਆਪ ਜੀ ਵਲੋਂ ਕੀਤੀ ਜਾਣ ਵਾਲੀ ਅਸਰਦਾਇਕ ਕਾਰਵਾਈ ਲਈ ਨਾ ਕੇਵਲ ਪੂਰਾ ਪੰਜਾਬ, ਸਮੁੱਚੀ ਸਿੱਖ ਕੌਮ ਅਤੇ ਸਾਰਾ ਦੇਸ਼ ਬਲਕਿ ਸਮੁੱਚੀ ਮਾਨਵਤਾ ਆਪਜੀ ਦੀ ਧੰਨਵਾਦੀ ਹੋਏਗੀ, ਕਿਉਂਕਿ ਮਹਾਨ ਗੁਰੂ ਸਾਹਿਬਾਨ ਦਾ ਵਿਰਸਾ ਅਤੇ ਦੇਸ਼ ਅਤੇ ਕੌਮ ਲਈ ਖਾਲਸਾ ਪੰਥ ਲਈ ਦਿੱਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਅਤੇ ਉਸ ਵਲੱੋਂ ਦੇਸ਼ ਦੀ ਆਜ਼ਾਦੀ ਹਾਸਿਲ ਕਰਨ ਅਤੇ ਆਜ਼ਾਦੀ ਤੋਂ ਬਾਅਦ ਉਸ ਉੱਤੇ ਪਹਿਰਾ ਦੇਣ ਲਈ ਮਹਾਨ ਗੁਰੂ ਸਾਹਿਬਾਨ ਦੇ ਅਨੁਆਈਆਂ ਵਲੋਂ ਮਾਰੀਆਂ ਗਈਆਂ ਮੱਲਾਂ ਹਿੰਦੋਸਤਾਨ ਦੇ ਇਤਿਹਾਸ ਦਾ ਗੌਰਵਮਈ ਹਿੱਸਾ ਹਨ ।
ਅਜਿਹੇ ਸ਼ਾਨਾਮੱਤੇ ਇਤਹਾਸ ਨੂੰ ਕੱਢਣ ਅਤੇ ਮਿਟਾਉਣ ਦੀਆਂ ਸਾਜ਼ਿਸ਼ਾਂ ਕਿਸੇ ਦੇਸ਼ ਵਿਰੋਧੀ ਸੋਚ ਦੀ ਹੀ ਉਪਜ ਹੋ ਸਕਦੀ ਹੈ।
ਆਪ ਜੀ ਤੋਂ ਜਲਦ ਅਤੇ ਅਸਰਦਾਇਕ ਕਦਮ ਚੁੱਕੇ ਜਾਣ ਦਾ ਸਮੂਹ ਪੰਜਾਬੀਆਂ ਨੂੰ ਇੰਤਿਜ਼ਾਰ ਰਹੇਗਾ ਜੀ ।
(ਸੁਖਬੀਰ ਸਿੰਘ ਬਾਦਲ ) (ਸ਼
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਭਾਰਤੀ ਜਨਤਾ ਪਾਰਟੀ, ਪੰਜਾਬ ਇਕਾਈ