ਕਮਿਸ਼ਨ ਡਾਇਰੈਕਟਰ ਨੇ ਬਠਿੰਡਾ ਐਸਐਸਪੀ ਨੂੰ ਨੋਟਿਸ ਜਾਰੀ ਕੀਤਾ ਅਤੇ ਉਹਨਾਂ ਨੂੰ ਤਿੰਨ ਦਿਨਾਂ ਅੰਦਰ ਐਫਆਈਆਰ ਦਰਜ ਕਰਨ ਅਤੇ ਕਾਰਵਾਈ ਕਰਨ ਲਈ ਕਿਹਾ
ਚੰਡੀਗੜ•/12 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਇੱਕ ਸਾਂਝੇ ਵਫਦ ਨੇ ਅੱਜ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਇੱਕ ਸ਼ਿਕਾਇਤ ਦਰਜ ਕਰਵਾਉਂਦਿਆਂ ਮੰਗ ਕੀਤੀ ਹੈ ਕਿ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਉਰਫ ਜੋਜੋ ਅਤੇ ਦੂਜੇ ਕਾਂਗਰਸੀ ਆਗੂਆਂ ਖ਼ਿਲਾਫ ਦੋ ਦਿਨ ਪਹਿਲਾਂ ਬਠਿੰਡਾ ਵਿਖੇ ਇੱਕ ਧਰਨੇ ਦੌਰਾਨ ਦਲਿਤ ਭਾਈਚਾਰੇ ਉੱਤੇ ਜਾਤੀਸੂਚਕ ਅਤੇ ਅਪਮਾਨਜਨਕ ਟਿੱਪਣੀਆਂ ਕਰਨ ਵਾਸਤੇ ਐਸਸੀ-ਐਸਟੀ ਜ਼ੁਲਮ ਰੋਕੂ ਸੋਧੇ ਐਕਟ, 2015 ਤਹਿਤ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਡਾਇਰੈਕਟਰ ਰਾਜ ਕੁਮਾਰ ਨੇ ਵਫ਼ਦ ਦੀ ਸ਼ਿਕਾਇਤ ਨੂੰ ਠਰ•ੰਮੇ ਨਾਲ ਸੁਣਨ ਮਗਰੋਂ ਬਠਿੰਡਾ ਐਸਐਸਪੀ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਉਹ ਵੀਡਿਓਗਰਾਫਿਕ ਸਬੂਤ ਦੇ ਆਧਾਰ ਉੱਤੇ ਤਿੰਨ ਦਿਨਾਂ ਦੇ ਅੰਦਰ ਸਾਰੇ ਦੋਸ਼ੀਆਂ ਖ਼ਿਲਾਫ ਐਫਆਈਆਰ ਦਰਜ ਕਰਨ।
ਅਕਾਲੀ-ਭਾਜਪਾ ਦੇ ਇਸ ਸਾਂਝੇ ਵਫਦ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ, ਚਰਨਜੀਤ ਸਿੰਘ ਅਟਵਾਲ, ਪਵਨ ਕੁਮਾਰ ਟੀਨੂੰ ਤੋਂ ਇਲਾਵਾ ਭਾਜਪਾ ਦੇ ਅਵਤਾਰ ਸਿੰਘ ਸਿੱਕਰੀ ਅਤੇ ਜਸਬੀਰ ਸਿੰਘ ਮਹਿਤਾ ਸ਼ਾਮਿਲ ਸਨ। ਵਫਦ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਡਾਇਰੈਕਟਰ ਰਾਜ ਕੁਮਾਰ ਨੂੰ ਲਿਖ਼ਤੀ ਸ਼ਿਕਾਇਤ ਦੇ ਨਾਲ ਵੀਡੀਓਗਰਾਫ਼ਿਕ ਸਬੂਤ ਦਿੰਦਿਆਂ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਇਸ਼ਾਰੇ ਉੱਤੇ ਕਮਜ਼ੋਰ ਤਬਕਿਆਂ ਦੀ ਭਲਾਈ ਲਈ ਰੱਖੇ ਇਸ ਧਰਨੇ ਦੌਰਾਨ ਦਲਿਤ ਭਾਈਚਾਰੇ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ।
ਆਗੂਆਂ ਨੇ ਕਿਹਾ ਕਿ ਇਸ ਪੂਰੀ ਘਟਨਾ ਦੀ ਵਾਇਰਲ ਹੋ ਚੁੱਕੀ ਵੀਡਿਓ ਦੇ ਮੁਤਾਬਿਕ ਜੋਜੋ ਦਲਿਤ ਭਾਈਚਾਰੇ ਬਾਰੇ ਚਰਚਾ ਕਰਨ ਦੇ ਮੁੱਦੇ ਦੰਦੀਆਂ ਕੱਢਦਾ ਵਿਖਾਈ ਦੇ ਰਿਹਾ ਸੀ। ਉਹਨਾਂ ਕਿਹਾ ਕਿ ਜੋਜੋ ਸਿਰਫ ਇੱਥੇ ਹੀ ਨਹੀਂ ਰੁਕਿਆ, ਸਗੋਂ ਉਸ ਨੇ ਦਲਿਤ ਭਾਈਚਾਰੇ ਦੇ ਮੈਬਰਾਂ ਦੀ ਚਮੜੀ ਦੇ ਰੰਗ ਨੂੰ ਲੈ ਕੇ ਵੀ ਅਪਮਾਨਜਨਕ ਟਿੱਪਣੀਆਂ ਕੀਤੀਆਂ।
ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਡਾਇਰੈਕਟਰ ਨੂੰ ਘਟਨਾਵਾਂ ਦੀ ਤਫਸੀਲ ਬਾਰੇ ਜਾਣਕਾਰੀ ਦਿੰਦਿਆਂ ਵਫ਼ਦ ਨੇ ਦੱਸਿਆ ਕਿ ਮੀਡੀਆ ਨਾਲ ਗੱਲ ਕਰਦਿਆਂ ਜੋਜੋ ਨੇ ਸਭ ਤੋਂ ਪਹਿਲਾਂ ਹੱਸਦੇ ਹੋਏ ਦਲਿਤ ਆਗੂਆਂ ਨੂੰ ਅੱਗੇ ਆਉਣ ਲਈ ਆਖਿਆ। ਇਸ ਮਗਰੋਂ ਜੋਜੋ ਨੇ ਇੱਕ ਸਮਰਥਕ ਨੇ ਧਰਨੇ ਉੱਤੇ ਬੈਠੇ ਇੱਕ ਪੱਕੇ ਰੰਗ ਦੇ ਆਗੂ ਵੱਲ ਉਂਗਲੀ ਕਰਦਿਆਂ ਕਿਹਾ ਕਿ ਇਹ ਐਸਸੀ ਵਰਗਾ ਹੀ ਹੈ। ਇਹ ਸੁਣ ਕੇ ਸਾਰੇ ਠਹਾਕਾ ਮਾਰ ਕੇ ਹੱਸਣ ਲੱਗ ਪਏ।ਵਫ਼ਦ ਨੇ ਦੱਸਿਆ ਕਿ ਜੋਜੋ ਨੇ ਦਲਿਤ ਭਾਈਚਾਰੇ ਪ੍ਰਤੀ ਆਪਣੀ ਅਪਮਾਨਜਨਕ ਵਤੀਰਾ ਜਾਰੀ ਰੱਖਦਿਆਂ ਇੱਕ ਹੋਰ ਆਗੂ ਵੱਲ ਉਂਗਲ ਕਰਦਿਆਂ ਕਿਹਾ ਕਿ ਇਹ ਤੇਰੇ ਤੋਂ ਵੀ ਕਾਲਾ ਹੈ।
ਇਹ ਟਿੱਪਣੀ ਕਰਦਿਆਂ ਕਿ ਨਿਰਾਦਰ ਕਰਨ ਵਾਲੀਆਂ ਅਜਿਹੀਆਂ ਟਿੱਪਣੀਆਂ ਲੋਕਾਂ ਦੇ ਸਾਹਮਣੇ ਅਤੇ ਦਲਿਤ ਭਾਈਚਾਰੇ ਦੇ ਮੈਂਬਰਾਂ ਦੀ ਮੌਜੂਦਗੀ ਵਿਚ ਕੀਤੀਆਂ ਗਈਆਂ ਸਨ, ਆਗੂਆਂ ਨੇ ਕਿਹਾ ਕਿ ਇਸ ਨਾਲ ਪੂਰੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਵੱਜੀ ਹੈ।
ਵਫ਼ਦ ਨੇ ਇਹ ਵੀ ਦੱਸਿਆ ਕਿ ਐਸਸੀ-ਐਸਟੀ ਜ਼ੁਲਮ ਰੋਕੂ ਸੋਧੇ ਐਕਟ, 2015 ਦੀਆਂ ਸੋਧੀਆਂ ਮਦਾਂ ਮੁਤਾਬਿਕ ਦਲਿਤ ਭਾਈਚਾਰੇ ਦੀ ਚਮੜੀ ਦੇ ਰੰਗ ਨੂੰ ਆਧਾਰ ਬਣਾ ਕੇ ਉੁਹਨਾਂ ਨਾਲ ਵਿਤਕਰਾ ਕਰਨਾ ਅਤੇ ਪੂਰੇ ਭਾਈਚਾਰੇ ਦਾ ਮਜ਼ਾਕ ਉਡਾਉਣਾ ਇਕ ਬਹੁਤ ਹੀ ਗੰਭੀਰ ਅਪਰਾਧ ਹੈ, ਜਿਸ ਵਾਸਤੇ ਦੋਸ਼ੀਆਂ ਲਈ ਸਖ਼ਤ ਸਜ਼ਾ ਇੰਤਜ਼ਾਮ ਹੈ।
ਸ਼ਿਕਾਇਤ ਵਿਚ ਇਹ ਵੀ ਦੱਸਿਆ ਗਿਆ ਕਿ ਇਸ ਸ਼ਰਮਨਾਕ ਘਟਨਾ ਮਗਰੋਂ ਕਾਂਗਰਸ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਰਿਵਾਰ ਦੀ ਜਾਗੀਰਦਾਰੀ ਸੋਚ ਨੰਗੀ ਹੋ ਗਈ ਹੈ। ਉਹਨਾਂ ਕਿਹਾ ਕਿ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਇੱਕ ਅਜਿਹੇ ਇੱਕਠ ਵਿਚ ਦਲਿਤਾਂ ਦਾ ਅਪਮਾਨ ਕੀਤਾ ਗਿਆ ਹੈ, ਜਿਹੜਾ ਕਿ ਵਿੱਤ ਮੰਤਰੀ ਦੇ ਇਸ਼ਾਰੇ ਉੱਤੇ ਦਲਿਤਾਂ ਦਾ ਸਮਰਥਨ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਵਫਦ ਨੇ ਕਿਹਾ ਕਿ ਇਹ ਮਾਮਲਾ ਇੱਕ ਮਿਸਾਲ ਬਣ ਗਿਆ ਹੈ, ਕਿਉਂਕਿ ਇਹ ਅਪਮਾਨਜਨਕ ਟਿੱਪਣੀਆਂ ਉਹਨਾਂ ਜਨਤਕ ਅਹੁਦੇਦਾਰਾਂ ਵੱਲੋਂ ਕੀਤੀਆਂ ਗਈਆਂ ਸਨ, ਜਿਹਨਾਂ ਤੋਂ ਦਲਿਤ ਭਾਈਚਾਰੇ ਦੀ ਰਾਖੀ ਕੀਤੇ ਜਾਣ ਦੀ ਉਮੀਦ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ ਗੁਲਸ਼ਨ, ਜਸਟਿਸ ਸੇਵਾ ਮੁਕਤ ਨਿਰਮਲ ਸਿੰਘ, ਦਰਸ਼ਨ ਸਿੰਘ ਸ਼ਿਵਾਲਿਕ, ਡਾਕਟਰ ਸੁਖਵਿੰਦਰ ਕੁਮਾਰ, ਬਲਦੇਵ ਖਹਿਰਾ, ਐਸਆਰ ਕਲੇਰ ਅਤੇ ਦੇਸਰਾਜ ਧੁੱਗਾ ਵੀ ਹਾਜ਼ਿਰ ਸਨ।